ਫਾਜ਼ਿਲਕਾ, 21 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਪੰਜਾਬ ਸਰਕਾਰ ਵਲੋਂ ਸੂਬੇ ਦੇ 800 ਸਰਕਾਰੀ ਸਕੂਲਾਂ ਨੂੰ ਬੰਦ ਕਰਨ ਦਾ
ਫੈਸਲਾ ਕਰਕੇ ਇਨਾਂ ਸਕੂਲਾਂ ਵਿਚ ਪੜ ਰਹੇ ਵਿਦਿਆਰਥੀਆਂ, ਸੇਵਾ ਨਿਭਾਅ ਰਹੇ ਅਧਿਆਪਕਾਂ ਅਤੇ ਮਿਡ-ਡੇ-ਮੀਲ ਵਰਕਰਾਂ ਸਮੇਤ ਪੂਰੇ ਸਿੱਖਿਆ ਤੰਤਰ ਨਾਲ ਧੱਕਾ ਕੀਤਾ ਹੈ, ਸਰਕਾਰ ਦੇ ਇਸ ਨਾਦਰਸ਼ਾਹੀ ਤੇ ਤੁਗ਼ਲਕੀ ਫਰਮਾਨ ਦਾ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਲੋਂ ਡਟਵਾਂ ਵਿਰੋਧ ਕੀਤਾ ਜਾਵੇਗਾ ।
ਇਸ ਸਬੰਧੀ ਗੌਰਮਿੰਟ ਟੀਚਰਜ਼ ਯੂਨੀਅਨ ਫਾਜ਼ਿਲਕਾ ਦੇ ਜਿਲਾ ਪ੍ਰਧਾਨ ਭਗਵੰਤ ਭਠੇਜਾ, ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ, ਜ਼ਿਲਾ ਜਨਰਲ ਸਕੱਤਰ ਨਿਸ਼ਾਂਤ ਅੱਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਦਾਅਵੇ ਤਾਂ ਸਰਕਾਰੀ ਸਿੱਖਿਆ ਨੂੰ ਬਚਾਉਣ ਦੇ ਕੀਤੇ ਜਾ ਰਹੇ ਹਨ ਪਰ ਸਰਕਾਰ ਦੇ ਫੈਸਲੇ ਬਿਲਕੁੱਲ ਇਸ ਦੇ ਉਲਟ ਹਨ।ਸਰਕਾਰ ਅਸਲ `ਚ ਸਰਕਾਰੀ ਸਿੱਖਿਆ ਤੰਤਰ ਨੂੰ ਬਚਾਉਣ ਨਹੀਂ ਸਗੋਂ ਸਰਕਾਰੀ ਸਿੱਖਿਆ ਨੂੰ ਖਤਮ ਕਰਨਾ ਚਾਹੁੰਦੀ ਹੈ, ਜਿਸ ਦੀ ਤਾਜ਼ਾ ਮਿਸਾਲ 800 ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਦੇ ਸਰਕਾਰ ਦੇ ਫੈਸਲੇ ਨੇ ਦੇ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਪ੍ਰੈਸ ਸਕੱਤਰ ਰਾਜ ਕੁਮਾਰ ਖੱਤਰੀ, ਦਫ਼ਤਰੀ ਸਕੱਤਰ ਰਾਜੀਵ ਚਗਤੀ ਤੇ ਸਮੂਹ ਬਲਾਕ ਪ੍ਰਧਾਨਾ ਨੇ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਦੇ ਅਧਿਕਾਰੀ ਪ੍ਰੀ-ਪ੍ਰਾਇਮਰੀ ਜਮਾਤਾਂ 14 ਨਵੰਬਰ ਤੋਂ ਸ਼ੁਰੂ ਕੀਤੇ ਜਾਣ ਦੀਆਂ ਖਬਰਾਂ ਜੋਰ ਸ਼ੋਰ ਨਾਲ ਵਿਭਾਗ ਲੋਕਾਂ ਨੂੰ ਦੇ ਰਹੇ ਹਨ ਦੂਜੇ ਪਾਸੇ ਸਰਕਾਰ ਸਕੂਲਾਂ ਨੂੰ ਬੰਦ ਕਰਨ ਦੇ ਰਾਹ ਤੇ ਤੁਰ ਪਈ ਹੈ।ਸਿੱਖਿਆ ਮੰਤਰੀ ਪੰਜਾਬ ਦੇ ਆਪਣੇ ਖੁੱਦ ਦੇ ਜਿਲੇ ਗੁਰਦਾਸਪੁਰ ਦੇ 133 ਪ੍ਰਾਇਮਰੀ ਸਕੂਲ ਬੰਦ ਕਰਨ ਵਾਲੀ ਲਿਸਟ ਵਿਚ ਹਨ ਤੇ ਸਿੱਖਿਆ ਮੰਤਰੀ ਜੀ ਕਿਵੇਂ ਪੰਜਾਬ ਦੀ ਜਨਤਾ ਤੇ ਬੁੱਧੀਜੀਵੀ ਵਰਗ ਨੂੰ ਸਰਕਾਰੀ ਸਿੱਖਿਆ ਨੂੰ ਬਚਾਉਣ ਦੇ ਲਾਰੇ ਦੇ ਸਕਣਗੇ, ਇਹ ਆਉਣ ਵਾਲੇ ਸਮੇਂ ਵਿਚ ਵੇਖਣ ਵਾਲੀ ਗੱਲ ਹੋਵੇਗੀ।ਸਿੱਖਿਆ ਮੰਤਰੀ ਜੀ ਕਿਸ ਤਰਾਂ ਪੰਜਾਬ ਦੀ ਪ੍ਰਾਇਮਰੀ ਸਿੱਖਿਆ ਨੂੰ ਬਚਾਉਣ ਦੀ ਕੋਸ਼ਿਸ਼ਾਂ ਕਰ ਰਹੇ ਹਨ ਇਸ ਦਾ ਅੰਦਾਜ਼ਾ ਤਾਂ ਇਸੇ ਗੱਲ ਤੋਂ ਲੱਗ ਜਾਂਦਾ ਹੈ ਕਿ ਅੱਧਾ ਸਾਲ ਬੀਤ ਜਾਣ ਤੋਂ ਬਾਅਦ ਵੀ ਸਰਕਾਰੀ ਸਕੂਲਾਂ ਵਿਚ ਪੜਦੇ ਵਿਦਿਆਰਥੀਆਂ ਨੂੰ ਪੂਰੀਆਂ ਕਿਤਾਬਾਂ ਵੀ ਨਸੀਬ ਨਹੀਂ ਹੋਇਆ ਤੇ ਪ੍ਰਾਇਮਰੀ ਸਕੂਲਾਂ ਵਿੱਚ ‘ਬਿਨਾਂ ਕੋਈ ਟੀਚਿੰਗ ਮਟੀਰੀਅਲ ਦਿੱਤੇ ਪ੍ਰਾਜੈਕਟ ਚਲਾ ਕੇ ਸਿੱਖਿਆ ਦਾ ਬੇੜਾ ਗਰਕ’ ਕੀਤਾ ਜਾ ਰਿਹਾ ਹੈ।ਇਸ ਦੇ ਨਾਲ ਹੀ ਕਬਾੜ ਕੰਪਿਊਟਰਾਂ ਨਾਲ ਪ੍ਰਾਇਮਰੀ ਸਕੂਲਾਂ ਦੀ ਸਿੱਖਿਆ ਦਾ ਆਧੁਨਿਕੀਕਰਨ ਕਰਨਾ ਵੀ ਮੰਤਰੀ ਜਦੀ ਮਹਾਨ ‘ਉਪਲੱਬਧੀ’ ਹੀ ਕਹੀ ਜਾ ਸਕਦੀ ਹੈ।