Monday, August 24, 2026

20-20 ਸਾਲ ਤੋਂ ਨੌਕਰੀ ਕਰਦੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੀਤਾ ਫਾਰਗ

ਬਠਿੰਡਾ, 10 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਬਠਿੰਡਾ ਛਾਉਣੀ ਵਿਖੇ ਐਮ.ਈ.ਐਸ. ਵਿਚ ਪਿਛਲੇ 20 ਸਾਲ ਤੋਂ ਠੇਕੇ ਤੇ ਕੰਮ ਕਰਦੇ ਕਰਮਚਾਰੀਆਂ ਨੂੰ ਨੌਕਰੀ ਤੋਂ ਹਟਾਉਣ ਦੇ ਵਿਰੋਧ ਵਿਚ ਐਮ.ਈ.ਐਸ ਕੰਟਰੈਕਟਰ ਮਜ਼ਦੂਰ ਯੂਨੀਅਨ ਸੀਟੂ ਦੇ ਬੈਨਰ ਹੇਠ ਠੇਕਾ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਸੰਬੰਧੀ ਚਿਲਡਰਨ ਪਾਰਕ ਵਿਖੇ ਪ੍ਰਧਾਨ ਰਾਮ ਸਿੰਘ ਅਤੇ ਜਨਰਲ ਸੈਕਟਰੀ ਕਮਲਦੀਪ ਸ਼ਰਮਾਂ ਦੀ ਅਗਵਾਈ ਹੇਠ ਮੀਟਿੰਗ ਕਰਦਿਆਂ ਯੂਨੀਅਨ ਆਗੂਆਂ ਨੇ  ਅਧਿਕਾਰੀਆਂ ਨੂੰ ਮੰਗ ਪੱਤਰ ਭੇਜ ਕੇ ਹਟਾਏ ਗਏ ਕਰਮਚਾਰੀਆਂ ਨੂੰ ਬਿਨਾਂ ਸ਼ਰਤ ਤੋਂ ਬਹਾਲ ਕਰਨ ਦੀ ਮੰਗ ਕੀਤੀ।
ਇਸ ਮੌਕੇ ਜੁਆਇੰਟ ਸੈਕਟਰੀ ਇੰਦਰਜੀਤ ਸਿੰਘ ਅਤੇ ਰਾਮ ਸਿੰਘ ਨੇ ਦੱਸਿਆ ਕਿ ਪਿਛਲੇ 20 ਸਾਲਾਂ ਤੋਂ ਬਠਿੰਡਾ ਛਾਉਣੀ ਵਿਖੇ ਐਮ.ਈ.ਐਸ. ਵਿਚ ਵੱਖਾਵੱਖ ਆਸਾਮੀਆਂ ’ਤੇ ਕਰਮਚਾਰੀ ਕੰਮ ਕਰਦੇ ਆ ਰਹੇ ਹਨ ਜਿਨਾਂ ਨੂੰ ਮਹਿਕਮੇ ਨੇ ਹਾਲੇ ਤੱਕ ਪੱਕੇ ਕਰਨ ਦੀ ਕੋਈ ਨੀਤੀ ਨਹੀਂ ਬਣਾਈ ਸਗੋਂ ਉਨਾਂ ਨੂੰ ਆਨੇ ਬਹਾਨੇ ਨੌਕਰੀ ਤੋਂ ਕੱਢਣ ਦੀਆਂ ਨੀਤੀਆਂ ਬਣਾਈਆਂ ਜਾ ਰਹੀਆਂ ਹਨ।ਉਨਾਂ ਦੱਸਿਆ ਕਿ ਹੁਣ ਵਾਟਰ ਸਪਲਾਈ ਦੇ ਤਿੰਨ ਕਰਮਚਾਰੀਆਂ ਨੂੰ ਬਿਨਾਂ ਕਾਰਨ ਨੌਕਰੀ ਤੋਂ ਹਟਾ ਕੇ ਠੇਕੇਦਾਰਾਂ ਅਤੇ ਐਮ.ਈ.