ਅੰਮ੍ਰਿਤਸਰ, 10 ਅਕਤੂਬਰ (ਪੰਜਾਬ ਪੋਸਟ- ਸ਼ੈਫੀ ਸੰਧੂ) – ਪੁਲਿਸ ਥਾਣਾ ਜੀ.ਆਰ.ਪੀ ਅੰਮ੍ਰਿਤਸਰ ਦੇ ਅਧਿਕਾਰਤ ਖੇਤਰ ਵਿੱਚ ਆਉਂਦੇ ਅੰਮ੍ਰਿਤਸਰ ਰੇਲਵੇ ਜੰਕਸ਼ਨ ਵਿਖੇ ਥਾਣਾ ਮੁੱਖੀ ਧਰਮਿੰਦਰ ਕਲਿਆਣ ਦੀ ਦੇਖ-ਰੇਖ ਹੇਠ ਚੱਲਣ ਵਾਲੇ ਸੀ.ਸੀ ਟੀ.ਵੀ ਕੈਮਰਾ ਰੂਮ ਦੇ ਇੰਚਾਰਜ ਥਾਣੇਦਾਰ ਅਵਤਾਰ ਸਿੰਘ ਤੇ ਥਾਣੇਦਾਰ ਸੋਢੀ ਸਿੰਘ ਦੀ ਅਗੁਵਾਈ ਵਾਲੀ ਟੀਮ ਦੇ ਵੱਲੋਂ ਚੁਸਤੀ-ਫੁਰਤੀ ਦਾ ਮੁਜ਼ਾਹਰਾ ਕਰਦੇ ਇੱਕ ਨੇਪਾਲੀ ਪਰਿਵਾਰ ਦਾ ਰੋਜ਼ਾਨਾ ਇਸਤੇਮਾਲ ਵਾਲਾ ਸਮਾਨ, ਨਗਦੀ ਰਾਸ਼ੀ ਤੇ ਮਹਿੰਗੇ ਮੋਬਾਇਲ ਲੱਭ ਕੇ ਪੀੜ੍ਹਤ ਪਰਿਵਾਰ ਨੂੰ ਸੌਂਪਣ ਦੀ ਜਾਣਕਾਰੀ ਮਿਲੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜੰਮੂ-ਕਸ਼ਮੀਰ ਵਿਖੇ ਭਾਰਤੀ ਫੌਜ਼ ਵਿੱਚ ਤੈਨਾਤ ਸਰਜ਼ੂ ਸ਼ਰਮਾ ਤੇ ਸੰਜੈ ਸ਼ਰਮਾ ਦਾ ਪਰਿਵਾਰ ਬੀਤੇ ਦਿਨ ਦੀ ਸ਼ਾਮ ਨੂੰ ਮਾਤਾ ਵੈਸ਼ਨੋ ਦੇਵੀ (ਜੰਮੂ) ਦੇ ਦਰਸ਼ਨ ਕਰਕੇ ਅੰਮ੍ਰਿਤਸਰ ਹਾਵੜਾ ਮੇਲ ਰੇਲਗੱਡੀ ਰਾਹੀਂ ਨੇਪਾਲ ਜਾਣ ਲਈ ਅੰਮ੍ਰਿਤਸਰ ਸਟੇਸ਼ਨ ਤੇ ਪੁੱਜਾ।ਰੇਲ ਗੱਡੀ 3 ਘੰਟੇ ਲੇਟ ਹੋਣ ਕਾਰਨ ਪੀੜ੍ਹਤ ਪਰਿਵਾਰਕ ਮੈਂਬਰ ਇੱਧਰ-ਉੱਧਰ ਟਹਿਲਣ ਲੱਗੇ।ਇਸੇ ਦੌਰਾਨ ਅੰਮ੍ਰਿਤਸਰ ਗੋਲਡਨ ਟੈਂਪਲ ਤੇ ਸਵਾਰ ਹੋਣ ਲਈ ਇੱਕ ਵੱਡਾ ਮੁਸਾਫਿਰ ਗਰੁੱਪ ਸਟੇਸ਼ਨ `ਤੇ ਪੁੱਜਾ ਤੇ ਭੁਲੇਖੇ ਨਾਲ ਪੀੜ੍ਹਤ ਪਰਿਵਾਰ ਦਾ ਸਮਾਨ ਵੀ ਆਪਣੇ ਨਾਲ ਲੈ ਕੇ ਰੇਲ ਗੱਡੀ ਵਿੱਚ ਸਵਾਰ ਹੋ ਗਿਆ।