ਅੰਤਿਮ ਅਰਦਾਸ 24 ਸਤੰਬਰ ਨੂੰ ਚੰਡੀਗੜ੍ਹ ਵਿਖੇ ਹੋਵੇਗੀ
ਨਵੀਂ ਦਿੱਲੀ, 20 ਸਤੰਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਮਠਾਰੂ ਕਲ ਰਾਤ ਨੂੰ ਅਕਾਲ ਚਲਾਣਾ ਕਰ ਗਏ ਹਨ।ਜਿਸ ਕਰਕੇ ਉਨ੍ਹਾਂ ਦੇ ਸਨਮਾਨ ’ਚ ਅੱਜ ਦਿੱਲੀ ਵਿਖੇ ਕਮੇਟੀ ਦਫ਼ਤਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਚੰਡੀਗੜ੍ਹ ਦਫ਼ਤਰ ਨੂੰ ਅੱਜ ਬੰਦ ਰੱਖਿਆ ਗਿਆ।ਚੰਡੀਗੜ੍ਹ ਵਿਖੇ ਮਠਾਰੂ ਦੇ ਹੋਏ ਅੰਤਿਮ ਸੰਸਕਾਰ ਮੌਕੇ ਦਿੱਲੀ ਕਮੇਟੀ ਵੱਲੋਂ ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਭੋਗਲ, ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਅਤੇ ਸਾਬਕਾ ਕਮੇਟੀ ਮੈਂਬਰ ਮਹਿੰਦਰ ਸਿੰਘ ਭੋਲਾ ਤੇ ਜਸਬੀਰ ਸਿੰਘ ਕਾਕਾ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਮਠਾਰੂ ਦੇ ਪਰਿਵਾਰ ’ਚ ਦੋ ਲੜਕੇ ਹੋਣ ਦੀ ਗੱਲ ਦੱਸਦੇ ਹੋਏ ਜੀ.ਕੇ ਨੇ ਕਿਹਾ ਕਿ ਬਤੌਰ ਅਕਾਲੀ ਆਗੂ ਮਠਾਰੂ ਵੱਲੋਂ ਕੌਮ ਪ੍ਰਤੀ ਕੀਤੇ ਗਏ ਕਾਰਜਾਂ ਨੂੰ ਕੱਦੇ ਵੀ ਭੁਲਾਇਆ ਨਹੀਂ ਜਾ ਸਕਦਾ।24 ਵਰ੍ਹੇ ਤਕ ਦਿੱਲੀ ਕਮੇਟੀ ਮੈਂਬਰ ਰਹਿਣ ਵਾਲੇ ਮਠਾਰੂ ਨੇ ਬੇਸ਼ਕ ਢਾਈ ਵਰੇ੍ਹ ਹੀ ਕਮੇਟੀ ਪ੍ਰਧਾਨ ਵੱਜੋਂ ਸੇਵਾ ਨਿਭਾਈ ਸੀ, ਪਰ ਸਮਾਜ ਪ੍ਰਤੀ ਕੀਤੇ ਗਏ ਉਨ੍ਹਾਂ ਦੇ ਕੰਮ ਹਮੇਸ਼ਾ ਸਾਨੂੰ ਪ੍ਰੇਰੇਨਾ ਕਰਦੇ ਰਹਿਣਗੇ।
ਵਾਜਪਈ ਸਰਕਾਰ ਦੌਰਾਨ ਮਠਾਰੂ ਵਲੋਂ ਲਗਭਗ 6 ਵਰ੍ਹੇ ਕੌਮੀ ਪਿਛੜੀ ਜਾਤੀ ਕਮਿਸ਼ਨ ਦੇ ਚੇਅਰਮੈਨ ਵੱਜੋਂ ਨਿਭਾਈ ਗਈ ਭੂਮਿਕਾ ਨੂੰ ਜੀ.ਕੇ ਨੇ ਯਾਦਗਾਰੀ ਦੱਸਿਆ।ਜੀ.ਕੇ ਨੇ ਦੱਸਿਆ ਕਿ ਮਠਾਰੂ ਦੀ ਅੰਤਿਮ ਅਰਦਾਸ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸੈਕਟਰ-8 ਚੰਡੀਗੜ੍ਹ ਵਿਖੇ 24 ਸਤੰਬਰ ਐਤਵਾਰ ਨੂੰ ਹੋਵੇਗੀ ਜਿਸ ਵਿਚ ਪੰਥ ਦੀਆਂ ਕਈ ਸਖ਼ਸ਼ੀਅਤਾ ਹਾਜਰੀ ਭਰਨਗੀਆਂ।
Punjab Post Daily Online Newspaper & Print Media