ਕਾਂਗਰਸੀ ਆਗੂਆਂ ਅਰਜਨ ਸਿੰਘ ਬਾਦਲ ਤੇ ਬੀਬੀ ਰਜਿੰਦਰ ਕੌਰ ਭੱਠਲ ਨੂੰ ਕੀਤਾ ਤਲਬ
ਅੰਮ੍ਰਿਤਸਰ, 5 ਅਕਤੂਬਰ (ਪੰਜਾਬ ਪੋਸਟ ਬਿਊਰੋ) – ਬੱਜ਼ਰ ਕੁਰਹਿਤ ਦਾ ਦੋਸ਼ੀ ਮੰਨਦਿਆਂ ਸ੍ਰੀ ਅਕਾਲ ਤਖਤ ਸਾਹਿਬ ਨੇ ਸਾਬਕਾ ਅਕਾਲੀ ਮੰਤਰੀ ਤੇ ਸ਼੍ਰੋਮਣੀ
ਕਮੇਟੀ ਮੈਂਬਰ ਸੁੱਚਾ ਸਿੰਘ ਲੰਗਾਹ ਨੂੰ ਪੰਥ `ਚੋਂ ਛੇਕ ਦਿੱਤਾ ਹੈ।ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਪੰਜ ਸਿੰਘ ਸਾਹਿਬਾਨਾਂ ਦੀ ਅੱਜ ਮਿਤੀ 20 ਅੱਸੂ ਸੰਮਤ ਨਾਨਕਸ਼ਾਹੀ 549 ਮੁਤਾਬਿਕ 5 ਅਕਤੂਬਰ 2017 ਦਿਨ ਵੀਰਵਾਰ ਨੂੰ ਹੋਈ ਇਕੱਤਰਤਾ ਜਿਸ ਵਿਚ ਸੁੱਚਾ ਸਿੰਘ ਲੰਗਾਹ ਦੇ ਖਿਲਾਫ਼ ਅਖ਼ਬਾਰਾਂ ਅਤੇ ਇਲੈਕਟ੍ਰੋਨਿਕ ਮੀਡੀਆ ਵਿਚ ਚੱਲੀ ਚਰਚਾ ਅਤੇ ਦੇਸ਼-ਵਿਦੇਸ਼ ਤੋਂ ਸਿੱਖ ਸੰਗਤਾਂ ਵੱਲੋਂ ਲਿਖ਼ਤੀ ਅਤੇ ਟੈਲੀਫੋਨ ਰਾਹੀਂ ਪੁੱਜੀਆਂ ਸ਼ਿਕਾਇਤਾਂ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਆਦੇਸ਼ ‘ਤੇ ਸ਼੍ਰੋਮਣੀ ਗੁ: ਪ੍ਰ: ਕਮੇਟੀ ਵੱਲੋਂ ਬਣਾਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਲਾਹਕਾਰ ਕਮੇਟੀ ਵੱਲੋਂ ਦਿੱਤੇ ਸੁਝਾਅ ਉਪਰ ਕੀਤੀ ਗਈ ਦੀਰਘ ਵਿਚਾਰ ਉਪਰੰਤ ਫੈਸਲਾ ਲਿਆ ਗਿਆ ਕਿ ਵਿਸ਼ਵ ਭਰ ਵਿੱਚ ਸਿੱਖ ਉਚੇ-ਸੁੱਚੇ ਅਤੇ ਆਦਰਸ਼ਕ ਇਖ਼ਲਾਕ ਲਈ ਜਾਣੇ ਜਾਂਦੇ ਹਨ।
ਪਰ ਸੁੱਚਾ ਸਿੰਘ ਲੰਗਾਹ ਦੀ ਇਸ ਬਦ-ਇਖ਼ਲਾਕੀ ਕਾਰਵਾਈ ਨਾਲ ਜਿੱਥੇ ਸਿੱਖ ਸੰਗਤਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਹੈ, ਉਥੇ ਸਿੱਖ ਕਿਰਦਾਰ ਨੂੰ ਵੀ ਢਾਅ ਲੱਗੀ ਹੈ।