
ਬਠਿੰਡਾ, 18 ਜੁਲਾਈ (ਜਸਵਿੰਦਰ ਸਿੰਘ ਜੱਸੀ)- ਪ੍ਰਵਾਸੀ ਲੇਖਕ ਜੈਸੀ ਢਿੱਲੋਂ ਵੱਲੋਂ ਸਾਹਿਤ ਜਾਗ੍ਰਿਤੀ ਸਭਾ ਬਠਿੰਡਾ ਵੱਲੋਂ ਬਠਿੰਡਾ ਦੇ ਜਮਪਲ ਮਹਾਨ ਲੇਖਕ ਸਵ: ਬਲਵੰਤ ਗਾਰਗੀ ਦੀ ਯਾਦ ਵਿੱਚ ਸੁਰੂ ਕੀਤੇ ਗਏ ਵਾਰਤਕ ਪੁਰਸਕਾਰ ‘ਸਵ: ਬਲਵੰਤ ਗਾਰਗੀ ਸਮਰਪਿਤ ਵਾਰਤਕ ਪੁਰਸਕਾਰ’ ਤੇ ਖੁਸ਼ੀ ਪ੍ਰਗਟ ਕਰਦਿਆਂ ਇਸ ਪੁਰਸਕਾਰ ਲਈ ਸਲਾਨਾ 5100 ਰੁ: ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।ਉਨ੍ਹਾਂ ਸਲਾਨਾ 6000 ਰੁ: ਹੋਰ ਵੱਖ ਵੱਖ ਵਿਧਾਵਾਂ ਵਿੱਚ ਉੱਭਰ ਰਹੇ ਨੌਜੁਆਨ ਸਾਹਿਤਕਾਰਾਂ ਵਾਸਤੇ ਵੀ ਦੇਣ ਦਾ ਵਾਅਦਾ ਕੀਤਾ ਹੈ । ਸ੍ਰੀ ਜੈਸੀ ਢਿੱਲੋਂ ਵੱਲੋਂ ਕੀਤੇ ਗਏ ਐਲਾਨ ਤੇ ਪੰਜਾਬੀ ਸਾਹਿਤ ਜਾਗ੍ਰਿਤੀ ਸਭਾ ਦੇ ਸਰਪ੍ਰਸਤ ਪ੍ਰਿੰਸੀਪਲ ਜਗਦੀਸ਼ ਸਿੰਘ ਘਈ, ਮੁੱਖ ਸਲਾਹਕਾਰ ਸ਼ਰੇਸ਼ ਗੋਇਲ, ਪ੍ਰਧਾਨ ਅਮਰਜੀਤ ਜੀਤ, ਜਰਨਲ ਸਕੱਤਰ ਜਸਵੰਤ ਜਸ, ਸੰਯੋਜਕ ਜਨਕ ਸ਼ਰਮੀਲਾ, ਵਿਸ਼ੇਸ਼ ਸਕੱਤਰ ਤਰਸੇਮ ਬਸ਼ਰ ਸਮੇਤ ਹਰਦਰਸ਼ਨ ਸੋਹਲ, ਨਛੱਤਰ ਝੁੱਟੀਕਾ, ਦਵਿੰਦਰ ਸਿੰਘ ਸੂਚ, ਸੱਤਪਾਲ ਬਰਾੜ, ਚਮਨ ਮਤਵਾਲਾ, ਦਰਸ਼ਨ ਦਰਸ਼ੀ ਆਦਿ ਸਮੂਹ ਮੈਂਬਰਾਂ ਨੇ ਪੰਜਾਬੀ ਸਾਹਿਤ ਪ੍ਰਤੀ ਉਨ੍ਹਾਂ ਦੀ ਭਾਵਨਾ ਅਤੇ ਸਨੇਹ ਦੀ ਸ਼ਲਾਘਾ ਕੀਤੀ ਹੈ।ਪ੍ਰਿੰਸੀਪਲ ਘਈ ਨੇ ਸਵ: ਬਲਵੰਤ ਗਾਰਗੀ ਨੂੰ ਮਾਲਵੇ ਦਾ ਸ਼ਾਹਕਾਰ ਲੇਖਕ ਦੱਸਦਿਆਂ ਕਿਹਾ ਕਿ ਇਹ ਪੁਰਸਕਾਰ ਸ਼ੁਰੂ ਕੀਤਾ ਜਾਣਾ ਇੱਕ ਸ਼ਲਾਘਾਯੋਗ ਕਦਮ ਹੈ ਪਰ ਬਲਵੰਤ ਗਾਰਗੀ ਨੂੰ ਬਠਿੰਡਾ ਸ਼ਹਿਰ ਵੱਲੋ ਬਣਦਾ ਮਾਣ ਸਤਿਕਾਰ ਦੇਣਾ ਹਾਲੇ ਬਾਕੀ ਹੈ।