ਪਠਾਨਕੋਟ, 12 ਸਤੰਬਰ (ਪੰਜਾਬ ਪੋਸਟ ਬਿਊਰੋ) – ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਦੇਸ਼ ਭਰ ਵਿੱਚ ਫਸਲਾਂ ਦੀ ਰਹਿੰਦ ਖੂੰਹਦ ਨੂੰ ਖੁੱਲੇ ਵਿੱਚ ਸਾੜਣ ਤੇ ਲਗਾਈ ਪਾਬੰਦੀ ਦੇ ਮੱਦੇਨਜ਼ਰ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਅੱਗ ਲਗਾ ਕੇ ਸਾੜਨ ਨਾਲ ਹੋਣ ਵਾਲੇ ਨੁਕਸਾਨ ਬਾਰੇ ਜਾਗਰੁਕ ਕਰਨ ਲਈ ਜ਼ਿਲਾ ਪਠਾਨਕੋਟ ਵਿੱਚ ਖੇਤੀਬਾੜੀ ਵਿਭਾਗ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ, ਜੋ ਅਕਤੂਬਰ ਮਹੀਨੇ ਤੱਕ ਜਾਰੀ ਰਹੇਗੀ।ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ (ਆਈ.ਏ.ਐਸ) ਨੇ ਦੱਸਿਆ ਕਿ ਪਠਾਨਕੋਟ ਜ਼ਿਲੇ ਵਿੱਚ ਤਕਰੀਬਨ 27000 ਹੈਕਟੇਅਰ ਰਕਬੇ ਵਿੱਚ ਝੋਨੇ ਅਤੇ ਬਾਸਮਤੀ ਦੀ ਕਾਸ਼ਤ ਕੀਤੀ ਜਾਂਦੀ ਹੈ, ਜਿਸ ਤੋਂ ਤਕਰੀਬਨ ਇੱਕ ਲੱਖ ਪਝੰਤਰ ਹਜ਼ਾਰ ਪੰਜ ਸੌ ਟਨ ਪਰਾਲੀ ਪੈਦਾ ਹੋਣ ਦੀ ਸੰਭਾਵਨਾ ਹੈ।ਉਨਾਂ ਦਸਿਆ ਕਿ ਪਿਛਲੇ ਜ਼ਿਲਾ ਪ੍ਰਸ਼ਾਸ਼ਣ, ਖੇਤੀਬਾੜੀ ਵਿਭਾਗ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਕੀਤੇ ਸਾਂਝੇ ਯਤਨਾਂ ਸਦਕਾ ਜ਼ਿਲਾ ਪਠਾਨਕੋਟ ਅੰਦਰ ਕੋਈ ਵੀ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਸਾੜਨ ਦਾ ਵਾਕਿਆ ਸਾਹਮਣੇ ਨਹੀਂ ਸੀ ਆਇਆ।
ਉਨਾਂ ਦੱਸਿਆ ਕਿ ਸਾਰੀ ਦੀ ਸਾਰੀ ਪਰਾਲੀ ਪਸ਼ੂ ਪਾਲਕਾਂ ਨੂੰ ਔਸਤਨ 4200/- ਪ੍ਰਤੀ ਹੈਕਟੇਅਰ ਵੇਚ ਕੇ, ਕਿਸਾਨਾਂ ਨੂੰ ਤਕਰੀਬਨ 11 ਕਰੋੜ 34 ਲੱਖ ਰੁਪਏ ਦਾ ਵਿੱਤੀ ਫਾਇਦਾ ਹੋਇਆ ਸੀ।ਉਨਾਂ ਦੱਸਿਆ ਕਿ ਝੋਨੇ ਦੀ ਫਸਲ ਲਗਭਗ ਪੱਕ ਕੇ ਤਿਆਰ ਹੋ ਗਈ ਹੈ, ਖਾਸ ਕਰਕੇ ਪੀ ਆਰ-126 ਕਿਸਮ, ਜਿਸ ਤੋਂ ਖੇਤੀਬਾੜੀ ਵਿਭਾਗ ਵਲੋਂ ਕੀਤੇ ਯਤਨਾਂ ਅਤੇ ਕਿਸਾਨਾਂ ਦੀ ਮਿਹਨਤ ਸਦਕਾ ਬੰਪਰ ਫਸਲ ਪੈਦਾ ਹੋਣ ਦੀ ਸੰਭਾਵਨਾ ਹੈ।