ਇਸ ਲਈ ਸੁੱਚਾ ਸਿੰਘ ਲੰਗਾਹ ਨੂੰ ਸਿੱਖ ਰਹਿਤ ਮਰਿਯਾਦਾ ਅਨੁਸਾਰ ਬੱਜ਼ਰ ਕੁਰਹਿਤ ਕਰਨ ਕਰਕੇ ਦੋਸ਼ੀ ਮੰਨਦਿਆਂ, ਮਾਮਲੇ ਦੀ ਗੰਭੀਰਤਾ ਅਤੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮੋਹਰ ਅਧਿਕਾਰ ਹੇਠ ਗੁਰਮਤਿ ਜੁਗਤ ਅਨੁਸਾਰ ਪੰਜ ਸਿੰਘ ਸਾਹਿਬਾਨਾਂ ਵੱਲੋਂ ਉਪਰੋਕਤ ਦੋਸ਼ਾਂ ਕਾਰਨ ਇਸ ਨੂੰ ਪੰਥ ਵਿਚੋਂ ਛੇਕਿਆ ਜਾਂਦਾ ਹੈ।ਇਸ ਪ੍ਰਤੀ ਸਮੂੰਹ ਸਿੱਖ ਸੰਗਤਾਂ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਉਕਤ ਸੁੱਚਾ ਸਿੰਘ ਲੰਗਾਹ ਨਾਲ ਕਿਸੇ ਕਿਸਮ ਦੀ ਕੋਈ ਸਾਂਝ ਨਾ ਰੱਖੀ ਜਾਵੇ।ਭਾਵੇਂ ਸੁੱਚਾ ਸਿੰਘ ਲੰਗਾਹ ਨੂੰ ਸ਼੍ਰੋਮਣੀ ਗੁ: ਪ੍ਰ: ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਦੋਸ਼ੀ ਮੰਨਦਿਆਂ ਸਾਰੇ ਅਹੁੱਦਿਆਂ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ, ਜੇਕਰ ਇਹ ਕਿਸੇ ਹੋਰ ਵੀ ਸਿੱਖ ਸੰਸਥਾ ਦਾ ਮੈਂਬਰ ਹੋਵੇ ਤਾਂ ਇਸ ਨੂੰ ਤੁਰੰਤ ਬਰਖ਼ਾਸਤ ਕਰ ਦਿੱਤਾ ਜਾਵੇ ਅਤੇ ਇਸ ਦਾ ਨਾਮ ਲੈ ਕੇ ਕਿਸੇ ਵੀ ਧਾਰਮਿਕ ਅਸਥਾਨ ‘ਤੇ ਅਰਦਾਸ ਨਾ ਕੀਤੀ ਜਾਵੇ।ਸਿੰਘ ਸਾਹਿਬਾਨ ਵੱਲੋਂ ਇਹ ਵੀ ਫੈਸਲਾ ਲਿਆ ਗਿਆ ਕਿ ਅੱਗੇ ਤੋਂ ਬੱਜ਼ਰ ਕੁਰਹਿਤ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਕਿਸੇ ਸਿੱਖ ਧਾਰਮਿਕ ਸੰਸਥਾ ਵਿਚ ਨੁਮਾਇੰਦਗੀ ਨਾ ਦਿੱਤੀ ਜਾਵੇ ਅਤੇ ਕਿਸੇ ਵੀ ਵਿਅਕਤੀ ਨੂੰ ਅਹੁਦੇਦਾਰ ਬਣਾਉਣ ਤੋਂ ਪਹਿਲਾਂ ਉਸ ਵਿਅਕਤੀ ਦੇ ਕਿਰਦਾਰ ਨੂੰ ਧਿਆਨ ਵਿਚ ਰੱਖਿਆ ਜਾਵੇ।
