ਅੰਮ੍ਰਿਤਸਰ, 5 ਅਕਤੂਬਰ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ ) – ਵਿਰਸਾ ਵਿਹਾਰ ਵਿਖੇ 7 ਅਕਤੂਬਰ ਨੂੰ ਕਰਵਾਏ ਜਾ ਰਹੇ ਸੈਮੀਨਾਰ ‘ਸਾਡੇ ਦੇਸ਼ ਵਿੱਚ
ਚਲੰਤ ਰਾਜਨੀਤਕ ਹਾਲਾਤ ਵਿੱਚ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਤੇ ਹਮਲਾ ਅਤੇ ਸੁਤੰਤਰ ਮੀਡੀਆ’ ਬਾਰੇ ਜਾਣਕਾਰੀ ਦਿੰਦਿਆਂ ਫੋਕਲੋਰ ਰਿਸਰਚ ਅਕਾਦਮੀ (ਰਜਿ.) ਦੇ ਪ੍ਰਧਾਨ ਰਮੇਸ਼ ਯਾਦਵ ਅਤੇ ਜਨਰਲ ਸਕੱਤਰ ਗੁਰਦੇਵ ਸਿੰਘ ਮਹਿਲਾਂਵਾਲਾ ਨੇ ਕਿਹਾ ਹੈ ਕਿ ਭਾਵੇਂ ਵਿਚਾਰ ਪ੍ਰਗਟ ਕਰਨ ਅਤੇ ਬੋਲਣ ਦੀ ਅਜ਼ਾਦੀ ਸਾਡਾ ਜਨਮ ਸਿੱਧ ਅਧਿਕਾਰ ਹੈ, ਪਰ ਮੌਜੂਦਾ ਰਾਜਨੀਤਕ ਹਾਲਾਤ ਵਿੱਚ ਇਨਾਂ ਬੁਨਿਆਦੀ ਅਧਿਕਾਰਾਂ ਤੇ ਡਾਕਾ ਮਾਰਿਆ ਜਾ ਰਿਹਾ ਹੈ ਅਤੇ ਇਨਾਂ ਨੂੰ ਕੁਚਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।ਮੌਜੂਦਾ ਦ੍ਰਿਸ਼ ਡਰਾਵਣਾ ਹੈ, ਵਿਸ਼ੇਸ਼ ਕਰਕੇ ਜਦੋਂ ਪਿਛਲੇ ਮਹੀਨੇ ਹੀ ਬੰਗਲੋਰ ਵਿੱਚ ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਹੈ।ਬੰਗਲੋਰ ਵਿੱਚ ਹੀ ਪਿਛਲੇ ਕੁੱਝ ਸਮੇਂ ਦੇ ਅੰਦਰ ਤਿੰਨ ਹੋਰ ਸੁਤੰਤਰ ਸੋਚ ਵਾਲੇ ਵਿਦਵਾਨਾਂ ਤੇ ਸਮਾਜਕ ਕਾਰਕੁਨਾ ਐਮ.ਐਮ ਕੁਲਬੁਰਗੀ, ਨਰੇਂਦਰ ਦਭੋਂਲਕਰ ਅਤੇ ਗੋਵਿੰਦ ਪੰਸਾਰੇ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ।ਕੁੱਝ ਪੱਤਰਕਾਰਾਂ ਉਤੇ ਸੱਤਾਧਾਰੀ ਪਾਰਟੀ ਨਾਲ ਅਸਹਿਮਤੀ ਕਾਰਨ ਜਾਂ ਨੁਕਤਾਚੀਨੀ ਕਰਨ ਕਾਰਨ ਹਮਲੇ ਕੀਤੇ ਗਏ ਹਨ।ਕੁੱਝ ਪੱਤਰਕਾਰਾਂ ਨੂੰ ਤਾਂ ਆਪਣੀ ਨੌਕਰੀ ਤੋਂ ਵੀ ਹੱਥ ਧੋਣੇ ਪਏ ਹਨ।
ਉਨਾਂ ਦੱਸਿਆ ਕਿ ਸ੍ਰੀਮਤੀ ਸੀਮਾ ਮੁਸਤਫ਼ਾ ਐਡੀਟਰ ਸਿਟੀਜ਼ਨ ਅਤੇ ਪਾਲਿਸੀ ਵਿਸ਼ਲੇਸ਼ਣ, ਓਮ ਥਾਨਵੀ ਸਾਬਕਾ ਐਡੀਟਰ ਜਨਸੱਤਾ, ਭਾਰਤ ਭੂਸ਼ਨ ਕੈਚ ਨਿੳੂਜ਼ ਕਾਮ, ਹਰਤੋਸ਼ ਬੱਲ ਪੋਲੀਟੀਕਲ ਐਡੀਟਰ `ਦ ਕਾਰਵਾਂ ਮੈਗਜ਼ੀਨ, ਸ੍ਰੀਮਤੀ ਅਨੁਰਾਧਾ ਭਸੀਨ ਜਾਮਵਾਲ ਐਗਜੀਕਿਊਟਿਵ ਐਡੀਟਰ ਕਸ਼ਮੀਰ ਟਾਈਮਜ਼, ਸਤਨਾਮ ਸਿੰਘ ਮਾਣਕ ਸਹਾਇਕ ਐਡੀਟਰ ਰੋਜ਼ਾਨਾ ਅਜੀਤ, ਸੰਦੀਪ ਦੀਕਸ਼ਤ ਡਿਪਟੀ ਐਡੀਟਰ `ਦ ਟਿ੍ਰਬਿੳੂਨ, ਜਤਿੰਦਰ ਪੰਨੂ ਐਡੀਟਰ ਨਵਾਂ ਜਮਾਨਾ ਇਸ ਸੈਮੀਨਾਰ ਵਿੱਚ ਆਪਣੇ ਵਡਮੁੱਲੇ ਵਿਚਾਰ ਪੇਸ਼ ਕਰਨਗੇ।ਸਤੀਸ਼ ਜੈਕਬ ਬੀ.ਬੀ.ਸੀ ਸੰਵਾਦਦਾਤਾ ਅਤੇ ਜਨਰਲ ਸਕੱਤਰ ਸਾਫ਼ਮਾ (ਭਾਰਤ) ਇਸ ਸੈਮੀਨਾਰ ਦੀ ਪ੍ਰਧਾਨਗੀ ਕਰਨਗੇ।
ਯਾਦਵ ਤੇ ਮਹਿਲਾਂਵਾਲਾ ਨੇ ਕਿਹਾ ਕਿ ਦੇਸ਼ ਭਰ ਦੇ ਬੁਧੀਜੀਵੀ ਵੱਖ-ਵੱਖ ਸਮਾਜਿਕ ਤੇ ਸੱਭਿਆਚਾਰਕ ਜੱਥੇਬੰਦੀਆਂ ਅਤੇ ਆਮ ਲੋਕਾਈ ਮੌਜੂਦਾ ਨਿਰਾਸ਼ਾਜਨਕ ਹਾਲਾਤ `ਤੇ ਅਫ਼ਸੋਸ ਪ੍ਰਗਟ ਕਰਦੇ ਹਨ।ਪਰ ਸਮੇਂ ਦੀ ਲੋੜ ਹੈ ਕਿ ਇੱਕਮੁੱਠ ਹੋ ਕੇ ਵਿਚਾਰ ਪ੍ਰਗਟ ਕਰਨ ਅਤੇ ਬੋਲਣ ਦੀ ਆਜ਼ਾਦੀ ਦੇ ਅਧਿਕਾਰ ਲਈ ਸੰਘਰਸ਼ ਕਰੀਏ।