ਸ੍ਰੀਮਤੀ ਨੀਲਿਮਾ ਨੇ ਦੱਸਿਆ ਕਿ ਝੋਨੇ ਦਾ ਸਰਕਾਰੀ ਖ੍ਰੀਦ ਮੁੱਲ 590/- ਪ੍ਰਤੀ ਕੁਇੰਟਲ ਹੈ ਅਤੇ ਜੇਕਰ ਕਿਤੇ ਵੀ ਕੋਈ ਆੜਤੀ ਇਸ ਮੁੱਲ ਤੋਂ ਘੱਟ ਝੋਨੇ ਦਾ ਮੁੱਲ ਲਾਉਂਦਾ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।ਉਨਾ ਦੱਸਿਆ ਕਿ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾਂ ਸਾੜਣ ਬਾਰੇ ਜਾਗਰੁਕ ਕਰਨ ਲਈ ਜ਼ਿਲੇ ਅੰਦਰ ਪਿੰਡ ਪੱਧਰ ਤੇ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਖੇਤੀਬਾੜੀ ਵਿਭਾਗ ਦੇ ਅਧਿਕਾਰੀ /ਕਰਮਚਾਰੀ ਪਿੰਡ ਪੱਧਰ ਤੇ ਕਿਸਾਨਾਂ ਤੱਕ ਪਹੁੰਚ ਕਰਕੇ ਕਿਸਾਨਾਂ ਨੂੰ ਵਾਤਾਵਰਣ ਸਾਫ ਰੱਖਣ ਲਈ ਝੋਨੇ ਦੀ ਪਰਾਲੀ ਨੂੰ ਅੱਗ ਨਾਂ ਲਗਾਉਣ ਬਾਰੇ ਜਾਗਰੁਕ ਕਰ ਰਹੇ ਹਨ ਤਾਂ ਜੋ ਪਿਛਲੇ ਸਾਲ ਦੀ ਤਰਾਂ ਜ਼ਿਲਾ ਪਠਾਨਕੋਟ ਨੂੰ ਧੂੰਆ ਮੁਕਤ ਰੱਖਿਆ ਜਾ ਸਕੇ।ਉਨਾਂ ਕਿਹਾ ਕਿ ਜੋ ਵੀ ਪੰਚਾਇਤ ਪਿੰਡ ਵਿੱਚ ਝੋਨੇ ਦੀ ਪਰਾਲੀ ਨੂੰ ਨਾਂ ਸਾੜ ਕੇ ਹਵਾ ਦੇ ਪ੍ਰਦੂਸ਼ਣ ਨੂੰ ਰੋਕਣ ਬਾਰੇ ਮਤੇ ਪਾਸ ਕਰਕੇ ਬੇਹਤਰ ਕੰਮ ਕਰੇਗੀ, ਉਸ ਪੰਚਾਇਤ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।
ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜ਼ਮੀਨ ਦੀ ਸਿਹਤ ਬਰਕਰਾਰ ਰੱਖਣ ਅਤੇ ਹਵਾ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਝੋਨੇ ਦੀ ਕਟਾਈ ਤੋਂ ਬਾਅਦ ਖੇਤਾਂ ਵਿੱਚ ਪਰਾਲੀ ਨੂੰ ਅੱਗ ਨਾਂ ਲਗਾਉਣ।ਉਨਾਂ ਦੱਸਿਆ ਕਿ ਜ਼ਿਲਾ ਪ੍ਰਸ਼ਾਸ਼ਣ ਵੱਲੋਂ ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਲਈ ਪਿੰਡ ਡੇਅਰੀਵਾਲ ਵਿੱਚ ਗਊਸ਼ਾਲਾ (ਕੈਟਲ ਪਾਉਂਡ) ਬਣਾਇਆ ਗਿਆ ਹੈ।ਜਿਸ ਵਿੱਚ ਇਸ ਵਕਤ ਤਕਰੀਬਨ 350 ਪਸ਼ੂਆਂ ਦੀ ਸੰਭਾਲ ਕੀਤੀ ਜਾ ਰਹੀ ਹੈ।ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਕਿਸਾਨ, ਪਰਾਲੀ ਨੂੰ ਅੱਗ ਲਗਾਉਣ ਦੀ ਬਜ਼ਾਏ ਗਊਸ਼ਾਲਾ ਵਿੱਚ ਦਾਨ ਜਾਂ ਵੇਚ ਵੀ ਸਕਦਾ ਹੈ, ਜਿਸ ਵਾਸਤੇ ਪਸ਼ੂ ਪਾਲਣ ਵਿਭਾਗ ਜਾਂ ਕਾਰਪੋਰੇਸ਼ਨ ਦੇ ਅਧਿਕਾਰੀਆਂ / ਕਰਮਚਾਰੀਆਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ
ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …
Punjab Post Daily Online Newspaper & Print Media