ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਪ੍ਰਿੰਸੀਪਲਾਂ ਦੀ ਵਿਸ਼ੇਸ਼ ਇਕੱਤਰਤਾ
ਅੰਮ੍ਰਿਤਸਰ, 28 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸਬੰਧਤ ਸਾਰੇ ਕਾਲਜ ਯੂਨੀਵਰਸਿਟੀ ਦੀ ਸ਼ਾਨ
ਅਤੇ ਯੂਨੀਵਰਸਿਟੀ ਦਾ ਮਾਣ ਹਨ।ਜੇਕਰ ਸਾਡੇ ਕਾਲਜ ਵਿਕਾਸ ਕਰਨਗੇ ਤਾਂ ਯੂਨੀਵਰਸਿਟੀ ਦਾ ਵਿਕਾਸ ਵੀ ਯਕੀਨੀ ਹੈ।ਕਿਸੇ ਵੀ ਕਾਲਜ ਨੂੰ ਦਰਪੇਸ਼ ਸਮਸਿਆ ਦਾ ਹੱਲ ਯੂਨੀਵਰਸਿਟੀ ਨਿਯਮਾਂ ਅਨੁਸਾਰ ਪਹਿਲ ਦੇ ਆਧਾਰ ‘ਤੇ ਕੀਤਾ ਜਾਵੇਗਾ”।
ਇਹ ਵਿਚਾਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਨੇ ਯੂਨੀਵਰਸਿਟੀ ਦੇ ਕਾਲਜ ਵਿਕਾਸ ਕੌਂਸਲ ਵੱਲੋਂ ਕਰਵਾਈ ਗਈ ਪ੍ਰਿੰਸੀਪਲਾਂ ਦੀ ਵਿਸ਼ੇਸ਼ ਇਕੱਤਰਤਾ ਮੌਕੇ ਯੂਨੀਵਰਸਿਟੀ ਸੈਨੇਟ ਹਾਲ ਵਿਖੇ ਪੇਸ਼ ਕੀਤੇ।ਡੀਨ, ਅਕਾਦਮਿਕ ਮਾਮਲੇ, ਪ੍ਰੋ. ਕਮਲਜੀਤ ਸਿੰਘ, ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਤੋਂ ਇਲਾਵਾ ਸੌ ਤੋਂ ਵੱਧ ਵੱਖ ਵੱਖ ਸਬੰਧਤ ਕਾਲਜਾਂ ਦੇ ਪ੍ਰਿੰਸੀਪਲ ਹਾਜ਼ਰ ਸਨ।ਡੀਨ, ਕਾਲਜ ਵਿਕਾਸ ਕੌਂਸਲ, ਪ੍ਰੋ. ਆਰ.ਕੇ ਮਹਾਜਨ ਨੇ ਸਭ ਨੂੰ `ਜੀ ਆਇਆਂ` ਆਖਦੇ ਹੋਏ ਕਾਲਜ ਵਿਕਾਸ ਕੌਂਸਲ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।
ਪ੍ਰੋ. ਜਸਪਾਲ ਸਿੰਘ ਸੰਧੂ ਨੇ ਦੱਸਿਆ ਕਿ ਯੂਨੀਵਰਸਿਟੀ ਕਾਰਜ ਪ੍ਰਣਾਲੀ ਵਿਚ ਨਿਯਮਾਂ ਅਨੁਸਾਰ ਹੋਰ ਪਾਰਦਰਸ਼ਤਾ ਲਿਆਂਦੀ ਜਾਵੇਗੀ।ਯੂਨੀਵਰਸਿਟੀ ਵਲੋਂ ਬਹੁਤ ਸਾਰੇ ਵੈਬ ਪੋਰਟਲ ਲਾਂਚ ਕੀਤੇ ਜਾ ਰਹੇ ਹਨ ਜਿਨ੍ਹਾਂ ਦਾ ਲਾਭ ਯੂਨੀਵਰਸਿਟੀ ਤੇ ਕਾਲਜਾਂ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਪਹੁੰਚੇਗਾ।ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਈ-ਟ੍ਰਾਂਸਕ੍ਰਿਪਟ ਸਬੰਧੀ ਪੋਰਟਲ ਜਾਰੀ ਕੀਤਾ ਗਿਆ ਅਤੇ ਇਸ ਤੋਂ ਇਲਾਵਾ ਯੂਨੀਵਰਸਿਟੀ ਗੈਸਟ ਹਾਊਸ ਅਤੇ ਡਲਹੌਜ਼ੀ ਹੋਲੀਡੇਅ ਹੋਮ ਸਬੰਧੀ ਆਨਲਾਈਨ ਬੁਕਿੰਗ ਪੋਰਟਲ ਛੇਤੀ ਲਾਂਚ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਛੇਤੀ ਹੀ ਸੈਂਟਰਲਾਇਜ਼ਡ ਮੁਲਾਂਕਣ ਕੇਂਦਰ ਸ਼ੁਰੂ ਕਰਨ ਦੀ ਯੋਜਨਾ ਹੈ, ਜਿਸ ਨਾਲ ਮੁਲਾਂਕਣ ਦੀ ਪ੍ਰੀਕਿਰਿਆ ਵਿਚ ਵਧੇਰੇ ਪਾਰਦਰਸ਼ਤਾ ਅਤੇ ਤੇਜੀ ਲਿਆਂਦੀ ਜਾ ਸਕੇਗੀ।
