ਪਠਾਨਕੋਟ, 16 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਅੰਦਰ ਪਟਾਕੇ ਚਲਾਉਣ ਦੀ ਆਗਿਆ ਸਿਰਫ ਦੀਵਾਲੀ ਵਾਲੇ ਦਿਨ 19 ਅਕਤੂਬਰ 2017 ਨੂੰ ਸ਼ਾਮ 06:30 ਵਜੇ ਤੋਂ ਲੈ ਕੇ ਰਾਤ 09:30 ਵਜੇ ਤੱਕ ਦਿੱਤੀ ਗਈ ਹੈ। ਮਾਨਯੋਗ ਅਦਾਲਤ ਨੇ ਇਹ ਵੀ ਕਿਹਾ ਕਿ ਪੀ.ਸੀ.ਆਰ ਦਸਤਿਆਂ ਵਲੋਂ ਇੰਨਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਚੈਂਕ ਕੀਤਾ ਜਾਵੇਗਾ।ਇਸ ਸਬੰਧੀ ਸ੍ਰੀਮਤੀ ਨੀਲਿਮਾ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਉਹ ਮਾਨਯੋਗ ਪੰਜਾਬ ਅਤੇ ਹਰਿਆਣਾ ਕੋਰਟ ਵਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ।ਉਨਾਂ ਕਿਹਾ ਕਿ ਪੰਜਾਬ ਪੁਲਿਸ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਸਿਰਫ ਦੀਵਾਲੀ ਵਾਲੇ ਦਿਨ ਸ਼ਾਮ 06:30 ਵਜੇ ਤੋਂ ਲੈ ਕੇ ਰਾਤ 09:30 ਵਜੇ ਤੱਕ ਹੀ ਪਟਾਕੇ ਚਲਾਏ ਜਾਣ। ਉਨਾਂ ਕਿਹਾ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੀ ਦੀਵਾਲੀ ਦਿਨ ਨੋਆਇਜ਼ ਲੈਵਲ ਨੂੰ ਮੋਨੀਟਰ ਕਰੇਗਾ।ਉਨਾਂ ਕਿਹਾ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਇੰਜੀਨੀਅਰ ਰਨਤੇਜ ਸ਼ਰਮਾ ਨੂੰ ਨੋਡਲ ਅਫਸਰ ਨਿਯੁੱਕਤ ਕੀਤਾ ਗਿਆ ਹੈ ਅਤੇ ਕੋਈ ਵੀ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਸਬੰਧੀ ਉਨਾਂ ਦੇ ਮੋਬਾਇਲ ਨੰਬਰ 8146662538 ‘ਤੇ ਸੰਪਰਕ ਕਰਕੇ ਜਾਣਕਾਰੀ ਦੇ ਸਕਦਾ ਹੈ।