ਭੰਡਾਰੀ ਪੁੱਲ ਦੇ ਰੇਲਵੇ ਓਵਰ ਬਰਿਜ਼ ਦੀ ਸਲੈਬ ਦਾ ਕੰਮ 28 ਅਕਤੂਬਰ ਤੱਕ ਹੋਵੇਗਾ ਮੁਕੰਮਲ
ਅੰਮਿ੍ਤਸਰ, 11 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਗੁਰੂ ਨਗਰੀ ਅੰਮਿ੍ਰਤਸਰ
ਵਿਚ ਚੱਲ ਰਹੇ ਵਿਕਾਸ ਕਾਰਜਾਂੱ ਦਾ ਮੌਕੇ ’ਤੇ ਪਹੁੰਚ ਕੇ ਜਾਇਜਾ ਲਿਆ।ਉਨਾਂ ਨਾਲ ਡਿਪਟੀ ਕਮਿਸ਼ਨਰ ਕਲਮਦੀਪ ਸਿੰਘ ਸੰਘਾ, ਪੁਲਿਸ ਕਮਿਸ਼ਨਰ ਐਸ. ਸ੍ਰੀਵਾਸਤਵਾ, ਕਮਿਸ਼ਨਰ ਨਗਰ ਨਿਗਮ ਅਮਿਤ ਕੁਮਾਰ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਸਭ ਤੋਂ ਪਹਿਲਾਂ ਭੰਡਾਰੀ ਪੁੱਲ `ਤੇ ਪਹੁੰਚ ਕੇ ਨਵੇਂ ਬਣ ਰਹੇ ਰੇਲਵੇ ਓਵਰ ਬਰਿਜ਼ ਦੇ ਕੰਮ ਦਾ ਜਾਇਜਾ ਲਿਆ।ਉਨਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ 23 ਅਕਤੂਬਰ ਨੂੰ ਭੰਡਾਰੀ ਪੁਲ ਵਿਖੇ ਬਣ ਰਹੇ ਰੇਲਵੇ ਓਵਰ ਬਰਿਜ ਦਾ ਰੇਵਲੇ ਲਾਈਨ ਦੇ ਉਪਰਲੇ ਭਾਗ ਦਾ ਕੰਮ ਸ਼ੁਰੂ ਹੋ ਜਾਵੇਗਾ ਜੋ ਕਿ 28 ਅਕਤੂਬਰ ਤੱਕ ਖਤਮ ਕਰ ਲਿਆ ਜਾਵੇਗਾ।ਉਨਾਂ ਕਿਹਾ ਕਿ ਇਸ ਤੋਂ ਬਾਅਦ ਤਿੰਨ ਮਹੀਨੇ ’ਚ ਸਾਰਾ ਸਿਵਲ ਵਰਕ ਮੁਕੰਮਲ ਕਰਕੇ ਇਸ ਪੁੱਲ ਨੂੰ ਆਵਾਜਾਈ ਲਈ ਖੋਲ ਦਿੱਤਾ ਜਾਵੇਗਾ।
ਨਵਜੋਤ ਸਿੰਘ ਸਿੱਧੂ ਨੇ ਦਸਿਆ ਕਿ ਕੈਪਟਨ ਸਰਕਾਰ ਵੱਲੋਂ ਅੰਮ੍ਰਿਤਸਰ ਸ਼ਹਿਰ ਦੇ ਸਾਰੇ ਵਿਕਾਸ ਪ੍ਰੋਜੈਕਟਾਂ ਨੂੰ ਸਿਲਸਰੇਵਾਰ ਮੁਕੰਮਲ ਕਰਕੇ ਉਨਾਂ ਨੂੰ ਲੋਕ ਅਰਪਣ ਕੀਤਾ ਜਾਵੇਗਾ।ਉਨਾਂ ਕਿਹਾ ਕਿ ਬੀ.ਆਰ.ਟੀ.ਐਸ ਬੱਸ ਪ੍ਰਣਾਲੀ ਜੋ ਕਿ ਪਿਛਲੀ ਸਰਕਾਰ ਦੀ ਨਾਕਾਮੀ ਕਰਕੇ ਸਫਲ ਨਹੀਂ ਹੋ ਸਕੀ ਸੀ, ਨੂੰ ਪੂਰੀਆਂ ਕੋਸ਼ਿਸ਼ਾਂ ਨਾਲ ਲੀਹੇ ਚਾੜਿਆ ਜਾਵੇਗਾ।ਉਨਾਂ ਕਿਹਾ ਕਿ ਛੇਤੀ ਹੀ ਬੀ.ਆਰ.ਟੀ.ਐਸ ਦੀਆਂ ਸਾਰੀਆਂ ਬੱਸਾਂ ਨੂੰ ਸ਼ੁਰੂ ਕਰਕੇ ਲੋਕਾਂ ਨੂੰ ਇਸ ਪ੍ਰੋਜੈਕਟ ਦੀ ਸਹੂਲਤ ਦਿੱਤੀ ਜਾਵੇਗੀ।