ਪਠਾਨਕੋਟ, 10 ਸਤੰਬਰ (ਪੰਜਾਬ ਪੋਸਟ ਬਿਊਰੋ) – ਜ਼ਿਲਾ ਪਠਾਨਕੋਟ ਨਾਲ ਸੰਬੰਧਤ ਤਿੰਨ ਪ੍ਰੋਜੈਕਟਾਂ (ਫਾਰਮ ਟੂ ਹੋਮ, ਐਕਟਿਵ ਬਲੱਡ ਕੰਟਰੀਬਿਊਟਰ ਅਤੇ
ਮੇਕ ਇੰਨ ਪੰਜਾਬ) ਨੂੰ ਬੇਹਤਰ ਕਾਰਗੁਜ਼ਾਰੀ ਲਈ ਸਕਾਚ ਫਾਉਂਡੇਸ਼ਨ ਗੁਰੂਗਰਾਮ ਵੱਲੋਂ ਨਵੀਂ ਦਿੱਲੀ ਸਥਿਤ ਕਾਨਸਟੀਚਿਊਸ਼ਨ ਕਲੱਬ ਵਿੱਚ ਕਰਵਾਏ ਵਿਸ਼ੇਸ਼ ਸਮਾਰੋਹ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਨੂੰ ਸਕਾਚ ਆਰਡਰ ਆਫ ਮੈਰਿਟ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਸਮੇਂ ਉਨਾਂ ਦੇ ਨਾਲ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਅਤੇ ਸ੍ਰੀ ਸਾਂਈ ਕਾਲਜ ਬਧਾਨੀ ਦੇ ਪ੍ਰੋਫੇਸਰ ਇੰਜ.ਅਮਨ ਠਾਕੁਰ ਹਾਜ਼ਰ ਸਨ।ਇਸ ਸਮਾਰੋਹ ਵਿੱਚ ਕੇਂਦਰੀ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਨਰਿੰਦਰ ਕੁਮਾਰ ਤੋਮਰ ਮੱੁਖ ਮਹਿਮਾਨ ਵੱਜੋਂ ਸ਼ਾਮਿਲ ਹੋਏ।ਸਮਾਰੋਹ ਵਿੱਚ ਸਕਾਚ ਫਾਉਂਡੇਸ਼ਨ ਗੁਰੂਗਰਾਮ ਦੇ ਚੇਅਰਮੈਨ ਸ਼੍ਰੀ ਸਮੀਰ ਕੋਚਰ ਤੋਂ ਇਲਾਵਾ ਦੇਸ਼ ਭਰ ਤੋਂ 300 ਤੋਂ ਵੱਧ ਪ੍ਰਸ਼ਾਸ਼ਿਨਕ ਅਧਿਕਾਰੀ ਸ਼ਾਮਿਲ ਹੋਏ।
ਜ਼ਿਲਾ ਪਠਾਨਕੋਟ ਦੀ ਇਸ ਪ੍ਰਾਪਤੀ ਬਾਰੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਨੇ ਦੱਸਿਆ ਕਿ ਜ਼ਿਲਾ ਪਠਾਨਕੋਟ ਪੰਜਾਬ ਦਾ ਅਜਿਹਾ ਜ਼ਿਲਾ ਹੈ ਜਿਸ ਦੀਆ ਸਮੱਸਿਆਵਾਂ ਬਾਕੀ ਪੰਜਾਬ ਦੇ ਜ਼ਿਲਿਆਂ ਨਾਲੋਂ ਬਿੱਲਕੁਲ ਭਿੰਨ ਹਨ।ਉਨਾਂ ਦੱਸਿਆ ਕਿ ਇਸ ਜ਼ਿਲੇ ਦੇ ਬਹੁਤੇ ਕਿਸਾਨ ਛੋਟੇ ਅਤੇ ਸੀਮਾਂਤ ਹਨ ਜਿੰਨਾਂ ਨੂੰ ਫਸਲੀ ਤਕਨੀਕਾਂ ਬਾਰੇ ਪੂਰੀ ਜਾਣਕਾਰੀ ਨਾਂ ਹੋਣ ਅਤੇ ਭੁਗੋਲਿਕ ਸਥਿਤੀਆਂ ਭਿੰਨ ਹੋਣ ਕਾਰਨ ਪ੍ਰਤੀ ਏਕੜ ਪੈਦਾਵਾਰ ਬਾਕੀ ਪੰਜਾਬ ਨਾਲੋਂ ਕਾਫੀ ਘੱਟ ਹੈ ਜਿਸ ਕਾਰਨ ਕਿਸਾਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਉਨਾਂ ਦੱਸਿਆਂ ਕਿ ਖੇਤੀਬਾੜੀ ਵਿਭਾਗ ਵੱਲੋਂ ਖੇਤੀ ਨਾਲ ਸੰਬੰਧਤ ਸਮੱਸਿਆਂਵਾਂ ਨੂੰ ਸੁਚੀਬੱਧ ਕਰਕੇ ਅਤੇ ਸਮੱਸਿਆਵਾਂ ਦੇ ਹੱਲ ਕਰਨ ਲਈ ਯੋਜਨਾਬੰਦੀ ਕਰਕੇ ਯਤਨ ਕੀਤੇ ਜਾ ਰਹੇ।ਉਨਾਂ ਦੱਸਿਆ ਕਿ ਇਨਾਂ ਯਤਨਾਂ ਵਿੱਚ ਇੱਕ ਯਤਨ ਫਾਰਮ ਟੂ ਹੋਮ ਅਤੇ ਕਿਸਾਨ ਬਾਜ਼ਾਰ ਪ੍ਰੋਜੈਕਟ ਰਾਹੀ ਖੇਤੀ ਜਿਨਸਾਂ ਦੇ ਸੁਚੱਜੇ ਮੰਡੀਕਰਨ ਦਾ ਪ੍ਰਬੰਧ ਕਰਨਾ ਹੈ।ਉਨਾਂ ਦੱਸਿਆ ਕਿ ਸਾਲ 2016 ਦੌਰਾਨ ਸ਼ੁਰੂ ਕੀਤੇ ਫਾਰਮ ਟੂ ਹੋਮ ਅਤੇ ਕਿਸਾਨ ਬਾਜ਼ਾਰ ਪ੍ਰੋਜੈਕਟ ਨਾਲ ਕਿਸਾਨਾਂ ਵਿੱਚ ਖਪਤਕਾਰਾਂ ਦੀ ਜ਼ਰੂਰਤ ਨੂੰ ਮੁੱਖ ਰੱਖਦਿਆਂ ਖੇਤੀ ਫਸਲਾਂ ਦੀ ਪੈਦਾਵਾਰ ਕਰਨ ਬਾਰੇ ਜਾਗਰੁਕਤਾ ਵਧੀ ਹੈ, ਜਿਸ ਨਾਲ ਕਿਸਾਨ ਨਵੀਆਂ ਸਬਜੀਆਂ ਅਤੇ ਫਸਲਾਂ ਦੀ ਖੇਤੀ ਕਰਨ ਨੂੰ ਪਹਿਲ ਦੇ ਰਹੇ ਹਨ।
ਉਨਾਂ ਦੱਸਿਆ ਕਿ ਐਮਰਜੈਂਸੀ ਸਿਹਤ ਸਹੂਲਤਾਂ ਲਈ ਖੁਨ ਦੀ ਪੂਰਤੀ ਲਈ ਜ਼ਿਲੇ ਨੂੰ ਆਤਮਨਿਰਭਰ ਬਨਾਉਣ ਲਈ ਆਨ ਲਾਈਨ ਖੁੂ ਦੀ ਪ੍ਰਾਪਤੀ ਦੀ ਸਹੂਲਤ ਦੇਣ ਲਈ ਐਕਟਿਵ ਬਲੱਡ ਕੰਟਰੀਬਿਊਟਰ ਨਾਮ ਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਜਿਸ ਵਿੱਚ ਤਕਰੀਬਨ 5 ਹਜਾਰ ਤੋਂ ਜਿਆਦਾ ਮੈਂਬਰ ਰਜਿਸਟਰਡ ਹੋ ਚੁੱਕੇ ਹਨ। ਉਨਾਂ ਦੱਸਿਆ ਕਿ ਕੋਈ ਵੀ ਜ਼ਿਲਾ ਪਠਾਨਕੋਟ ਦਾ ਵਾਸੀ ਐਕਟਿਵ ਬਲੱਡ ਕੰਟਰੀਬਿਊਟਰ ਵੈਬਸਾਈਟ ਜਾਂ ਮੋਬਾਇਲ ਐਪ `ਤੇ ਜਾ ਕੇ ਆਪਣਾ ਨਾਮ ਖੁਨ ਦਾਨ ਕਰਨ ਲਈ ਐਮਰਜੈਂਸੀ ਸਮੇਂ ਖੁਨ ਪ੍ਰਾਪਤੀ ਲਈ ਪੰਜੀਕਿ੍ਰਤ ਹੋ ਸਕਦਾ ਹੈ।