ਨਹਿਰੀ ਵਿਭਾਗ `ਚ ਲੋਕਾਂ ਨੂੰ ਕੰਮ ਮਿਲਣ ਦਾ ਕੀਤਾ ਜਾ ਰਿਹਾ ਹੈ ਦਾਅਵਾ
ਹਰਚੋਵਾਲ (ਗੁਰਦਾਸਪੁਰ), 2 ਸਤੰਬਰ (ਪੰਜਾਬ ਪੋਸਟ- ਗਗਨਦੀਪ ਸਿੰਘ ਰਿਆੜ) – ਘਰ ਘਰ ਹਰ ਪਰਿਵਾਰ ਦੇ ਇੱਕ ਮੈਬਰ ਨੂੰ ਰੁਜਗਾਰ ਦੇ ਤੌਰ `ਤੇ ਨਹਿਰੀ ਵਿਭਾਗ ਪੱਕੀ ਨੌਕਰੀ `ਤੇ ਕੰਮ ਕਰਨ ਦੇ ਨਾਂਅ ਹੇਠ ਕੁੱਝ ਨੌਸਰਬਾਜ਼ਾਂ ਵਲੋਂ ਲੋਕਾਂ ਦੇ ਧੜਾ ਧੜ ਫਾਰਮ ਭਰ ਕੇ ਉਨਾਂ ਕੋਲੋਂ ਹਜਾਰਾਂ ਰੁਪਏ ਠੱਗੇ ਜਾਣ ਦੀਆਂ ਖਬਰਾਂ ਹਨ।ਫਾਰਮ ਭਰਨ ਵਾਲੇ ਅਨਪੜ ਲੋਕਾਂ ਨੂੰ ਪ੍ਰਤੀ ਮਹੀਨੇ ਦੀ ਤਨਖਾਹ ਹਜ਼ਾਰਾਂ ਰੁਪਏ ਦੱਸੀ ਜਾ ਰਹੀ ਹੈ।ਸੂਚਨਾ ਅਨੁਸਾਰ ਗਰੀਬ ਲੋਕਾਂ ਵਲੋ ਰੁਜਗਾਰ ਮਿਲਣ ਦੀ ਲਾਲਸਾ ਇੰਨੀ ਜਿਆਦਾ ਵਧ ਗਈ ਹੈ ਕਿ ਇੱਕ ਘਰ ਦੀ ਛੱਤ ਹੇਠ ਇਕੱਠੇ ਰਹਿੰਦੇ ਹੋਏ ਵੀ ਲੋਕ ਆਪੋ ਆਪਣੇ ਬਚਿਆਂ ਦੇ ਅੱਡ ਅੱਡ ਫਾਰਮ ਭਰ ਰਹੇ ਹਨ।ਸੂਚਨਾ ਅਨੁਸਾਰ ਫਾਰਮ ਭਰਨ ਵਾਲੇ ਲੋਕਾਂ ਕੋਲੋਂ ਇਕ ਫਾਰਮ ਲਈ ਪ੍ਰਤੀ ਜੀਅ 270 ਰੁਪਏ ਤੋ ਲੈ ਕੇ 300 ਰੁਪਏ ਤੱਕ ਵਸੂਲ ਰਹੇ ਹਨ।ਇਸ ਤਰਾਂ ਗਰੀਬ ਲੋਕਾਂ ਪਾਸੋ ਹੁਣ ਤੱਕ ਹਜਾਰਾਂ ਰੁਪਏ ਠੱਗੇ ਜਾ ਚੁੱਕੇ ਹਨ ।
ਪ੍ਰਾਪਤ ਜਾਣਕਾਰੀ ਅਨੁਸਾਰ ਕਸਬਾ ਹਰਚੋਵਾਲ ਦੇ ਅੰਦਰ ਗਰੀਬ ਤਬਕੇ ਦੇ ਲੋਕਾਂ ਨੂੰ ਪ੍ਰਤੀ ਦਿਨ ਰੁਜਗਾਰ ਦੇਣ ਦੇ ਨਾਅ ਹੇਠ ਗਰੀਬ ਲੋਕਾਂ ਦੇ ਫਾਰਮ ਭਰੇ ਜਾ ਰਹੇ ਹਨ।ਲੋਕਾਂ ਵਲੋਂ ਇਹ ਦਸਿਆ ਜਾ ਰਿਹਾ ਹੈ ਕਿ ਉਨਾਂ ਦੇ ਮਹੁੱਲੇ `ਚ ਪਿਛਲੇ ਇਕ ਹਫਤੇ ਤੋ ਜਿਆਦਾ ਸਮਾਂ ਹੋ ਗਿਆ ਪਿੰਡ ਦੇ ਨੋਜਵਾਨਾਂ ਨੂੰ ਨਹਿਰੀ ਵਿਭਾਗ `ਚ ਰੁਜ਼ਗਾਰ ਮਹੱਈਆ ਕਰਾਉਣ ਦੇ ਨਾਅ ਹੇਠ ਫਾਰਮ ਭਰਨ ਵਾਲੇ 270 ਰੁਪਏ ਤੋ ਲੈ ਕੇ 300 ਰੁਪਏ ਵਸੂਲ ਰਹੇ ਹਨ ਅਤੇ ਲੋਕ ਬਿਨਾਂ ਪੜਤਾਲ ਕੀਤੇ ਫਾਰਮ ਭਰਨ ਲਈ ਇਹ ਲੋਕ ਪੈਸੇ ਦੇ ਰਹੇ ਹਨ।ਹਰਚੋਵਾਲ ਦੇ ਇੱਕ ਵਸਨੀਕ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਦਸਿਆ ਹੈ ਕਿ ਫਾਰਮ ਭਰਨ ਵਾਲਿਆਂ ਵਲੋਂ ਆਖਿਆ ਜਾ ਰਿਹਾ ਹੈ ਕਿ ਨਹਿਰੀ ਵਿਭਾਗ ਦੇ ਐਸ.ਡੀ.ਓ ਨੂੰ ਇਹੇ ਫਾਰਮ ਇਕ ਦੋ ਦਿਨਾਂ `ਚ ਜਮਾਂ ਕਰਵਾ ਦੇਣੇ ਹਨ।ਜਿੰਨਾਂ ਦੇ ਫਾਰਮ ਜਮਾਂ ਹੋ ਗਏ, ਉਨਾਂ ਵਿਚੋਂ ਜਿੰਨਾਂ ਕੰਮ ਨਹੀਂ ਕਰਨਾ ਉਹਨਾਂ ਦੇ ਅਕਾਊਂਟ `ਚ ਪੰਜ ਹਜਾਰ ਰੁਪਏ ਪੈਣੇ ਹਨ।ਜਿਹਨਾਂ ਨੇ ਪ੍ਰਤੀ ਦਿਨ ਕੰਮ ਕਰਨਾ ਹੈ ਉਹਨਾਂ ਨੂੰ 280 ਰੁਪਏ ਪ੍ਰਤੀ ਦਿਨ ਦੇ ਹਿਸਾਬ ਮਿਲਣੇ ਹਨ ਜੋ 8680 ਰੁਪਏ ਬਣਦੇ ਹਨ।ਹਰਚੋਵਾਲ ਤੋ ਇਲਾਵਾ ਭਾਮੜੀ, ਬਸਰਵਾਂ ਆਦਿ ਪਿੰਡਾਂ ਤੋਂ ਵੀ ਫਾਰਮ ਭਰਨ ਲਈ ਭਾਰੀ ਗਿਣਤੀ `ਚ ਲੋਕ ਆ ਰਹੇ ਹਨ, ਜਿਸ ਨਾਲ ਇਹਨਾਂ ਦੀ ਚਾਂਦੀ ਬਣੀ ਹੋਈ ਹੈ ।
ਕੀ ਕਹਿੰਦੇ ਹਨ ਹਰਚੋਵਾਲ ਦੇ ਸਰਪੰਚ ਗੁਰਨੇਕ ਸਿੰਘ
ਜਦ ਕਸਬਾ ਹਰਚੋਵਾਲ ਦੇ ਸਰਪੰਚ ਗੁਰਨੇਕ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਆਖਿਆ ਕੇ ਜਦ ਇਸ ਤਰਾਂ ਦੀ ਕੋਈ ਸਹੂਲਤ ਆਉਦੀ ਤਾਂ ਮਹਿਕਮਾ ਪਹਿਲਾਂ ਪੰਚਾਇਤ ਨੂੰ ਜਾਣਕਾਰੀ ਦਿੰਦਾ ਹੈ, ਪਰ ਉਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀ ਹੈ।ਇਕ ਪਿੰਡ ਦੇ ਵਿਅਕਤੀ ਪ੍ਰਦੀਪ ਸਿੰਘ ਬੇਦੀ ਉਨਾਂ ਪਾਸ ਹਰਚੋਵਾਲ ਦੇ ਵਿਅਕਤੀਆਂ ਦੀਆਂ 80 ਦੇ ਕਰੀਬ ਫਾਈਲਾਂ ਲੈ ਆਇਆ ਤੇ ਆਖਿਆ ਕਿ ਇਹਨਾਂ ਲੋਕਾਂ ਨੂੰ ਨਹਿਰੀ ਵਿਭਾਗ ਨੇ ਰੁਜਗਾਰ ਦੇਣਾ ਹੈ।ਇਸ ਲਈ ਤਸਦੀਕ ਕਰ ਦਿਉ।ਉਸ ਦੇ ਕਹਿਣ `ਤੇ ਸਾਰੀਆਂ ਫਾਈਲਾਂ `ਤੇ ਮੋਹਰ ਲਾ ਦਿੱਤੀ।ਬਾਕੀ ਉਨਾਂ ਨੂੰ ਲੋਕਾਂ ਪਾਸੋ ਪੈਸੇ ਲੈਣ ਦੇਣ ਸਬੰਧੀ ਕੋਈ ਜਾਣਕਾਰੀ ਨਹੀ ਹੈ।