ਇਨਾਂ 800 ਸਕੂਲਾਂ ਵਿਚ ਕੰਮ ਕਰਦੀਆਂ ਮਿਡ-ਡੇ-ਮੀਲ ਵਰਕਰਾਂ ਤੋਂ ਉਨਾਂ ਦਾ ਰੋਜ਼ਗਾਰ ਖੋਹਣਾ ਸਰਾਸਰ ਗਲਤ ਹੈ।ਪੰਜਾਬ ਸਰਕਾਰ ਦੇ ਇਸ ਨਾਦਰਸ਼ਾਹੀ ਫੈਸਲੇ ਦਾ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਡਟਵਾਂ ਵਿਰੋਧ ਕੀਤਾ ਜਾਵੇਗਾ ਤੇ ਸਰਕਾਰੀ ਸਕੂਲਾਂ ਅਤੇ ਸਰਕਾਰੀ ਸਿੱਖਿਆ ਤੰਤਰ ਨੂੰ ਬਚਾਉਣ ਲਈ ਤਿੱਖਾ ਸੰਘਰਸ਼ ਕੀਤਾ ਜਾਵੇਗਾ ਤਾਂ ਜੋ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਤੇ ਵਿਭਾਗ ਦੇ ਮੰਤਰੀ ਨੂੰ ਇਸ ਫੈਸਲੇ ਨੂੰ ਮੁੜ ਵਿਚਾਰਨ ਲਈ ਮਜਬੂਰ ਹੋਣਾ ਪਵੇ।ਸਰਕਾਰ ਦੇ ਇਸ ਫੈਸਲੇ ਵਿਰੁਧ ਗੌਰਮਿੰਟ ਟੀਚਰ ਯੂਨੀਅਨ ਵਲੋਂ ਪੂਰੇ ਪੰਜਾਬ ਵਿਚ ਸਰਕਾਰ ਦੀ ਅਰਥੀਆਂ ਫੂਕੀਆਂ ਜਾਣਗੀਆਂ ।
ਇਸ ਮੌਕੇ ਜਿਲਾ ਆਗੂ ਰਜਨੀਸ਼ ਕੁਮਾਰ, ਅਰੁਣ ਗੁਪਤਾ, ਓਮ ਪ੍ਰਕਾਸ਼ ਲਾਲੋਵਾਲੀ, ਸੁਸ਼ੀਲ ਕੁਮਾਰ, ਕਿ੍ਰਸ਼ਨ ਕੁਮਾਰ, ਸੁਧੀਰ ਕਾਲੜਾ, ਮੋਹਿੰਦਰ ਜਾਜੋਰਿਆ, ਕੁਲਬੀਰ ਸਿੰਘ, ਬਲਾਕ ਪ੍ਰਧਾਨ ਅਮਨਦੀਪ ਸਿੰਘ, ਰਿਸ਼ੂ ਸੇਠੀ, ਧਰਮਿੰਦਰ ਗੁਪਤਾ, ਪਰਮਜੀਤ ਸਿੰਘ ਸ਼ੇਰੇ ਵਾਲਾ, ਹਰਭਜਨ ਸਿੰਘ, ਵਿਨੈ ਕੁਮਾਰ, ਕੁਲਬੀਰ ਸਿੰਘ, ਵਰਿੰਦਰ ਸਿੰਘ ਮਿੱਤਲ, ਓਮ ਪ੍ਰਕਾਸ਼ ਬੰਨਾਵਾਲੀ, ਸੰਜੀਵ ਕੁਮਾਰ, ਸੌਰਵ ਧੂੜੀਆ, ਸਾਹਿਲ ਬਾਂਸਲ, ਦੀਪਕ ਮਿੱਤਲ, ਸੰਦੀਪ ਪੀਟਰਸਨ, ਨੀਰਜ ਖੰਨਾ ਹਾਜ਼ਰ ਸਨ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media