ਉਨਾਂ ਕਿਹਾ ਕਿ ਇਕ ਰੂਟ ’ਤੇ ਘੱਟੋ-ਘੱਟ 10-10 ਬੱਸਾਂ ਚਲਾਈਆਂ ਜਾਣਗੀਆਂ ਤਾਂ ਜੋ ਲੋਕਾਂ ਨੂੰ ਬੱਸ ਦਾ ਇੰਤਜ਼ਾਰ ਨਾ ਕਰਨਾ ਪਵੇ।ਉਨਾਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਅੰਤਰਰਾਜੀ ਬੱਸ ਅੱਡਾ ਸ਼ਹਿਰੋਂ ਬਾਹਰ ਬਣਾਇਆ ਜਾਵੇਗਾ ਅਤੇ ਇਹ ਪੁੁਰਾਣਾ ਬੱਸ ਅਡਾ ਬੀ.ਆਰ.ਟੀ.ਐਸ ਬੱਸਾਂ ਲਈ ਵਰਤਿਆ ਜਾਵੇਗਾ।
ਟਰੈਫਿਕ ਸਮੱਸਿਆ ਦੇ ਹੱਲ ਦੀ ਗੱਲ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸ਼ਹਿਰ ਦੀਆਂ ਸੜਕਾਂ ਅਤੇ ਬਜ਼ਾਰਾਂ ’ਚੋਂ ਨਜ਼ਾਇਜ ਕਬਜ਼ੇ ਹਟਾਏ ਜਾਣਗੇ।ਉਨਾਂ ਕਿਹਾ ਕਿ ਜਹਾਜ਼ਗੜ ਸਮੇਤ ਸ਼ਹਿਰ ’ਚ ਜੋ ਵੀ ਗਰੀਨ ਪੱਟੀ ਹੈ, ਉਸ ਉਪਰੋਂ ਨਜ਼ਾਇਜ ਕਬਜ਼ੇ ਹਟਾਏ ਜਾਣਗੇ।ਉਨਾਂ ਕਿਹਾ ਕਿ ਭੰਡਾਰ ਪੁੱਲ ਥੱਲੇ ਜੋ ਸਬਜ਼ੀ ਮਾਰਕਿਟ ਦੀ 4 ਏਕੜ ਥਾਂ ਹੈ ਉਥੇ ਇੱਕ ਮਲਟੀਪਰਪਜ਼ ਪਾਰਕਿੰਗ ਬਣਾਈ ਜਾਵੇਗੀ ਤਾਂ ਜੋ ਲੋਕਾਂ ਨੂੰ ਵਾਹਨ ਪਾਰਕ ਕਰਨ ’ਚ ਕੋਈ ਪਰੇਸ਼ਾਨੀ ਨਾ ਆਵੇ।ਉਨਾਂ ਕਿਹਾ ਕਿ ਬਹੁਤ ਛੇਤੀ ਇਸ ਪਾਰਕਿੰਗ ਨੂੰ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।ਉਨਾਂ ਇਹ ਵੀ ਦੱਸਿਆ ਕਿ ਸ਼ਹਿਰ ਵਿੱਚ ਸਪੋਰਟਸ ਪਾਰਕ ਦਾ ਪ੍ਰੋਜੈਕਟ ਵੀ ਸ਼ੁਰੂ ਕੀਤਾ ਜਾ ਰਿਹਾ ਹੈ।
ਇਕ ਸਵਾਲ ਦੇ ਜੁਆਬ ਵਿੱਚ ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਅੰਮ੍ਰਿਤਸਰ ਸਮੇਤ ਸੂਬੇ ਦੇ ਬਾਕੀ ਨਗਰ ਨਿਗਮਾਂ ਦੀ ਵਾਰਡਬੰਦੀ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਇਸ ਸਾਲ ਦਸੰਬਰ ਮਹੀਨੇ ਵਿੱਚ ਨਗਰ ਨਿਗਮਾਂ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ।ਉਨਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਇੱਕੋ ਇੱਕ ਏਜੰਡਾ ਸੂਬੇ ਦਾ ਵਿਕਾਸ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਮੁੱਚੀ ਟੀਮ ਦਿਨ ਰਾਤ ਖੁਸ਼ਹਾਲ ਪੰਜਾਬ ਲਈ ਮਿਹਨਤ ਕਰ ਰਹੀ ਹੈ।ਸਿੱਧੂ ਨੇ ਕਿਹਾ ਕਿ ਅੰਮ੍ਰਿਤਸਰ ਨੂੰ ਸਭ ਤੋਂ ਖੂਬਸੂਰਤ ਸ਼ਹਿਰ ਬਣਾਉਣਾ ਉਨਾਂ ਦਾ ਸੁਪਨਾ ਹੈ ਅਤੇ ਉਹ ਖੁੱਦ ਇਥੇ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦੀ ਨਿਗਰਾਨੀ ਕਰ ਰਹੇ ਹਨ।ਉਨਾਂ ਕਿਹਾ ਕਿ ਉਹ ਹਰ ਹਫਤੇ ਇਥੇ ਪਹੁੰਚ ਕੇ ਚੱਲ ਰਹੇ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣਗੇ ਤਾਂ ਜੋ ਜਿਨੀ ਛੇਤੀ ਹੋ ਸਕੇ ਹਰ ਪ੍ਰਾਜੈਕਟ ਨੂੰ ਨੇਪਰੇ ਚਾੜਿਆ ਜਾ ਸਕੇ।
ਇਸ ਉਪਰੰਤ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬੱਸ ਅੱਡੇ ਨਜ਼ਦੀਕ ਲੱਗਦੇ ਟਰੈਫਿਕ ਜਾਮ ਦਾ ਜਾਇਜ਼ਾ ਲਿਆ।ਉਨਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਸੜਕਾਂ ਦੇ ਕਿਨਾਰੇ ਕੀਤੇ ਨਜ਼ਾਇਜ ਕਬਜਿਆਂ ਨੂੰ ਖਾਲੀ ਕਰ ਦੇਣ ਤਾਂ ਜੋ ਰਾਹਗੀਰਾਂ ਨੂੰ ਕੋਈ ਸਮੱਸਿਆ ਨਾ ਆਵੇ।ਉਨਾਂ ਨਗਰ ਨਿਗਮ ਅਤੇ ਪੁਲਿਸ ਵਿਭਾਗ ਨੂੰ ਵੀ ਹਦਾਇਤ ਕੀਤੀ ਕਿ ਸੜਕਾਂ ਕਿਨਾਰੇ ਨਜ਼ਾਇਜ ਕਬਜ਼ਿਆਂ ਨੂੰ ਹਟਾਇਆ ਜਾਵੇ।ਇਸ ਮੌਕੇ ਸਾਬਕਾ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲਾ, ਨਿਰਮਲ ਸਿੰਘ ਬੀ.ਐਮ.ਟੀ ਆਦਿ ਵੀ ਮੌਜੂਦ ਸਨ।
Check Also
ਐਡਵੋਕੇਟ ਧਾਮੀ ਨੇ ਸਮੁੱਚੇ ਸਿੱਖ ਜਗਤ ਨੂੰ ਬੰਦੀ ਛੋੜ ਦਿਵਸ ਦੀ ਦਿੱਤੀ ਵਧਾਈ
ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …
Punjab Post Daily Online Newspaper & Print Media