ਸਮਾਨ ਗੁੰਮ ਹੋਣ ਸਬੰਧੀ ਜਦੋਂ ਪੀੜ੍ਹਤ ਪਰਿਵਾਰ ਨੂੰ ਪਤਾ ਲੱਗਾ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ ਤੇ ਉਨ੍ਹਾਂ ਨੇ ਸੀ.ਸੀ.ਟੀ.ਵੀ. ਕੈਮਰਾ ਰੂਮ ਦੇ ਇੰਚਾਰਜ ਥਾਣੇਦਾਰ ਅਵਤਾਰ ਸਿੰਘ ਨਾਲ ਸੰਪਰਕ ਕੀਤਾ।ਸੀ.ਸੀ.ਟੀ.ਵੀ ਫੁਟੇਜ਼ ਵੇਖਣ ਤੋਂ ਬਾਅਦ ਤੇ ਮੁਸਾਫਰਾਂ ਦੀ ਪਛਾਣ ਤੋਂ ਬਾਅਦ ਗੋਲਡਨ ਟੇੇੈਂਪਲ ਮੇਲ ਦੇ ਸਾਰੇ ਡੱਬੇ ਖੰਗਾਲਨ ਤੋਂ ਬਾਅਦ ਪੀੜ੍ਹਤ ਪਰਿਵਾਰ ਦਾ ਸਮਾਨ ਬਰਾਮਦ ਹੋ ਗਿਆ।ਥਾਣੇਦਾਰ ਅਵਤਾਰ ਸਿੰਘ, ਥਾਣੇਦਾਰ ਸੋਢੀ ਸਿੰਘ, ਹਵਾਲਦਾਰ ਮੇਜਰ ਸਿੰਘ ਤੇ ਕਾਂਸਟੇਬਲ ਅਮਰਿੰਦਰ ਸਿੰਘ ਵੱਲੋਂ ਪੀੜ੍ਹਤ ਪਰਿਵਾਰ ਨੂੰ ਉਨ੍ਹਾਂ ਦਾ ਸਮਾਨ ਹਵਾਲੇ ਕਰਕੇ ਹਾਵੜਾ ਮੇਲ ਵਿੱਚ ਸਵਾਰ ਕਰਵਾਇਆ।ਦੱਸਣਯੋਗ ਹੈ ਕਿ ਗਵਾਚੇ ਸਾਮਨ ਵਿੱਚ ਕੀਮਤੀ ਚੀਜ਼ਾਂ, ਨਗਦ ਰਾਸ਼ੀ ਤੇ ਮਹਿੰਗੇ ਮੋਬਾਇਲ ਸਨ। ਜੀ.ਆਰ.ਪ. ਅਧਿਕਾਰੀਆਂ ਤੇ ਮੁਲਾਜ਼ਮਾ ਦੀ ਚੁਫੇਰਿਓੂਂ ਪ੍ਰਸ਼ੰਸ਼ਾ ਕੀਤੀ ਗਈ।
ਥਾਣਾ ਮੁੱਖੀ ਧਰਮਿੰਦਰ ਕਲਿਆਣ ਨੇ ਕਿਹਾ ਕਿ ਸੀ.ਸੀ. ਟੀ.ਵੀ ਕੈਮਰਾ ਰੂਮ ਮੁਸਫਰਾਂ ਦੀ ਜਾਨ ਮਾਲ ਦੀ ਰੱਖਵਾਲੀ ਲਈ ਵਰਦਾਨ ਸਾਬਿਤ ਹੋ ਰਿਹਾ ਹੈ ਤੇ ਅਸੀਂ ਸੈਲਾਨੀਆਂ ਤੇ ਮੁਸਾਫਰਾਂ ਦੀ ਸੇਵਾ ਲਈ ਵਚਨਬੱਧ ਹਾਂ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media