ਅੰਮ੍ਰਿਤਸਰ, 13 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਇਤਿਹਾਸਿਕ ਖਾਲਸਾ ਕਾਲਜ ਦੇ ਕੈਂਪਸ ’ਚ ਸਥਿਤ ਗੁਰਦੁਆਰਾ ਸਾਹਿਬ ਵਿਖੇ 11
ਸਤੰਬਰ ਤੋਂ ਆਰੰਭ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦਾ ਭੋਗ ਪੈਣ ਉਪਰੰਤ ਭਾਰੀ ਦੀਵਾਨ ਸਜਿਆ।ਕਾਲਜ ਵਿਖੇ ਨਵੇਂ ਅਕਾਦਮਿਕ ਸੈਸ਼ਨ ਸਾਲ 2017-18 ਦੀ ਸ਼ੁਰੂਆਤ ਸਬੰਧੀ ‘ਆਰੰਭਕ ਅਰਦਾਸ ਦਿਵਸ’ ਮੌਕੇ ਉਚੇਚੇ ਤੌਰ ’ਤੇ ਹਾਜ਼ਰੀ ਲਗਾਉਣ ਪੁੱਜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਗੁਰਮਤਿ ਵਿਚਾਰਾਂ ਰਾਹੀਂ ਗੁਰੂ ਸਾਹਿਬਾਨਾਂ ਦੁਆਰਾ ਵਿੱਦਿਆ ਦੀ ਮਹਾਨਤਾ ’ਤੇ ਕਥਾ ਕਰਕੇ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ।
ਗੁਰਬਾਣੀ ਕੀਰਤਨ ਪ੍ਰਸਿੱਧ ਕੀਰਤਨੀਏ ਭਾਈ ਸਤਿੰਦਰਬੀਰ ਸਿੰਘ ਹਜ਼ੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਕੀਤਾ ਗਿਆ।ਜਿਸ ਦੌਰਾਨ ਉਨ੍ਹਾਂ ਰੱਬੀ ਬਾਣੀ ਦਾ ਇਲਾਹੀ ਕੀਰਤਨ ਸੁਣਾਕੇ ਰੂਹਾਨੀ ਮਾਹੌਲ ਸਿਰਜਿਆ ਅਤੇ ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਅਰਦਾਸੀਏ ਭਾਈ ਸਾਹਿਬ ਕੁਲਵਿੰਦਰ ਸਿੰਘ ਨੇ ਅਰਦਾਸ ਕੀਤੀ।
ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਜੀਵਨ ਦੀ ਹਰੇਕ ਚੁਣੌਤੀ ਦਾ ਡੱਟ ਕੇ ਮੁਕਾਬਲਾ ਕਰਨ ਲਈ ਪ੍ਰੇਰਿਤ ਕੀਤਾ ਤੇ ਕਿਹਾ ਕਿ ਇਕ ਕਾਬਿਲ ਵਿਦਿਆਰਥੀ ਹੀ ਦੇਸ਼ ਅਤੇ ਸਮਾਜ ’ਚ ਬਦਲਾਅ ਲਿਆਉਂਦਾ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਸੰਸਾਰਿਕ ਪੜ੍ਹਾਵਾਂ ’ਤੇ ਗੱਲ ਕਰਦਿਆਂ ਕਿਹਾ ਕਿ ਸੁੱਖ ਅਤੇ ਦੁੱਖ ਜੀਵਨ ਦੇ ਦੋ ਪਹਿਲੂ ਹਨ ਅਤੇ ਜ਼ਿੰਦਗੀ ’ਚ ਗਈ ਤਰ੍ਹਾਂ ਦੇ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ ਪਰ ਇਹ ਨਹੀਂ ਕਿ ਸੁੱਖ ਵੇਲੇ ਦਲੇਰੀ ਹੋਵੇ ਤੇ ਦੁੱਖ ਵੇਲੇ ਮਾਨਸਿਕਤਾ ਦਾ ਸ਼ਿਕਾਰ ਹੋ ਜਾਵੋ।ਉਨ੍ਹਾਂ ਇਸ ਮੌਕੇ ਸੰਸਾਰਿਕ ਵਿੱਦਿਆ ਤੋਂ ਇਲਾਵਾ ਧਾਰਮਿਕ ਤੇ ਅਧਿਆਤਿਮਕ ਵਿੱਦਿਆ ਗ੍ਰਹਿਣ ਕਰਨ ’ਤੇ ਜ਼ੋਰ ਦਿੱਤਾ।