ਉਨਾਂ ਸ਼ਹਿਰਵਾਸੀਆਂ ਖਾਸ ਕਰਕੇ ਨੌਜਵਾਨ ਕੁੜੀਆਂ ਮੁੰਡਿਆਂ ਨੂੰ ਇਸ ਕਾਰਜ ਵਿੱਚ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ।
ਉਨਾਂ ਦਸਿਆ ਕਿ ਜ਼ਿਲੇ ਅੰਦਰ ਘਰੇਲੂ ਗ੍ਰਹਿਣੀਆਂ ਵੱਲੋਂ ਸਵੈ ਸਹਾਇਤਾ ਸਮੂਹ ਬਣਾ ਕੇ ਘਰੇ ਹੀ ਕਈ ਤਰਾਂ ਦੀਆ ਵਸਤੂਆਂ ਤਿਆਰ ਕੀਤੀਆਂ ਜਾਂਦੀਆਂ ਹਨ ਪਰ ਇਨਾਂ ਵਸਤਾਂ ਦਾ ਉੱਚਿਤ ਭਾਅ ਨਾਂ ਮਿਲਣ ਕਾਰਨ ਉਨਾਂ ਨੂੰ ਕਾਫੀ ਨਿਰਾਸ਼ਤਾ ਦਾ ਸਾਹਮਣਾ ਪੈਂਦਾ ਸੀ।ਉਨਾਂ ਦੱਸਿਆ ਕਿ ਇਸ ਸਮੱਸਿਆ ਦੇ ਹੱਲ ਲਈ ਮੇਕ ਇੰਨ ਪੰਜਾਬ ਨਾਮ ਦੀ ਵੈਬਸਾਈਟ ਲਾਂਚ ਕੀਤੀ ਗਈ ਹੈ ਜਿਸ ਦਾ ਮੁੱਖ ਮਕਸਦ ਸਵੈ ਸਹਾਇਤਾ ਸਮੂਹਾਂ ਨੂੰ ਤਿਆਰ ਕੀਤੀਆਂ ਵਸਤਾਂ ਦੇ ਸੁਚੱਜੇ ਮੰਡੀਕਰਨ ਲਈ ਸਹੂਲਤ ਪਰਦਾਨ ਕਰਨਾ ਹੈ।ਉਨਾਂ ਦੱਸਿਆ ਕਿ ਇਨਾਂ ਯਤਨਾਂ ਸਦਕਾ ਜ਼ਿਲਾ ਪਠਾਨਕੋਟ ਨੂੰ ਇਹ ਮਾਣ ਸਨਮਾਨ ਮਿਲਿਆ ਹੈ। ਉਨਾਂ ਸਮੂਹ ਅਧਿਕਾਰੀਆਂ,ਕਿਸਾਨਾਂ ਅਤੇ ਸ਼ਹਿਰ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਤਿਾ ਜਿੰਨਾਂ ਨੇ ਵੋਟਿੰਗ ਵਿੱਚ ਹਿੱਸਾ ਲੈ ਕੇ ਇਨਾਂ ਤਿੰਨਾਂ ਪ੍ਰੋਜੈਕਟਾਂ ਨੂੰ ਇਸ ਮੁਕਾਮ ਤੱਕ ਪਹੁੰਚਾਇਆ ਅਤੇ ੳਹ ਭਵਿੱਖ ਵਿੱਚ ਵੀ ਸਮੂਹ ਜ਼ਿਲਾ ਵਾਸੀ ਇਸੇ ਤਰਾਂ ਸਹਿਯੋਗ ਦਿੰਦੇ ਰਹਿਣਗੇ। ਉਨਾਂ ਇਸ ਮੋਕੇ ਤੇ ਜਿਲਾ ਪਠਾਨਕੋਟ ਦੇ ਲੋਕਾਂ ਨੂੰ ਵਧਾਈ ਵੀ ਦਿੱਤੀ।
Check Also
ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …
Punjab Post Daily Online Newspaper & Print Media