ਸਮਰਾਲਾ, 14 ਸਤੰਬਰ (ਪੰਜਾਬ ਪੋਸਟ- ਕੰਗ)- ਅਸੀਂ ਹਰ ਆਏ ਰੋਜ਼ ਅਖਬਾਰਾਂ, ਮੀਡੀਏ ’ਚ ਪੜਦੇ ਸੁਣਦੇ ਆ ਰਹੇ ਹਾਂ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਫਿਰਕੂ ਜਾਬਰ ਤਾਕਤਾਂ ਹਾਕਮਾਂ ਦੀ ਸਰਪ੍ਰਸਤੀ ਹੇਠ ਪੱਤਰਕਾਰਾਂ, ਲੇਖਕਾਂ, ਸਾਹਿਤਕਾਰਾਂ, ਬੁੱਧਜੀਵੀਆਂ, ਤਰਕਸ਼ੀਲਾਂ, ਲੋਕ-ਪੱਖੀ ਆਗੂਆਂ ਦੀ ਕਲਮ ਦੀ ਆਜ਼ਾਦੀ ਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਹੱਕੀ ਅਵਾਜ਼ ਕੁਚਲਣ ਲਈ ਕਾਤਲਾਨਾ ਹਮਲੇ ਤੇ ਦੁਰਵਿਵਹਾਰ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਰਹੀਆਂ ਹਨ। ਕੁਝ ਦਿਨ ਪਹਿਲਾਂ ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਜੋ ਕਿ ਹਫਤਾਵਾਰੀ ਮੈਗਜ਼ੀਨ ’ਲੰਕੇਸ਼ ਪੱਤਿ੍ਰਕਾ’ ਦੀ ਸੰਚਾਲਕ ਸੀ, ਦਾ ਕਰਨਾਟਕਾ ‘ਚ ਬੰਗਲੂਰ ਵਿਖੇ ਉਸ ਦੇ ਘਰ ਵਿੱਚ ਹੀ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ। ਜਿਸ ਦੀ ਪੁਰਜ਼ੋਰ ਨਿੰਦਾ ਕੀਤੀ ਜਾਂਦੀ ਹੈ। ਲੋਕ ਵਿਰੋਧੀ ਤਾਕਤਾਂ ਵੱਲੋਂ ਲੰਕੇਸ਼ ਦੇ ਕਤਲ ਸਬੰਧੀ ਹਾਕਮਾਂ ਵੱਲੋਂ ਅਸਲ ਦੋਸ਼ੀਆਂ ਨੂੰ ਗਿ੍ਰਫ਼ਤਾਰ ਕਰਨ ਦੀ ਵਿਜਾਏ ਕਤਲ ਦਾ ਦੋਸ਼ ਨਕਸਲਵਾੜੀਆਂ ਸਿਰ ਮੜਨ ਦੀ ਗੁੰਮਰਾਹਕੁੰਨ ਸਾਜਿਸ਼ ਰਚੀ ਜਾ ਰਹੀ ਹੈ ਜਦ ਕਿ ਗੌਰੀ ਲੰਕੇਸ਼ ਲਗਾਤਾਰ ਇਨਸਾਫ ਪਸੰਦ ਤੇ ਧਰਮ ਨਿਰਪੱਖ ਹੋਣ ਦੇ ਨਾਤੇ ਹਿੰਦੂਤਵ ਫਿਰਕੂ ਫਾਸੀ ਤਾਕਤਾਂ ਦਾ ਦਲੇਰੀ ਨਾਲ ਵਿਰੋਧ ਕਰਦੀ ਆ ਰਹੀ ਸੀ। ਉਹ ਹਮੇਸ਼ਾਂ ਲੋਕਾਂ ਦੀ ਭਾਈਚਾਰਕ ਸਾਂਝ ਦੀ ਮੁਦੱਈ ਰਹੀ। ਉਸ ਨੇ ਗੁਜਰਾਤ ਦੇ ਪੱਤਰਕਾਰ ਰਾਣਾ ਅਯੂਵ ਦੀ ਕਿਤਾਬ ‘ਗੁਜਰਾਤ ਫਾਈਲ’ (ਜਿਸ ਵਿੱਚ ਗੁਜਰਾਤ ’ਚ ਹੋਏ ਮੋਦੀ ਸਰਕਾਰ ਵੇਲੇ ਫਿਰਕੂ ਦੰਗਿਆਂ ਰਾਹੀਂ ਘੱਟ ਗਿਣਤੀਆਂ ਨਾਲ ਧੱਕੇ ਅਤੇ ਜ਼ਬਰ ਦਾ ਜ਼ਿਕਰ ਕੀਤਾ ਹੈ), ਨੂੰ ਕੰਨੜ ਭਾਸ਼ਾ ’ਚ ਅਨੁਵਾਦ ਕੀਤਾ ਸੀੇ। ਰਾਣਾ ਅਯੂਵ ਨੇ ਗੌਰੀ ਦੇ ਕਤਲ ਸਬੰਧੀ ਕਿਹਾ, ਕਿ ਗੌਰੀ ਲੰਕੇਸ਼ ਦਾ ਕਤਲ ਉਹਨਾਂ ਲੋਕਾਂ ਦਾ ਕੰਮ ਹੈ ਜੋ ਉਸਦੀ ਅਵਾਜ਼ ਤੋਂ ਡਰਦੇ ਹਨ’’ ਪਿਛਲੇ ਦੋ ਸਾਲਾਂ ਤੋਂ ਉਸ ਨੂੰ ਫਿਰਕੂ ਜਥੇਬੰਦੀਆਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਕਲਮ ਤੇ ਹੱਕੀ ਅਵਾਜ਼ ਨੂੰ ਕੁਚਲਣ ਲਈ ਕੀਤੀ ਗਈ ਇਹ ਘਨੌਣੀ ਘਟਨਾ ਕੋਈ ਇਕੱਲੀ ਕਹਿਰੀ ਘਟਨਾ ਨਹੀਂ ਹੈ ਸਗੋੋਂ ਪਿਛਲੇ ਲੰਮੇਂ ਸਮੇਂ ਤੋਂ ਫਿਰਕੂ ਫਾਸਿਸਟਾਂ ਦੁਆਰਾ ਅਨੇਕਾਂ ਘਟਨਾਵਾਂ ਨੂੰ ਦੇਸ਼ ਦੇ ਵੱਖ-ਵੱਖ ਖੇਤਰਾਂ ’ਚ ਅੰਜ਼ਾਮ ਦਿੱਤਾ ਗਿਆ ਹੈ। ਕਲਬੁਰਗੀ, ਦਭੋਲਕਰ, ਗੋਬਿੰਦ ਪਨਸਾਰੇ, ਅਕਸ਼ੇ ਸਿੰਘ, ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ। ਏਥੋਂ ਤੱਕ ਕਿ 2015 ’ਚ ਸੰਦੀਪ ਕੋਠਾਰੀ (ਮੱਧ-ਪ੍ਰਦੇਸ਼) ਤੇ ਉੱਤਰ ਪ੍ਰਦੇਸ਼ ’ਚ ਸਾਹਜਹਾਂਪੁਰ ਪੱਤਰਕਾਰਾਂ ਨੂੰ ਜਾਬਰ ਤਾਕਤਾਂ ਨੇ ਜ਼ਿੰਦਾ ਜਲਾ ਦਿੱਤਾ ਸੀ। ਇਸੇ ਤਰਾਂ ਅੱਤਵਾਦ ਦੇ ਦੌਰ ਵਿੱਚ ਪੰਜਾਬ ਵਿੱਚ ਖਾਲਿਸਤਾਨੀ ਦਹਿਸ਼ਤਗਰਦਾਂ ਵੱਲੋਂ ਅਵਤਾਰ ਪਾਸ਼, ਜੈਮਲ ਪੱਡਾਂ, ਬਲਦੇਵ ਮਾਨ, ਸੁਖਰਾਜ ਖੱਦਰ ਤੇ ਹੋਰ ਬਹਤੁ ਸਾਰੇ ਲੋਕ ਪੱਖੀ ਕਵੀਆਂ ਤੇ ਆਗੂਆਂ ਮੇਘਰਾਜ ਭਗਤੂਆਣਾਂ, ਜਗਪਾਲ ਸਿੰਘ, ਨਿਧਾਨ ਸਿੰਘ ਘੁਡਾਣੀ ਦੇੇ ਕਤਲ ਕੀਤੇ ਗਏ। ਇਸੇ ਤਰਾਂ ਹੱਕਾਂ ਲਈ ਸੰਘਰਸ਼ ਕਰਦੇ ਲੋਕਾਂ ਤੇ ਹਕੂਮਤੀ ਤੇ ਫਿਰਕੂ ਜਬਰ ਢਾਇਆ ਗਿਆ। ਆਦਿਵਾਸੀ ਤੇ ਉੱਤਰ ਪੂਰਬ ਇਲਾਕਿਆਂ ’ਚ ਜਮੀਨਾਂ ਦੀ ਰਾਖੀ ਤੇ ਸਵੈਨਿਰਨੇ ਦੇ ਹੱਕੀ ਸੰਘਰਸ਼ ਕਰਦੇ ਲੋਕਾਂ ’ਤੇੇ ਹੋ ਰਹੇ ਹਰ ਕਿਸਮ ਦੇ ਜਬਰ ਖਿਲਾਫ ਅਵਾਜ਼ ਬੁਲੰਦ ਕਰਨ ਵਾਲੇ ਪੱਤਰਕਾਰਾਂ, ਬੁੱਧੀਜੀਵੀਆਂ ਤੇ ਜਮਹੂਰੀ ਸ਼ਕਤੀਆਂ ਨੂੰ ਦੇਸ਼ ਤੇ ਸੂਬੇ ਦੇ ਲੋਕ ਵਿਰੋਧੀ ਹਾਕਮਾਂ ਵੱਲੋਂ ਜ਼ਬਰ ਦਾ ਸ਼ਿਕਾਰ ਬਣਾਇਆ ਗਿਆ। ਕਾਲੇ ਕਾਨੂੰਨਾਂ ਅਤੇ ਧਰਾਵਾਂ ਤਹਿਤ ਉਹਨਾਂ ਤੇ ਝੂਠੇ ਕੇਸ ‘ਦੇਸ ਧਰੋਹੀ’ ਦੇ ਮੜਕੇ ਜੇਲਾਂ ’ਚ ਬੰਦ ਕੀਤਾ ਗਿਆ। ਪ੍ਰੋ. ਸਾਂਈ ਬਾਬਾ ਤੇ ਹੋਰ ਲੋਕਪੱਖੀ ਪੱਤਰਕਾਰ ਅੱਜ ਵੀ ਜੇਲਾਂ ’ਚ ਕੈਦ ਕੀਤੇ ਹੋਏ ਹਨ। ਪੰਜਾਬ ’ਚ ਕੁਝ ਸਮਾਂ ਪਹਿਲਾਂ ਫਿਰਕੂ ਤਾਕਤਾਂ ਵੱਲੋਂ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਨਾਂ ਥੱਲੇਂ ਲੇਖਕਾਂ, ਸਾਹਿਤਕਾਰਾਂ ਨੂੰ ਸ਼ੋਸ਼ਲ ਮੀਡੀਏ ਤੇ ਗਾਲੀ ਗਲੋਚ ਤੇ ਅਸ਼ਲੀਲ ਭਾਸ਼ਾ ਵਰਤਕੇ ਡਰਾਉਣ, ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਉਹਨਾਂ ’ਤੇ ਪੁਲਿਸ ਕੇਸ ਦਰਜ ਕਰਕੇ ਜੇਲ ’ਚ ਬੰਦ ਕੀਤਾ ਗਿਆ। ਲੇਖਕ ਦੀ ਕਿਸੇ ਵੀ ਲਿਖਤ ਨਾਲ ਸਹਿਮਤੀ/ਅਸਹਿਮਤੀ ਹੋਣੀ ਕਿਸੇ ਵੀ ਵਿਅਕਤੀ ਦੀ ਜ਼ਰੂਰੀ ਨਹੀਂ ਪਰ ਗੈਰ-ਜਮਹੂਰੀ ਤਾਕਤਾਂ ਵੱਲੋਂ ਕਿਸੇ ਵੀ ਤਰਾਂ ਦੇ ਜ਼ਬਰ ਨਾਲ ਲੇਖਕਾਂ, ਪੱਤਰਕਾਰਾਂ ਦੀ ਕਲਮ ਦੀ ਆਜ਼ਾਦੀ ਤੇ ਵਿਚਾਰ ਪ੍ਰਗਟਾਵੇ ਦੇ ਹੱਕ ਕੁਚਲਣ ਦਾ ਕੋਈ ਹੱਕ ਨਹੀਂ ਜਦ ਕਿ ਕਿਸੇ ਵੀ ਵਿਵਾਧਿਕ ਮਸਲੇ ਨੂੰ ਸੰਵਾਦ ਰਾਹੀਂ ਹੱਲ ਕੀਤਾ ਜਾਣਾ ਚਾਹੀਦਾ ਹੈ ਨਾਂ ਕਿ ਸ਼ੋਸ਼ਲ ਮੀਡੀਏ ਤੇ ਗੰਦੀ ਭਾਸ਼ਾ ਵਰਤ ਕੇ ਜਾਂ ਧਮਕੀਆਂ ਦੇ ਕੇ।
ਅੱਜ ਸਮੁੱਚੇ ਇਨਸਾਫ ਪਸੰਦ, ਧਰਮ ਨਿਰਪੱਖ, ਇਨਕਲਾਬੀ, ਜਮਹੂਰੀ ਤਾਕਤਾਂ, ਲੇਖਕਾਂ, ਪੱਤਰਕਾਰਾਂ, ਸਾਹਿਤਕਾਰਾਂ, ਬੁੱਧਜੀਵੀਆਂ ਵੱਲੋਂ ਇਹਨਾਂ ਲੋਕ ਦੁਸ਼ਮਣ ਹਿਟਲਰੀ ਤਾਕਤਾਂ ਦਾ ਭਾਈਚਾਰਕ ਸਾਂਝ ਨੂੰ ਕਾਇਮ ਰੱਖਦੇ ਹੋਏ ਇੱਕ ਜੁੱਟ ਹੋ ਕੇ ਟਾਕਰਾ ਕਰਨ ਲਈ ਸੰਘਰਸ਼ ਦੇ ਮੈਦਾਨ ’ਚ ਨਿਤਰਨ ਦੀ ਲੋੜ ਹੈ।
ਰੋਹਲੀ ਅਵਾਜ਼ ਬੁਲੰਦ ਕਰਨ ਤੇ ਗੌਰੀ ਲੰਕੇਸ਼ ਦੇ ਕਾਤਲਾਂ ਨੂੰ ਗਿ੍ਰਫਤਾਰ ਕਰਕੇ ਸਖਤ ਸਜਾ ਦਵਾਉਣ ਲਈ ਲੋਕ ਮੋਰਚਾ ਪੰਜਾਬ (ਇਕਾਈ ਸਮਰਾਲਾ) ਵੱਲੋਂ ਮਿਤੀ 20-09-17 ਨੂੰ 2.30 ਵਜੇ ਐਸ.ਡੀ.ਐਮ ਸਮਰਾਲਾ ਦੇ ਦਫਤਰ ਅੱਗੇ ਵਿਸ਼ਾਲ ਰੈਲੀ ਤੇ ਮਾਰਚ ਕੀਤਾ ਜਾਵੇਗਾ। ਆਪ ਸਭ ਨੂੰ ਸਮੇਂ ਸਿਰ ਪੁੱਜਣ ਦੀ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ।
Check Also
ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ
ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …
Punjab Post Daily Online Newspaper & Print Media