ਸਿਰਸੇ ਅਸਾਧ ਕੋਲੋਂ ਵੋਟਾਂ ਮੰਗਣ ਲਈ ਗਏ ਅਰਜਨ ਸਿੰਘ ਬਾਦਲ ਪੁੱਤਰ ਮਨਪ੍ਰੀਤ ਸਿੰਘ ਬਾਦਲ ਅਤੇ ਬੀਬੀ ਰਜਿੰਦਰ ਕੌਰ ਭੱਠਲ, ਜਿਨ੍ਹਾਂ ਵੱਲੋਂ ਉਸ ਸਮੇਂ ਨਾ ਪੁੱਜ ਸਕਣ ਬਾਰੇ ਲਿਖਤੀ ਦਿੱਤਾ ਗਿਆ, ਪ੍ਰੰਤੂ ਅਜੇ ਤੱਕ ਇਹ ਹਾਜਰ ਨਹੀਂ ਹੋਏ।ਇਨ੍ਹਾਂ ਨੂੰ ਆਖਰੀ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਪੇਸ਼ ਹੋਣ ਲਈ ਮੌਕਾ ਦਿਤਾ ਜਾਂਦਾ ਹੈ।ਜੇਕਰ ਇਹ ਇਸ ਵਾਰ ਵੀ ਪੇਸ਼ ਨਹੀਂ ਹੁੰਦੇ ਤਾਂ ਇਨ੍ਹਾਂ ਉਪਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਗੁਰਦੁਆਰਾ ਛੋਟਾ ਘੱਲੂਘਾਰਾ ਦੇ ਚੱਲ ਰਹੇ ਕੇਸ ਸਬੰਧੀ ਉਥੋਂ ਦੇ ਪ੍ਰਧਾਨ ਮਾਸ਼ਟਰ ਜੋਹਰ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਆਪਣਾ ਸਪੱਸ਼ਟੀਕਰਨ ਦੇਣ ਲਈ ਦੋ ਮੌਕੇ ਦਿੱਤੇ ਗਏ ਹਨ, ਪ੍ਰੰਤੂ ਉਸ ਵੱਲੋਂ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ।ਇਸ ਲਈ ਇਸ ਨੂੰ ਆਪਣਾ ਪੱਖ ਪੇਸ਼ ਕਰਨ ਲਈ ਇੱਕ ਆਖਰੀ ਮੌਕਾ 13 ਅਕਤੂਬਰ ਦਿੱਤਾ ਜਾਂਦਾ ਹੈ।ਜੇਕਰ ਇਹ ਇਸ ਵਾਰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਆਪਣਾ ਸਪੱਸ਼ਟੀਕਰਨ ਨਹੀਂ ਦਿੰਦਾ ਤਾਂ ਇਸਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਾਗੀ ਸਮਝਦੇ ਹੋਏ ਅਗਲੇਰੀ ਕਾਰਵਾਈ ਕਰ ਦਿੱਤੀ ਜਾਵੇਗੀ।
ਜਿਕਰਯੋਗ ਹੈ ਕਿ ਸਰਬਤ ਖਾਲਸਾ ਵਲੋਂ ਥਾਪੇ ਗਏ ਤਖਤਾਂ ਦੇ ਮੁਤਵਾਜ਼ੀ ਜਥੇਦਾਰਾਂ ਵਲੋਂ ਵੀ ਸੁੱਚਾ ਸਿੰਘ ਲੰਗਾਹ ਨੂੰ ਸਿੱਖ ਪੰਥ ਵਿਚੋਂ ਖਾਰਿਜ਼ ਕੀਤਾ ਜਾ ਚੁੱਕਾ ਹੈ।ਸੁੱਚਾ ਸਿੰਘ ਲੰਗਾਹ ਖਿਲਾਫ ਜਬਰ ਜਿਨਾਹ ਦਾ ਮਾਮਲਾ ਦਰਜ਼ ਹੋਣ ਤੋਂ ਬਾਅਦ ਉਹ ਅਕਾਲੀ ਦਲ (ਬਾਦਲ) ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਅਸਤੀਫਾ ਦੇ ਚੁੱਕੇ ਹਨ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media