ਨਵੀਂ ਦਿੱਲੀ, 12 ਸਤੰਬਰ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੱਦੇ ਉੱਤੇ ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ 13-14 ਸਤੰਬਰ 2017
ਨੂੰ ਭਾਰਤ ਦੇ ਸਰਕਾਰੀ ਦੌਰੇ ‘ਤੇ ਆ ਰਹੇ ਹਨ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਅਤੇ ਜਪਾਨ ਦੇ ਪ੍ਰਧਾਨ ਮੰਤਰੀ, ਸ਼ਿੰਜ਼ੋ ਆਬੇ ਗੁਜਰਾਤ ਵਿੱਚ 14 ਸਤੰਬਰ ਨੂੰ ਗਾਂਧੀ ਨਗਰ ਦੇ ਮਹਾਤਮਾ ਮੰਦਰ ਵਿਖੇ 12ਵੀਂ ਭਾਰਤ-ਜਪਾਨ ਸਾਂਝੀ ਸਿਖਰ ਮੀਟਿੰਗ ਕਰਨਗੇ। ਦੋਵੇਂ ਆਗੂ ਇਸ ਮੌਕੇ `ਤੇ ਮੀਡੀਆ ਨੂੰ ਬਿਆਨ ਵੀ ਦੇਣਗੇ। ਉਸੇ ਦਿਨ ਹੀ ਭਾਰਤ-ਜਪਾਨ ਕਾਰੋਬਾਰ ਪਲੈਨਰੀ (ਸੰਪੂਰਨ) ਸੈਸ਼ਨ ਵੀ ਹੋਣਾ ਹੈ।
ਇਹ ਪ੍ਰਧਾਨ ਮੰਤਰੀ ਮੋਦੀ ਅਤੇ ਪ੍ਰਧਾਨ ਮੰਤਰੀ ਆਬੇ ਦਰਮਿਆਨ ਚੌਥੀ ਸਲਾਨਾ ਸਿਖਰ ਮੀਟਿੰਗ ਹੋਵੇਗੀ। ਦੋਵੇਂ ਆਗੂ ਭਾਰਤ ਅਤੇ ਜਪਾਨ ਦਰਮਿਆਨ ਉਨ੍ਹਾਂ ਦੀ ‘ਸਪੈਸ਼ਲ ਸਟ੍ਰੈਟਜਿਕ ਐਂਡ ਗਲੋਬਲ ਪਾਰਟਨਰਸ਼ਿਪ’ ਅਧੀਨ ਚਲ ਰਹੇ ਬਹੁ-ਪੱਖੀ ਸਹਿਯੋਗ ਵਿੱਚ ਹੋਈ ਪ੍ਰਗਤੀ ਦਾ ਜਾਇਜ਼ਾ ਲੈਣਗੇ ਅਤੇ ਭਵਿੱਖ ਦੀ ਦਿਸ਼ਾ ਤੈਅ ਕਰਨਗੇ। ਦੋਵੇਂ ਆਗੂ ਅਹਿਮਦਾਬਾਦ ਅਤੇ ਮੁੰਬਈ ਦਰਮਿਆਨ ਪਹਿਲੇ ਹਾਈ ਸਪੀਡ ਰੇਲ ਪ੍ਰੋਜੈਕਟ ਦੀ ਸ਼ੁਰੂਆਤ ਲਈ ਆਯੋਜਿਤ ਸਮਾਰੋਹ ਵਿੱਚ 14 ਸਤੰਬਰ ਨੂੰ ਸ਼ਾਮਲ ਹੋਣਗੇ। ਇਹ ਗੱਡੀ ਦੋਹਾਂ ਸ਼ਹਿਰਾਂ ਦਰਮਿਆਨ ਦੀ ਯਾਤਰਾ ਦੇ ਸਮੇਂ ਨੂੰ ਬਹੁਤ ਘੱਟ ਕਰ ਦੇਵੇਗੀ। ਜਪਾਨ ਨੂੰ ਹਾਈਸਪੀਡ ਨੈੱਟਵਰਕ ਵਿੱਚ ਮੁਹਾਰਤ ਹਾਸਲ ਹੈ ਅਤੇ ਇਸ ਦੀ ਸ਼ਿਨਕਾਨਸੇਨ ਬੁਲਟ ਟ੍ਰੇਨ ਦੁਨੀਆ ਦੀ ਸਭ ਤੋਂ ਤੇਜ਼ ਚਲਣ ਵਾਲੀਆਂ ਗੱਡੀਆਂ ਵਿੱਚ ਸ਼ਾਮਲ ਹੈ। ਅਹਿਮਦਾਬਾਦ ਸ਼ਹਿਰ ਵਿੱਚ ਪ੍ਰਧਾਨ ਮੰਤਰੀ ਆਬੇ ਦਾ ਸਵਾਗਤ 13 ਸਤੰਬਰ ਨੂੰ ਇੱਕ ਵਿਸ਼ਾਲ ਨਾਗਰਿਕ ਅਭਿਨੰਦਨ ਵਿੱਚ ਕੀਤਾ ਜਾਵੇਗਾ ਜਿਸ ਵਿੱਚ ਕਈ ਪ੍ਰੋਗਰਾਮ ਹੋਣਗੇ। ਦੋਵੇਂ ਪ੍ਰਧਾਨ ਮੰਤਰੀ ਮਹਾਤਮਾ ਗਾਂਧੀ ਵੱਲੋਂ ਸਾਬਰਮਤੀ ਦਰਿਆ ਦੇ ਕੰਢੇ ‘ਤੇ ਸਥਾਪਤ ਕੀਤੇ ਗਏ ਸਾਬਰਮਤੀ ਆਸ਼ਰਮ ਦਾ ਦੌਰਾ ਵੀ ਕਰਨਗੇ। ਉਹ ਉਸ ਤੋਂ ਬਾਅਦ ਅਹਿਮਦਾਬਾਦ ਵਿੱਚ ਸਥਿਤ 16ਵੀਂ ਸਦੀ ਵਿੱਚ ਸਥਾਪਤ ‘ਸੀਦੀ ਸੱਯਦ ਨੀ ਜਾਲੀ’ ਦੀ ਇਤਿਹਾਸਕ ਮਸੀਤ ਦਾ ਵੀ ਦੌਰਾ ਕਰਨਗੇ। ਉਹ ਡਾਂਡੀ ਕੁਟੀਰ ਵਿਖੇ ਵੀ ਜਾਣਗੇ ਜੋ ਕਿ ਮਹਾਤਮਾ ਮੰਦਰ ਵਿੱਚ ਬਣਾਇਆ ਗਿਆ ਮਹਾਤਮਾ ਗਾਂਧੀ ਨੂੰ ਸਮਰਪਿਤ ਇੱਕ ਅਜਾਇਬ ਘਰ ਹੈ।
Punjab Post Daily Online Newspaper & Print Media