ਸਿੱਖ ਮਸਲਿਆਂ ਸਬੰਧੀ ਵਫਦ ਨੇ ਜਥੇਦਾਰ ਨਾਲ ਕੀਤੀ ਮੀਟਿੰਗ
ਬਠਿੰਡਾ, 12 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਦਲ ਖ਼ਾਲਸਾ ਨੇ ਅੱਜ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋਂ ਦੇ
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਡੋਪ ਟੈਸਟ ਕਰਵਾ ਕੇ ਇਸ ਰਿਪੋਰਟ ਨੂੰ ਜਨਤਕ ਕਰਨ ਦੀ ਮੰਗ ਕੀਤੀ।ਅੱਜ ਤਲਵੰਡੀ ਸਾਬੋਂ ਵਿਖੇ ਦਲ ਖ਼ਾਲਸਾ ਦੇ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਦੀ ਅਗਵਾਈ ਵਿੱਚ ਮਿਲੇ ਇੱਕ ਵਫ਼ਦ ਨੇ ਸਿੱਖ ਤੇ ਪੰਥਕ ਮਸਲਿਆਂ ਸਬੰਧੀ ਆਪਣੇ ਵਿਚਾਰ ਦਿੰਦਿਆ ਉਹਨਾਂ ’ਤੇ ਕਾਰਵਾਈ ਕਰਨ ਦੀ ਮੰਗ ਕੀਤੀ।ਦਲ ਖ਼ਾਲਸਾ ਵਲੋਂ ਬਠਿੰਡਾ ਤੋਂ ਜਾਰੀ ਇੱਕ ਪ੍ਰੈਸ ਨੋਟ ਵਿੱਚ ਕਿਹਾ ਕਿ ਮੌਜੂਦਾ ਸ਼੍ਰੋਮਣੀ ਕਮੇਟੀ ਮੈਂਬਰ ਤੇ ਸਾਬਕਾ ਪ੍ਰਧਾਨ ਜਗੀਰ ਕੌਰ ਨੂੰ ਵੀ ਸੁੱਚਾ ਸਿੰਘ ਲੰਗਾਹ ਵਾਂਗ ਸਿੱਖ ਪੰਥ ਵਿੱਚੋਂ ਛੇਕਿਆ ਜਾਵੇ।ਉਹਨਾਂ ਸ਼੍ਰੋਮਣੀ ਕਮੇਟੀ ਦੇ ਸਾਰੇ ਮੈਂਬਰਾਂ ਦਾ ਡੋਪ ਟੈਸਟ ਕਰਵਾ ਕੇ ਇਸ ਰਿਪੋਰਟ ਨੂੰ ਜਨਤਕ ਕਰਨ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਸਾਰਾ ਸੱਚ ਸਿੱਖ ਪੰਥ ਦੇ ਸਾਹਮਣੇ ਆਵੇ ਅਤੇ ਸਿੱਖਾਂ ਦੀ ਹੋ ਰਹੀ ਬਦਨਾਮੀ ਰੁਕੇ।
ਦਲ ਖ਼ਾਲਸਾ ਦੇ ਵਫ਼ਦ ਨੇ ਮੰਗ ਕੀਤੀ ਕਿ ਪਿਛਲੇ ਕਈ ਮਹੀਨੇ ਪਹਿਲਾਂ ਬਲਦੇਵ ਸਿੰਘ ਸੜਕਨਾਮਾ ਵੱਲੋਂ ਸਿੱਖ, ਸਿੱਖ ਪਾਤਰਾਂ, ‘ਸ਼ੇਰ-ਏ-ਪੰਜਾਬ’ ਮਹਾਰਾਜਾ ਰਣਜੀਤ ਸਿੰਘ ਤੇ ਉਸ ਦੇ ਪਰਿਵਾਰ ਸਬੰਧੀ ਅਸ਼ਲੀਲ ਲਿਖਤ ਲਿਖ ਕੇ ਉਹਨਾਂ ਦੀ ਕਿਰਦਾਰਕੁਸ਼ੀ ਕੀਤੀ ਗਈ ਉਸ ਸਬੰਧੀ ਦਲ ਖ਼ਾਲਸਾ ਵੱਲੋਂ ਪਹਿਲਾ ਵੀ ਆਪ ਜੀ ਨੂੰ ਇਸ ਵਿਅਕਤੀ ਵਿਰੁੱਧ ਕਾਰਵਾਈ ਕਰਨ ਲਈ ਬੇਨਤੀ ਪੱਤਰ ਭੇਜਿਆ ਗਿਆ ਸੀ, ਪਰ ਉਸ ਮਗਰੋਂ ਕੀ ਹੋਇਆ ਇਹ ਸਭ ਕੁਝ ਸਿੱਖਾਂ ਵਿੱਚ ਜਨਤਕ ਕੀਤਾ ਜਾਵੇ ਅਤੇ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ।
ਉਹਨਾਂ ਕਿਹਾ ਕਿ ਕੁੱਝ ਸਮਾਂ ਪਹਿਲਾਂ ਮਲੇਸ਼ੀਆ ਤੋਂ ਜਸਵੰਤ ਸਿੰਘ ਖੋਸਾ ਨਾਮੀ ਵਿਅਕਤੀ ਵੱਲੋਂ ਵਾਦ ਵਿਵਾਦ ਹੱਥ ਲਿਖਤ ਬੀੜ ਨਾਲ ਸਬੰਧਤ ਵਿਅਕਤੀਆਂ ਵਿਰੁੱਧ ਕੋਈ ਬਣਦੀ ਕਾਰਵਾਈ ਕੀਤੀ ਹੈ ਜਾਂ ਨਹੀਂ ਇਹ ਸਭ ਕੁਝ ਸਿੱਖ ਸੰਗਤ ਸਾਹਮਣੇ ਲਿਆਂਦਾ ਜਾਵੇ।ਉਹਨਾਂ ਬਹਿਬਲ ਕਤਲ ਕਾਂਡ ਸਬੰਧੀ ਜਾਂਚ ਕਮਿਸ਼ਨ ਜਸਟਿਸ ਰਣਜੀਤ ਸਿੰਘ ਕੋਲ ਸ਼੍ਰੋਮਣੀ ਕਮੇਟੀ ਜਾਂ ਜਿਸ ਕੋਲੋ ਬਿਆਨ ਜਾਂ ਰਿਕਾਰਡ ਜਮਾ ਕਰਵਾਉਣ ਦੀ ਮੰਗ ਕਰਦਿਆਂ ਕਿਹਾ ਕਿ ਬਹਿਬਲ ਕਤਲ ਕਾਂਡ ਵਿੱਚ 2 ਸਿੱਖ ਸ਼ਹੀਦ ਕਰਨ ਦੇ ਨਾਲ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੀ ਕੀਤੀ ਗਈ ਸੀ ਤੇ ਗੁਰੂ ਗ੍ਰੰਥ ਸਾਹਿਬ ਦੀ ਪਦਵੀ ਤੋਂ ਉਪਰ ਵੱਡਾ ਕੋਈ ਹੋਰ ਅਹੁੱਦਾ ਨਹੀਂ ਹੈ।
ਉਹਨਾਂ ਕਿਹਾ ਬੀਤੇ ਦਿਨ ਬਠਿੰਡਾ ਜਿਲੇ ਦੇ ਪਿੰਡ ਲਹਿਰਾ ਮੁਹੱਬਤ ਦੇ ਨੌਜਵਾਨ ਗੁਰਪ੍ਰੀਤ ਸਿੰਘ ਤੇ ਉਸ ਦੇ ਸਾਥੀ ’ਤੇ ਦਿੱਲੀ ਵਿੱਚ ਉਹਨਾਂ ਦੇ ਮੂੰਹ ’ਤੇ ਸਿਗਰਟ ਦਾ ਧੂੰਆ ਸੁੱਟਿਆ ਗਿਆ ਜਿਸ ਦਾ ਵਿਰੋਧ ਕਰਨ ’ਤੇ ਇਸ ਨੌਜਵਾਨ ਦਾ ਕਤਲ ਕੀਤਾ ਗਿਆ।ਮ੍ਰਿਤਕ ਸਿੱਖ ਨੌਜਵਾਨ ਦੀ ਅੰਤਮ ਅਰਦਾਸ ਮਗਰੋਂ ਵੀ ਬਾਦਲ ਦਲ ਦੇ ਆਗੂਆਂ ਨੇ ਇਸ ’ਤੇ ਸਿਆਹੀ ਮਲ ਕੇ ਆਮ ਕਤਲ ਕਰਾਰ ਦਿੱਤਾ। ਦਲ ਖ਼ਾਲਸਾ ਨੇ ਇਸ ਸਿੱਖ ਨੌਜਵਾਨ ਦੇ ਕਾਤਲ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਵਾਉਣ ਦੀ ਮੰਗ ਕੀਤੀ।