ਉਨਾਂ ਨੇ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਉਹ ਪਟਾਕੇ ਵੇਚਣ ਵਾਲੀਆਂ ਦੁਕਾਨਾਂ ਦੀ ਵੀ ਚੈਕਿੰਗ ਕਰਨ ਤਾਂ ਜੋ ਕੋਈ ਵੀ ਦੁਕਾਨਦਾਰ 125 ਡੀਬੀ (ਏ) ਤੋਂ ਵੱਧ ਆਵਾਜ ਵਾਲੇ ਪਟਾਕੇ ਨਾ ਵੇਚੇ। ਉਨਾਂ ਕਿਹਾ ਕਿ ਸਕੂਲਾਂ, ਕਾਲਜਾਂ ਅਤੇ ਸਮਾਜ ਸੰਸਥਾਵਾਂ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਘੱਟ ਤੋਂ ਘੱਟ ਪਟਾਕਿਆਂ ਦੀ ਵਰਤੋਂ ਕਰਨ ਸਬੰਧੀ ਜਾਗਰੂਕ ਕਰਨ ਅਤੇ ਗ੍ਰੀਨ ਦੀਵਾਲੀ ਮਨਾਉਣ ਲਈ ਪ੍ਰੇਰਤ ਕਰਨ।ਉਨਾਂ ਇਹ ਵੀ ਕਿਹਾ ਕਿ ਉਹ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਪਟਾਕਿਆਂ ਤੋਂ ਹੋਣ ਵਾਲੇ ਪ੍ਰਦੂਸ਼ਣ ਸਬੰਧੀ ਜਾਗਰੂਕ ਕਰਨ ਅਤੇ ਸਕੂਲ ਤੇ ਕਾਲਜਾਂ ਮੋਟੀਵੇਸ਼ਨਲ ਪ੍ਰੋਗਰਾਮ ਕਰਵਾ ਕੇ ਵਿਦਿਆਰਥੀਆਂ ਨੂੰ ਜਾਣਕਾਰੀ ਦੇਣ।ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘੱਟ ਤੋਂ ਘੱਟ ਪਟਾਕੇ ਚਲਾਉਣ ਅਤੇ ਇਸ ਦੀਵਾਲੀ ਨੂੰ ਗ੍ਰੀਨ ਦੀਵਾਲੀ ਵਜੋਂ ਮਨਾਉਣ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਕੁਲਵੰਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ), ਅਮਿਤ ਮਹਾਜਨ ਐਸ.ਡੀ.ਐਮ ਪਠਾਨਕੋਟ, ਅਸ਼ੋਕ ਕੁਮਾਰ ਸਹਾਇਕ ਕਮਿਸ਼ਨਰ ਜਨਰਲ, ਗੁਰਮਿੰਦਰ ਸਿੰਘ ਜੌਹਲ ਸਹਾਇਕ ਕਮਿਸ਼ਨਰ ਸ਼ਿਕਾਇਤਾਂ, ਜਿਲਾ ਸਿੱਖਿਆ ਅਫਸਰ (ਸੈ), ਐਸ.ਡੀ.ਓਜ਼ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਆਦਿ ਹਾਜਰ ਸਨ।
ਇਸ ਤੋਂ ਉਪਰੰਤ ਡਿਪਟੀ ਕਮਿਸ਼ਨਰ ਵੱਲੋਂ ਪਟਾਕੇ ਵੇਚਣ ਵਾਲਿਆਂ ਨੂੰ ਡਰਾਅ ਕੱਢ ਕੇ ਲਾਇਸੈਂਸ ਦਿੱਤੇ ਗਏ।ਉਨਾਂ ਦੱਸਿਆ ਕਿ ਪਠਾਨਕੋਟ/ਸੁਜਾਨਪੁਰ ਸ਼ਹਿਰ ਵਿਖੇ ਰਾਮ ਲੀਲਾ ਗਰਾਉਂਡ ਮਿਸ਼ਨ ਰੋਡ ਪਠਾਨਕੋਟ, ਛੋਟਾ ਪਾਰਕ ਸਾਹਮਣੇ ਗੁਰੂ ਨਾਨਕ ਪਾਰਕ ਮਾਡਲ ਟਾਊਨ ਪਠਾਨਕੋਟ, ਆਈ.ਡੀ.ਐਸ.