ਵਾਈਸ-ਚਾਂਸਲਰ ਨੇ ਪ੍ਰਿੰਸੀਪਲਾਂ ਨੂੰ ਸੁਝਾਅ ਦਿੱਤਾ ਕਿ ਉਹ ਕੋਈ ਵੀ ਨਵਾਂ ਕੋਰਸ ਸ਼ੁਰੂ ਕਰਨ ਲਈ ਪਰਪੋਜ਼ਲ ਸਮੇਂ ਸਿਰ ਯੂਨੀਵਰਸਿਟੀ ਵਿਖੇ ਭੇਜਣ ਤਾਂ ਜੋ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਉਸ ਉਪਰ ਕਾਰਵਾਈ ਹੋ ਸਕੇ।ਉਨ੍ਹਾਂ ਕਿਹਾ ਕਿ ਜ਼ਿਲੇ ਦੇ ਕਾਲਜਾਂ ਨੂੰ ਸਾਂਝੇ ਤੌਰ ‘ਤੇ ਇਕ ਸਲਾਹਕਾਰ ਦੀ ਨਿਯੁਕਤੀ ਕਰਨੀ ਚਾਹੀਦੀ ਹੈ ਤਾਂ ਜੋ ਨਵੇਂ ਖੋਜ ਪ੍ਰੋਜੈਕਟ ਅਤੇ ਫੰਡ ਪ੍ਰਾਪਤ ਕਰਨ ਸਬੰਧੀ ਜਾਣਕਾਰੀ ਮਿਲਣ ਤੋਂ ਇਲਾਵਾ ਅਤੇ ਕਾਰਵਾਈ ਸਮੇਂ ਸਿਰ ਹੋ ਸਕੇ।ਉਨਾਂ੍ਹ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਇਸ ਸਬੰਧੀ ਇਕ ਵਿਸ਼ੇਸ਼ ਕੇਂਦਰ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਗਿਆ ਹੈ।ਉਨਾਂ੍ਹ ਕਿਹਾ ਕਿ ਕਾਲਜਾਂ ਵਿਚ ਖੋਜ ਕਾਰਜਾਂ ਨੂੰ ਉਤਸ਼ਾਹਿਤ ਕਰਨ ਲਈ ਛੇਤੀ ਹੀ ਯੂਨੀਵਰਸਿਟੀ ਵੱਲੋਂ ਇਕ ਨੀਤੀ ਅਪਣਾਈ ਜਾਵੇਗੀ।ਉਨ੍ਹਾਂ ਕਿਹਾ ਕਿ ਪੜਤਾਲ ਕਮੇਟੀ ਵੱਲੋਂ ਕਿਸੇ ਵੀ ਕਾਲਜ ਦੀ ਪੜਤਾਲ ਉਪਰੰਤ ਸਿਫਾਰਸ਼ਾਂ ਦੀ ਕਾਪੀ ਵੈਬਸਾਈਟ ‘ਤੇ ਪਾ ਦਿੱਤੀ ਜਾਵੇਗੀ।
ਵਿਦਿਆਰਥੀਆਂ ਦੀ ਹਾਜਰੀ ਸਬੰਧੀ ਆਉਂਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਸਬੰਧੀ ਪ੍ਰੋ. ਸੰਧੂ ਨੇ ਕਿਹਾ ਕਿ ਵਿਦਿਆਰਥੀਆਂ ਦੀ ਹਾਜ਼ਰੀ ਸਬੰਧੀ ਰਿਪੋਰਟ ਹਰ ਕਾਲਜ ਵੱਲੋਂ ਮਹੀਨੇ ਦੇ ਅਖੀਰ ਵਿਚ ਆਨਲਾਈਨ ਕਰ ਦਿੱਤੀ ਜਾਵੇਗੀ ਅਤੇ ਇਸ ਸਬੰਧੀ ਜਾਣਕਾਰੀ ਐਸ.ਐਮ.ਐਸ ਰਾਹੀਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਭੇਜ ਦਿੱਤੀ ਜਾਵੇਗੀ।ਸਾਰੇ ਪ੍ਰਿੰਸੀਪਲਾਂ ਨੇ ਵਾਈਸ-ਚਾਂਸਲਰ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਇਕ ਸੁਰ ਨਾਲ ਸ਼ਲ਼ਾਘਾ ਕਰਦਿਆਂ ਚਲ ਰਹੇ ਯੁਵਕ ਮੇਲਿਆਂ ਦੇ ਨਤੀਜਿਆਂ ਵਿਚ ਲਿਆਂਦੀ ਜਾ ਪਾਰਦਰਸ਼ਤਾ ਬਾਰੇ ਪ੍ਰਸ਼ੰਸਾ ਕੀਤੀ।ਇਕੱਤਰਤਾ ਦੌਰਾਨ ਵਿਚਾਰ-ਚਰਚਾ ਸੈਸ਼ਨ ਵਿਚ ਕਾਲਜਾਂ ਦੇ ਪ੍ਰਿੰਸੀਪਲਾਂ ਨੇ ਹਿੱਸਾ ਲਿਆ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media