ਇਸ ਮੌਕੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਚੰਗੀ ਪੜ੍ਹਾਈ ਕਰਕੇ ਗਿਆਨ ਪ੍ਰਾਪਤ ਕਰਨ ਉਪਰੰਤ ਸੰਤੋਖ ਤੇ ਵਿਚਾਰ ਦਾ ਜੀਵਨ ਦੀ ਪ੍ਰੇਰਣਾ ਦਿੱਤੀ।ਉਨ੍ਹਾਂ ਦੁਨਿਆਵੀ ਅਤੇ ਅਧਿਆਤਿਮਕ ਵਿੱਦਿਆ ’ਤੇ ਵਿਸਥਾਰਪੂਰਵਕ ਚਾਨਣਾ ਪਾਇਆ।ਉਨ੍ਹਾਂ ਇਸ ਮੌਕੇ ਛੀਨਾ ਅਤੇ ਕਾਲਜ ’ਚ ਹਰੇਕ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਸਮੇਂ ਕੀਤੀ ਅਰਦਾਸ ਪ੍ਰੰਪਰਾ ਨੂੰ ਸਰਾਹਇਆ।
ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਆਏ ਹੋਏ ਮਹਿਮਾਨਾਂ, ਅਧਿਆਪਕਾਂ, ਸਮੂਹ ਸਟਾਫ਼ ਤੇ ਵਿਦਿਆਰਥੀਆਂ ਦਾ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਆਯੋਜਿਤ ਕਰਨ ’ਤੇ ਉਨ੍ਹਾਂ ਦਾ ਧੰਨਵਾਦ ਕੀਤਾ।ਸਟੇਜ ਦੀ ਭੂਮਿਕਾ ਇੰਦਰਜੀਤ ਸਿੰਘ ਗੋਗੋਆਣੀ ਨੇ ਬਾਖੂਬੀ ਨਿਭਾਈ।ਕਾਲਜ ਦੇ ਵਿਦਿਆਰਥੀਆਂ ਨੇ ਵੀ ਸ਼ਬਦ ਗਾਇਨ ਕਰਕੇ ਆਈ ਹੋਈ ਸੰਗਤ ਨੂੰ ਗੁਰੂ ਲੜ ਲਾਇਆ।
ਇਸ ਮੌਕੇ ਜੁਆਇੰਟ ਸਕੱਤਰ ਰਾਜਬੀਰ ਸਿੰਘ, ਸਰਦੂਲ ਸਿੰਘ ਮੰਨਣ, ਮੈਂਬਰ ਹਰਮਿੰਦਰ ਸਿੰਘ, ਖਾਲਸਾ ਕਾਲਜ ਆਫ਼ ਐਜੂਕੇਸ਼ਨ ਪ੍ਰਿੰਸੀਪਲ ਡਾ. ਜੇ.ਐਸ ਢਿੱਲੋਂ, ਖ਼ਾਲਸਾ ਕਾਲਜ ਆਫ਼ ਲਾਅ ਪ੍ਰਿੰਸੀਪਲ ਡਾ. ਜਸਪਾਲ ਸਿੰਘ, ਖ਼ਾਲਸਾ ਕਾਲਜ ਆਫ਼ ਫ਼ਾਰਮੇਸੀ ਪ੍ਰਿੰਸੀਪਲ ਆਰ.ਕੇ ਧਵਨ, ਖਾਲਸਾ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਪ੍ਰਿੰਸੀਪਲ ਡਾ. ਅਮਰਪਾਲ ਸਿੰਘ, ਖਾਲਸਾ ਕਾਲਜ ਆਫ਼ ਐਜੂਕੇਸ਼ਨ, ਰਣਜੀਤ ਐਵੀਨਿਊ ਪ੍ਰਿੰਸੀਪਲ ਡਾ. ਸੁਰਿੰਦਰਪਾਲ ਕੌਰ ਢਿੱਲੋਂ, ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਨਿਰਮਲ ਸਿੰਘ ਭੰਗੂ, ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਪ੍ਰਿੰਸੀਪਲ ਨਾਨਕ ਸਿੰਘ ਸਮੂਹ ਕਾਲਜ ਸਟਾਫ਼ ਤੋਂ ਇਲਾਵਾ ਵਿਦਿਆਰਥੀਆਂ ਨੇ ਹਾਜ਼ਰੀ ਲਵਾਈ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media