ਬੀਤੇ ਦਿਨੀ ਇਸੇ ਸੰਬੰਧ ਵਿੱਚ ਹੋਈ ਬੈਠਕ ਦੌਰਾਨ ਜਿਸ ਵਿੱਚ ਉੱਘੇ ਰੰਗ ਮੰਚ ਕਰਮੀ ਟੋਨੀ ਬਾਤਿਸ਼ ਕਾਲਮ ਨਵੀਸ ਤਰਸੇਮ ਬਸ਼ਰ, ਸਾਹਿਤ ਜਾਗ੍ਰਿਤੀ ਸਭਾ ਦੇ ਪ੍ਰਧਾਨ ਅਮਰਜੀਤ ਜੀਤ, ਸੀਨੀਅਰ ਅਕਾਲੀ ਆਗੂ ਐਡਵੋਕੇਟ ਸ: ਮੋਹਨਜੀਤ ਸਿੰਘ ਪੁਰੀ, ਚਿੱਤਰਕਾਰ ਅਤੇ ਕਵੀ ਹਰਦਰਸ਼ਨ ਸੋਹਲ ਅਤੇ ਕਵੀ ਜਸਵੰਤ ਜਸ ਨੇ ਹਿੱਸਾ ਲੈਂਦਿਆਂ ਸਵ: ਬਲਵੰਤ ਗਾਰਗੀ ਦੀ ਯਾਦ ਵਿੱਚ ਬਠਿੰਡਾ ਸ਼ਹਿਰ ਦੇ ਕਿਸੇ ਮਾਰਗ ਦਾ ਨਾਂ ਉਨ੍ਹਾਂ ਦੇ ਨਾਂ ਤੇ ਰੱਖਣ ਦੀ ਮੰਗ ਕੀਤੀ । ਟੋਨੀ ਬਾਤਿਸ਼ ਅਨੁਸਾਰ ਬਠਿੰਡਾ ਦੇ ਜੰਮਪਲ ਮਹਾਨ ਨਾਟਕਕਾਰ ਅਤੇ ਲੇਖਕ ਬਲਵੰਤ ਗਾਰਗੀ ਨੂੰ ਸਨਮਾਨ ਦੇਣਾ ਇਲਾਕਾ ਨਿਵਾਸੀਆਂ ਦਾ ਹੀ ਨਹੀਂ ਪ੍ਰਸ਼ਾਸ਼ਨ ਦਾ ਵੀ ਪਹਿਲਾ ਫ਼ਰਜ ਹੈ ਤੇ ਇਸ ਮੰਗ ਨੂੰ ਤੁਰੰਤ ਮੰਨ ਲਿਆ ਜਾਣਾ ਚਾਹੀਦਾ ਹੈ। ਸ: ਮੋਹਨਜੀਤ ਸਿੰਘ ਪੁਰੀ ਨੇ ਵੀ ਭਰੋਸਾ ਦਿੱਤਾ ਕਿ ਉਹ ਵੀ ਆਪਣੇ ਪੱਧਰ ਤੇ ਇਸ ਕਾਰਜ ਲਈ ਯਤਨ ਕਰਨਗੇ।ਪ੍ਰਵਾਸੀ ਲੇਖਕ ਜੈਸੀ ਢਿੱਲੋਂ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਪੰਜਾਬ ਵਿੱਚ ਲੇਖਕ ਸਰਗਰਮ ਹਨ ਤੇ ਅਦਬੀ ਮਾਹੌਲ ਦਾ ਵਹਾਅ ਨਿਰੰਤਰ ਜਾਰੀ ਹੈ । ਉਨ੍ਹਾਂ ਨੇ ਸਾਹਿਤ ਜਾਗ੍ਰਿਤੀ ਸਭਾ ਬਠਿੰਡਾ, ਟੋਨੀ ਬਾਤਿਸ਼ ਵੱਲੋਂ ਦਹਾਕਿਆਂ ਤੋਂ ਕੀਤੀ ਜਾ ਰਹੀ ਘਾਲਣਾ ਅਤੇ ਲੇਖਕ ਤਰਸੇਮ ਬਸ਼ਰ ਵੱਲੋਂ ਦਿੱਤੇ ਜਾ ਰਹੇ ਸਾਹਿਤਕ ਯੋਗਦਾਨ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਸਵ: ਬਲਵੰਤ ਗਾਰਗੀ ਦੇ ਸਨਮਾਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੇ ਨਾਲ ਹਨ ਤੇ ਹਰ ਸੰਭਵ ਮੱਦਦ ਕਰਨਗੇ ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media