ਇਨਾਂ ਪ੍ਰਸਥਿਤੀਆਂ ਵਿੱਚ ਹਰੇਕ ਦਾ ਫ਼ਰਜ਼ ਬਣਦਾ ਹੈ ਕਿ ਲੋਕਤੰਤਰ ਅਤੇ ਸੰਵਿਧਾਨ ਵਿੱਚ ਦਰਜ ਕਦਰਾਂ ਕੀਮਤਾਂ ਨੂੰ ਬਚਾਈਏ।ਫੋਕਲੋਰ ਰਿਸਰਚ ਅਕਾਦਮੀ (ਰਜਿ.) ਅੰਮਿ੍ਰਤਸਰ ਇਹ ਸੈਮੀਨਾਰ ਸਾਫ਼ਮਾ ਪੰਜਾਬ ਚੈਪਟਰ, ਮਾਝਾ ਵਿਰਾਸਤ ਟਰੱਸਟ ਅਜਨਾਲਾ, ਚੰਡੀਗੜ ਪੰਜਾਬ ਜਰਨਲਿਸਟ ਐਸੋਸੀਏਸ਼ਨ, ਵਿਰਸਾ ਵਿਹਾਰ ਸੁਸਾਇਟੀ, ਪੀਸ ਐਂਡ ਹਾਰਮੋਨੀ ਆਸਟੇ੍ਰਲੀਆ ਪ੍ਰਧਾਨ ਅਵਨਿੰਦਰ ਸਿੰਘ ਗਿੱਲ ਦੇ ਸਹਿਯੋਗ ਨਾਲ ਕਰਵਾ ਰਹੀਂ ਹੈ।
ਇਸ ਮੌਕੇ ਐਸ ਪ੍ਰਸ਼ੋਤਮ, ਜਸਬੀਰ ਪੱਟੀ, ਸ਼ਿਵਦੇਵ ਸਿੰਘ, ਸਤੀਸ਼ ਝੀਂਗਨ, ਦਿਲਬਾਗ ਸਿੰਘ, ਜਸਵੰਤ ਸਿੰਘ ਰੰਧਾਵਾ, ਰੰਜੀਵ ਸ਼ਰਮਾ, ਹਰਜੀਤ ਸਿੰਘ ਸਰਕਾਰੀਆ, ਕਮਲ ਗਿੱਲ, ਕਰਮਜੀਤ ਕੌਰ, ਜਤਿੰਦਰ ਸਫ਼ਰੀ ਆਦਿ ਹਾਜ਼ਰ ਸਨ।
ਫੋਕਲੋਰ ਰਿਸਰਚ ਅਕਾਦਮੀ (ਰਜਿ.) ਅੰਮਿ੍ਰਤਸਰ ਪਿਛਲੇ 23 ਸਾਲਾਂ ਤੋਂ ਵਿਸ਼ਵ ਪੱਧਰ ਤੇ ਅਤੇ ਵਿਸ਼ੇਸ਼ਕਰ ਭਾਰਤ ਅਤੇ ਪਾਕਿਸਤਾਨ ਦਰਮਿਆਨ ਅਮਨ-ਸ਼ਾਂਤੀ ਵਾਲਾ ਮਾਹੌਲ ਸਿਰਜਣ ਲਈ ਸਰਗਰਮ ਹੈ।ਵਿਸ਼ਵ ਪੱਧਰ `ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਤੇ ਬਹਾਲੀ ਲਈ ਕੰਮ ਕਰਦੀ ਆਈ ਹੈ।ਅਕਾਦਮੀ ਹਰ ਸਾਲ 14-15 ਅਗਸਤ ਦੀ ਦਰਮਿਆਨੀ ਰਾਤ ਨੂੰ ਸਰਹੱਦ ਉੱਤੇ ਭਾਰਤ ਤੇ ਪਾਕਿਸਤਾਨ ਦਾ ਆਜ਼ਾਦੀ ਦਿਵਸ ਸਾਂਝੇ ਸਮਾਗਮਾਂ ਰਾਹੀਂ ਮਨਾਉਂਦੀ ਹੈ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media