ਡੀ ਹਾਈ ਸਕੂਲ ਪਠਾਨਕੋਟ ਦੀ ਗਰਾਊਂਡ ਵਿੱਚ, ਮਿਊਂਸਪਲ ਕਲੌਨੀ ਪਾਰਕ ਢਾਕੀ ਰੋਡ ਪਠਾਨਕੋਟ, ਸਿਆਲੀ ਰੋਡ ਪਠਾਨਕੋਟ ਦੇ ਨਾਲ ਲੱਗਦੀ ਟਰੱਕ ਯੂਨੀਅਨ ਦੀ ਗਰਾਊਂਡ, ਬਿਜਲੀ ਘਰ ਗਰਾਊਂਡ ਸੁਜਾਨਪੁਰ ਅਤੇ ਸਟੇਡੀਅਮ ਸੁਜਾਨਪੁਰ ਵਿਖੇ ਰਿਟੇਲ ਸੇਲਰਜ਼ ਵਲੋਂ ਆਤਿਸ਼ਬਾਜੀ/ਪਟਾਕੇ ਵੇਚੇ ਜਾਣਗੇ।ਉਨਾਂ ਦੱਸਿਆ ਕਿ ਪਟਾਕੇ ਵੇਚਣ ਲਈ ਦਫਤਰ ਡਿਪਟੀ ਕਮਿਸ਼ਨਰ ਦੀ ਲਾਇਸੈਂਸ ਬਰਾਂਚ ਕੋਲ ਕੁੱਲ 22 ਅਰਜੀਆਂ ਆਈਆਂ ਸਨ।ਜਿੰਨਾਂ ਵਿਚੋਂ ਡਰਾਅ ਕੱਢ ਕੇ 7 ਵਿਅਕਤੀਆਂ ਨੂੰ ਉਕਤ ਥਾਂ ‘ਤੇ ਪਟਾਕੇ ਵੇਚਣ ਲਈ ਲਾਇਸੈਂਸ ਜਾਰੀ ਕੀਤੇ ਗਏ ਹਨ।ਉਨਾਂ ਦੱਸਿਆ ਕਿ ਅਰੁਣ ਸ਼ਰਮਾ ਪ੍ਰੋ: ਭਾਰਤ ਇੰਟਰਪ੍ਰਾਈਜ਼ਿਜ, ਹਰੀਸ਼ ਕੁਮਾਰ ਪੁਤਰ ਚਾਨਣਾ ਰਾਮ ਮਾਡਲ ਟਾਊਨ ਪਠਾਨਕੋਟ, ਰਿਸ਼ੂ ਸ਼ਰਮਾ ਪੁਤਰ ਰਾਕੇਸ ਸ਼ਰਮਾ ਸੁੰਦਰ ਨਗਰ ਪਠਾਨਕੋਟ, ਵਿਸ਼ਾਲ ਪੁੱਤਰ ਸੋਮ ਰਾਜ ਬਸੰਤ ਕਲੌਨੀ ਪਠਾਨਕੋਟ, ਸੰਜੇ ਕੁਮਾਰ ਪੁੱਤਰ ਦੇਸ ਰਾਜ ਰਾਮ ਸ਼ਰਨਮ ਕਲੌਨੀ, ਗੋਰਵ ਪੁਤਰ ਸੁਨੀਲ ਕੁਮਾਰ ਮਾਡਲ ਟਾਊਨ, ਪਵਨਦੀਪ ਸਿੰਘ ਪੁੱਤਰ ਨਰਿੰਦਰ ਸਿੰਘ ਗਾਂਧੀ ਨਗਰ ਦੇ ਡਰਾਅ ਨਿਕਲੇ ਹਨ ਅਤੇ ਇੰਨਾਂ ਵਿਅਕਤੀਆਂ ਨੂੰ ਪਟਾਕੇ ਵੇਚਣ ਦੇ ਲਾਇਸੈਂਸ ਜਾਰੀ ਕਰ ਦਿੱਤੇ ਗਏ ਹਨ।ਉਨਾਂ ਕਿਹਾ ਕਿ ਇਹ ਸਾਰੇ ਵਿਅਕਤੀ ਪਟਾਕਿਆਂ ਨੂੰ ਵੇਚਣ ਸਬੰਧੀ ਸੁਰੱਖਿਆ ਦਾ ਪੂਰਾ ਧਿਆਨ ਰੱਖਣ। ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਕੁਲਵੰਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ), ਅਸ਼ੋਕ ਕੁਮਾਰ ਸਹਾਇਕ ਕਮਿਸ਼ਨਰ ਜਨਰਲ, ਨਥੂ ਰਾਮ ਸ਼ਰਮਾ ਜਿਲਾ ਫਾਇਰ ਅਫਸਰ ਪਠਾਨਕੋਟ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media