ਐਸ ਅਧਿਕਾਰੀਆਂ ਨੇ ਮੁਲਾਜਮ ਮਾਰੂ ਨੀਤੀ ਦਾ ਆਪਣਾ ਚਿਹਰਾ ਨੰਗਾ ਕਰ ਦਿੱਤਾ ਹੈ, ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਉਨਾਂ ਆਖਿਆ ਕਿ ਜੋ 20-20 ਸਾਲ ਤੋਂ ਠੇਕੇ ਤੇ ਕਰਮਚਾਰੀ ਕੰਮ ਕਰਦੇ ਹਨ ਉਨਾਂ ਨੂੰ ਹਟਾਇਆ ਜਾ ਰਿਹਾ ਹੈ ਜਦੋਂ ਕਿ ਬਿਨਾਂ ਤਜਰਬੇ ਤੋਂ ਅਣਜਾਣ ਕਰਮਚਾਰੀ ਰੱਖੇ ਜਾ ਰਹੇ ਹਨ ਜਿਸ ਨਾਲ ਕਿਸੇ ਵੀ ਵੇਲੇ ਅਣਹੋਣੀ ਘਟਨਾ ਵਾਪਰ ਸਕਦੀ ਹੈ।ਆਗੂਆਂ ਨੇ ਅੱਗੇ ਦੱਸਿਆ ਕਿ ਜਿਥੇ ਪੱਕੀ ਆਸਾਮੀ ਤੇ ਠੇਕਾ ਕਰਮਚਾਰੀ ਕੰਮ ਕਰਦੇ ਹਨ ਉਨਾਂ ਨੂੰ ਪੱਕੇ ਮੁਲਾਜਮਾਂ ਦੇ ਬਰਾਬਰ ਤਨਖਾਹ ਦੇਣ ਲਈ ਬੇਸ਼ੱਕ ਮਾਨਯੋਗ ਸੁਪਰੀਮ ਕੋਰਟ ਨੇ ਵੱਖ ਵੱਖ ਅਦਾਰਿਆਂ ’ਚ ਕੰਮ ਕਰਦੇ ਠੇਕਾ ਅਤੇ ਕੱਚੇ ਮੁਲਾਜਮਾਂ ਨੂੰ ਬਰਾਬਰ ਕੰਮ ਬਰਾਬਰ ਤਨਖਾਹ ਦੇਣ ਦੇ ਹੁਕਮ ਜਾਰੀ ਕੀਤੇ ਹਨ, ਪਰ ਐਮ.ਈ.ਐਸ ਮਹਿਕਮੇ ਨੇ ਅਜੇ ਤੱਕ ਇਸ ਫੈਸਲੇ ਨੂੰ ਲਾਗੂ ਨਹੀਂ ਕੀਤਾ ਜਿਸ ਕਰਕੇ ਕਰਮਚਾਰੀਆਂ ਅੰਦਰ ਭਾਰੀ ਰੋਸ਼ ਹੈ ਸੀਟੂ ਆਗੂ ਇੰਦਰਜੀਤ ਸਿੰਘ ਨੇ ਆਖਿਆ ਕਿ ਹਟਾਏ ਕਰਮਚਾਰੀਆਂ ਨੂੰ ਜਲਦੀ ਬਹਾਲ ਨਾ ਕੀਤਾ ਤਾਂ ਉਹ ਹੋਰ ਭਰਾਤਰੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਠੇਕੇਦਾਰਾਂ ਖਿਲਾਫ਼ ਧਰਨਾ ਲਾ ਦੇਣਗੇ ਅਤੇ ਮਾਣਯੋਗ ਅਦਾਲਤ ਦਾ ਵੀ ਦਰਵਾਜਾ ਖੜਕਾਇਆ ਜਾਵੇਗਾ ਜਿਸ ਦੀ ਸਾਰੀ ਜਿੰਮੇਵਾਰੀ ਠੇਕੇਦਾਰਾਂ ਤੇ ਐਮ.ਈ.ਐਸ ਅਧਿਕਾਰੀਆਂ ਦੀ ਹੋਵੇਗੀ।ਇਸ ਮੌਕੇ ਇਕਬਾਲ ਸਿੰਘ, ਅਸ਼ੋਕ ਅਤੇ ਚਰਨਜੀਤ ਹੈਪੀ ਵੀ ਹਾਜਰ ਸਨ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …

Leave a Reply