ਉਹਨਾਂ ਕਿਹਾ ਕਿ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਜੋ ਸਰਧਾਲੂਆਂ ਸੋਨੇ ਦਾ ਚੌਰ, ਕਲਗੀ ਤੇ ਮਾਲਾ ਚੜਾ ਕੇ ਗਿਆ ਸੀ, ਜੋ ਖੁਰਦ ਬੁਰਦ ਕੀਤੀ ਗਈ ਤੇ ਇਹ ਵਸਤਾਂ ਪਿਛਲੇ ਦਿਨੀ ਵਾਪਸ ਤਖ਼ਤ ਸਾਹਿਬ ’ਤੇ ਲਿਆਂਦੀਆਂ ਇਹ ਕੁਤਾਹੀ ਕਰਨ ਵਾਲਿਆਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਵਿਰੁੱਧ ਕਾਰਵਾਈ ਕੀਤੀ ਜਾਵੇ।ਉਹਨਾਂ ਕਿਹਾ ਕਿ ਸਿੱਖ ਇਤਿਹਾਸ ਵਿੱਚ ਅਹਿਮੀਅਤ ਤੇ ਮਹਾਨਤਾ ਰੱਖਦੇ ਹੋਏ ਸਿਰਪਾਓ ਹੁਣ ਹਰ ਇੱਕ ਨੂੰ ਹਰ ਸਮਾਗਮ ਇੱਥੋਂ ਤੱਕ ਕਿ ਕੁੱਝ ਇੱਕ ਰਾਜਸੀ ਪਾਰਟੀਆਂ ਦੇ ਪ੍ਰੋਗਰਾਮਾਂ ’ਤੇ ਖੁੱਲੇ ਆਮ ਭੇਂਟ ਕੀਤੇ ਜਾ ਰਹੇ ਹਨ ਜਿਸ ਨਾਲ ਸਿਰੋਪਾਓ ਦੀ ਮਹਾਨਤਾ ਘਟੀ ਹੈ, ਅਜਿਹਾ ਤੁਰੰਤ ਪੱਕੇ ਤੌਰ ’ਤੇ ਬੰਦ ਕੀਤਾ ਜਾਵੇ ਤੇ ਕੁਰਬਾਨੀ ਵਾਲੇ ਜਾਂ ਉਚੇਚੇ ਖਾਸ ਵਿਦਵਾਨ ਨੂੰ ਕੇਵਲ ਤਖ਼ਤਾਂ ’ਤੇ ਹੀ ਸਿਰਪਾਓ ਦੇ ਕੇ ਸਨਮਾਨ ਕੀਤਾ ਜਾਵੇ ਤੇ ਉਸ ਦਾ ਰਿਕਾਰਡ ਰੱਖਿਆ।ਇਸ ਮੌਕੇ ਉਹਨਾਂ ਨਾਲ ਸੁਖਚੈਨ ਸਿੰਘ, ਪਰਨਜੀਤ ਸਿੰਘ ਜੱਗੀ, ਸੁਖਪ੍ਰੀਤ ਸਿੰਘ, ਰਾਜਵੀਰ ਸਿੰਘ, ਜਗਤਾਰ ਸਿੰਘ, ਮਿੱਠੂ ਸਿੰਘ ਹਾਜ਼ਰ ਸਨ।
Check Also
ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ
ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …
Punjab Post Daily Online Newspaper & Print Media