ਕੀ ਕਹਿਣਾ ਹੈ ਸਾਬਕਾ ਪੰਚਾਇਤ ਅਫਸਰ ਤਰਸੇਮ ਸਿੰਘ ਦਾ
ਜਦ ਸਾਬਕਾ ਪੰਚਾਇਤ ਅਫਸਰ ਤਰਸੇਮ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾ ਆਖਿਆ ਕਿ ਰੁਜਗਾਰ ਸਬੰਧੀ ਕੋਈ ਜਾਣਕਾਰੀ ਸਰਕਾਰ ਵਲੋਂ ਆਉਂਦੀ ਹੈ ਤਾਂ ਮਹਿਕਮੇ ਵਲੋ ਸਰਕਾਰੀ ਕਰਮਚਾਰੀ ਦੀ ਡਿਉਟੀ ਲਗਾਈ ਜਾਂਦੀ ਹੈ।ਫਾਰਮ ਭਰਨ ਲਈ ਆਂਗਣਵਾੜੀ, ਪੰਚਾਇਤ ਅਧਿਕਾਰੀ ਆਦਿ ਦੀ ਜਿੰਮੇਦਾਰੀ ਹੁੰਦੀ ਹੈ।ਇਹ ਫਾਰਮ ਭਰਨ ਕੋਈ ਪੈਸਾ ਨਹੀ ਲਿਆ ਜਾਂਦਾ ਜੇਕਰ ਕੋਈ ਇਸ ਤਰਾਂ ਪੈਸੇ ਵਸੂਲ ਰਿਹਾ ਹੈ ਤਾਂ ਸਮਝੋ ਲੋਕਾਂ ਨਾਲ ਭਾਰੀ ਠੱਗੀ ਹੋ ਰਹੀ ਹੈ, ਜਿਸ ਦੀ ਉਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।ਜਦ ਨਹਿਰੀ ਵਿਭਾਗ ਉੱਚ ਆਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ ਕੀਤੀ ਤਾਂ ਸੰਪਰਕ ਨਹੀ ਹੋ ਸਕਿਆ।
ਇਸੇ ਦੌਰਾਨ ਪਿੰਡ ਵਾਸੀਆਂ ਨੇ ਡਿਪਟੀ ਕਮਿਸ਼ਨਰ, ਸਿਵਲ ਪ੍ਰਸਾਸ਼ਨ ਦੇ ਉੱਚ ਅਧਿਕਾਰੀਆਂ ਪਾਸੋ ਮੰਗ ਕੀਤੀ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ।
Check Also
ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ
ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …
Punjab Post Daily Online Newspaper & Print Media