ਬਠਿੰਡਾ, 29 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਹਤ ਵਿਭਾਗ ਬਠਿੰਡਾ ਵੱਲੋਂ ਸਿਵਲ ਸਰਜਨ ਡਾ: ਹਰੀ ਨਰਾਇਣ ਸਿੰਘ
ਦੀ ਦੇਖ ਰੇਖ ਹੇਠ ਵਿਸ਼ਵ ਦਿਲ ਦਿਵਸ ਥੀਮ `ਸ਼ੇਅਰ ਦਾ ਪਾਵਰ` ਹੇਠ ਸਿਵਲ ਹਸਪਤਾਲ ਬਠਿੰਡਾ ਵਿਖੇ ਮਨਾਇਆ ਗਿਆ।ਇਸ ਸਮਾਗਮ ਦੀ ਪ੍ਰਧਾਨਗੀ ਸਹਾਇਕ ਸਿਵਲ ਸਰਜਨ ਡਾ. ਐਸ.ਕੇ ਰਾਜ ਕੁਮਾਰ ਨੇ ਕੀਤੀ।ਇਸ ਸਮੇਂ ਸੀਨੀਅਰ ਮੈਡੀਕਲ ਅਫਸਰ, ਸਿਵਲ ਹਸਪਤਾਲ ਡਾ: ਐਸ.ਐਸ ਗਿਲ, ਡਾ: ਵੰਦਨਾ ਮਿੱਡਾ, ਡਾ. ਵਿਕਾਸ ਫਿਜੀਓਥਰੈਪਿਸਟ ਬਲਵਿੰਦਰ ਸਿੰਘ ਨੇ ਸ਼ਿਰਕਤ ਕੀਤੀ। ਇਸ ਮੌਕੇ ਆਪਣੇ ਸੰਦੇਸ਼ ਵਿੱਚ ਡਾ: ਕੁਮਾਰ ਨੇ ਕਿਹਾ ਕਿ ਤੰਬਾਕੂ ਦਾ ਸੇਵਨ, ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਮੋਟਾਪਾ, ਖੂਨ ਦੀਆਂ ਨਾੜੀਆਂ ਵਿੱਚ ਚਿਕਨਾਈ ਦਾ ਜਮਾਂ ਹੋਣਾ ਆਦਿ ਦਿਲ ਦੀਆਂ ਬਿਮਾਰੀਆਂ ਦੇ ਕਾਰਨ ਹਨ, ਸੋ ਸਾਨੂੰ 40 ਸਾਲ ਦੀ ਉਮਰ ਤੋਂ ਬਾਅਦ ਲਗਾਤਾਰ ਬਲੱਡ ਪ੍ਰੈਸ਼ਰ ਚੈਕ ਕਰਵਾਉਂਦੇ ਰਹਿਣਾ ਚਾਹੀਦਾ ਹੈ, ਜੋ ਵਿਅਕਤੀ ਬਲੱਡ ਪ੍ਰੈਸ਼ਰ ਤੋਂ ਪੀੜਤ ਹਨ, ਉਹਨਾਂ ਨੂੰ ਦਵਾਈ, ਬੀ.ਪੀ ਦੀ ਜਾਂਚ ਅਤੇ ਸਮੇਂ ਸਮੇਂ ਈ.ਸੀ.ਜੀ ਵੀ ਡਾਕਟਰ ਦੀ ਸਲਾਹ ਨਾਲ ਕਰਵਾਉਣੀ ਚਹੀਦੀ ਹੈ।ਕਸਰਤ ਅਤੇ ਖੁਰਾਕ ਦਾ ਵਿਸ਼ੇਸ਼ ਖਿਆਲ ਰੱਖਿਆ ਜਾਵੇ।
ਡਾ: ਐਸ.ਐਸ.ਗਿਲ ਅਤੇ ਡਾ: ਵੰਦਨਾ ਮਿਡਾ ਇੰਚਾਰਜ਼ ਐਨ.ਸੀ.ਡੀ ਕਲੀਨਿਕ ਬਠਿੰਡਾ ਨੇ ਕਿਹਾ ਕਿ ਦਿਲ ਦੀਆਂ ਬਿਮਾਰੀਆਂ ਦੀ ਰੋਕਥਾਮ ਤੰਦਰੁਸਤ ਜੀਵਨ ਸ਼ੈਲੀ ਅਪਨਾ ਕੇ ਕੀਤੀ ਜਾ ਸਕਦੀ ਹੈ।ਪੋੜੀਆਂ ਦਾ ਇਸਤੇਮਾਲ, ਪੈਦਲ ਚੱਲਣਾ, ਘਰ ਦੇ ਕੰਮ ਖੁਦ ਕਰਨਾ, ਦਿਲ ਦੀਆਂ ਬਿਮਾਰੀਆਂ ਨੂੰ ਦੂਰ ਭਜਾਉਂਦਾ ਹੈ ਇਸ ਤੋਂ ਇਲਾਵਾ ਸਰੀਰਕ ਭਾਰ ਘਟਾਉਣਾ, ਪੌਸਟਿਕ ਭੋਜਨ ਲੈਣਾ, ਲੂਣ ਦੀ ਘੱਟ ਮਾਤਰਾ, ਤੰਬਾਕੂ, ਸਿਗਰਟ ਅਤੇ ਸਰਾਬ ਦੀ ਵਰਤੋਂ ਨਾ ਕਰਨੀ, ਚਾਹ ਅਤੇ ਕੋਫੀ ਦੀ ਮਾਤਰਾ ਘੱਟ ਕਰਨੀ, ਦਿਲ ਦੀ ਤੰਦਰੁਸਤੀ ਲਈ ਜਰੂਰੀ ਨੁਕਤੇ ਹਨ।ਡਾ: ਬਲਵਿੰਦਰ ਸਿੰਘ ਫਿਜੀਓਥਰੈਪਿਸਟ ਨੇ ਹਾਜ਼ਰੀਨ ਨੂੰ ਦਿਲ ਦੇ ਰੋਗਾਂ ਤੋਂ ਦੂਰ ਰਹਿਣ ਲਈ ਪ੍ਰੈਕਟੀਕਲ ਤੌਰ ਤੇ ਸਰੀਰਕ ਕਸ਼ਰਤ ਰਾਹੀਂ 4 ਤਰੀਕੇ ਦੱਸੇ, ਜਿਸ ਨੂੰ ਆਪਣਾ ਕੇ ਦਿਲ ਦੇ ਰੋਗਾਂ ਤੋਂ ਬਚਿਆ ਜਾ ਸਕਦਾ ਹੈ।ਇਸ ਮੌਕੇ ਡਿਪਟੀ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ, ਪ੍ਰੋਜੈਕਸਨਿਸਟ ਕੇਵਲ ਕਿਸ਼ਨ ਸਰਮਾ, ਜਗਦੀਸ ਰਾਮ ਪੈਰਾਮੈਡੀਕਲ ਸਟਾਫ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media