ਬਠਿੰਡਾ, 21 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਕਮਿਊਨਿਟੀ ਸਿਹਤ ਕੇਂਦਰ ਸੰਗਤ ਵਿਖੇ ਐਸ.ਐਮ.ਓ. ਡਾ ਸਰਬਜੀਤ ਸਿੰਘ ਦੀ ਅਗਵਾਈ ਹੇਠ ਕੌਮੀ ਆਇਓਡੀਨ ਘਾਟ ਕੰਟਰੋਲ ਪ੍ਰੋਗਰਾਮ ਤਹਿਤ ਆਇਓਡੀਨ ਦੀ ਘਾਟ ਨਾਲ ਪੈਦਾ ਹੋਣ ਵਾਲੀਆ ਬਿਮਾਰੀਆ ਬਾਰੇ ਜਾਗਰੂਕਤਾ ਕੈਂਪ ਲਗਾਇਆ ਗਿਆ।ਸੰਗਤ ਅਤੇ ਨਜਦੀਕੀ ਪਿੰਡਾਂ ਤੋਂ ਲੋਕਾਂ ਨੇ ਹਿੱਸਾ ਲਿਆ।ਇਸ ਮੌਕੇ ਐਸ.ਐਮ.ਓ ਡਾ. ਸਰਬਜੀਤ ਸਿੰਘ ਅਤੇ ਡਾ. ਸਿਮਰਨ ਮਾਨ ਨੇ ਕਿਹਾ ਕਿ ਆਇਓਡੀਨ ਦੀ ਘਾਟ ਨਾਲ ਗਿੱਲੜ ਰੋਗ ਹੋ ਜਾਂਦਾ ਹੈ, ਨਵ ਜਨਮੇਂ ਬੱਚੇ ਦੇ ਸਰੀਰ ਅਤੇ ਦਿਮਾਗ ਦੇ ਵਿਕਾਸ ਵਿਚ ਹਮੇਸ਼ਾਂ ਲਈ ਰੁਕਾਵਟ ਆ ਸਕਦੀ ਹੈ ਅਤੇ ਇਸ ਤੋਂ ਇਲਾਵਾ ਬੋਲਾਪਣ, ਗੂੰਗਾਪਣ, ਭੈਂਗਾਪਣ ਠੀਕ ਤਰਾ ਖੜੇ ਹੋਣ ਜਾ ਚੱਲਣ ਫਿਰਨ ਵਿਚ ਮੁਸ਼ਕਿਲ ਆ ਸਕਦੀ ਹੈ।ਇਸੇ ਤਰਾ ਗਰਭਵਤੀ ਔਰਤਾਂ ਵਿਚ ਆਇਓਡੀਨ ਦੀ ਕਮੀ ਹੋਣ ਕਾਰਨ ਗਰਭਪਾਤ, ਮਰਿਆ ਹੋਇਆ ਬੱਚਾ ਪੈਦਾ ਹੋਣਾ ਆਦਿ ਹੋ ਸਕਦਾ ਹੈ।ਇਸ ਲਈ ਭੋਜਨ ਵਿਚ ਆਇਓਡੀਨ ਯੁਕਤ ਲੂਣ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਸਰੀਰ ਵਿਚ ਆਇਓਡੀਨ ਦੀ ਘਾਟ ਨਾ ਹੋ ਸਕੇ ।
ਬਲਾਕ ਹੈਲਥ ਐਜੂਕੇਟਰ ਸਾਹਿਲ ਪੁਰੀ ਨੇ ਕਿਹਾ ਕਿ ਆਇਓਡੀਨ ਇਕ ਖੁਰਾਕੀ ਤੱਤ ਹੈ, ਜੋ ਸਾਡੇ ਸ਼ਰੀਰ ਲਈ ਬਹੁਤ ਜ਼ਰੂਰੀ ਹੈ।ਆਇਓਡੀਨ ਸਰੀਰ ਅਤੇ ਦਿਮਾਗ਼ ਦੋਹਾਂ ਦੇ ਸਹੀ ਵਿਕਾਸ ਅਤੇ ਵਾਧੇ ਲਈ ਜ਼ਰੂਰੀ ਹੈ।ਉਹਨਾਂ ਕਿਹਾ ਕਿ ਸਿਹਤ ਵਿਭਾਗ ਲੋਕਾਂ ਦੀ ਸੇਵਾ ਵਿਚ ਹਰ ਸਮੇਂ ਹਾਜਰ ਹੈ, ਵੱਧ ਤੋਂ ਵੱਧ ਲੋਕਾਂ ਵੱਲੋਂ ਸਮੇ ਸਮੇਂ ਤੇ ਆਪਣੀ ਸਿਹਤ ਜਾਂਚ ਕਰਵਾਨੀ ਚਾਹੀਦੀ ਹੈ ਤਾਂ ਜੋ ਸਮੇਂ ਰਹਿੰਦੇ ਬਿਮਾਰੀਆਂ ਉਪਰ ਕਾਬੂ ਪਾਇਆ ਜਾ ਸਕੇ।ਉਹਨਾਂ ਦੱਸਿਆ ਕਿ ਵਿਭਾਗ ਵੱਲੋਂ ਹਰ ਸ਼ਨੀਵਾਰ 30 ਸਾਲ ਤੋਂ ਵੱਧ ਉਮਰ ਦੇ ਲੋਕਾਂ ਦਾ ਬਿਲਕੁੱਲ ਮੁਫ਼ਤ ਜਾਂਚ, ਟੈਸਟ ਅਤੇ ਮੈਡੀਸੀਨ ਦਿੱਤੀ ਜਾਂਦੀ ਹੈ।ਇਸ ਤੋਂ ਇਲਾਵਾ ਹਰ ਮਹੀਨੇ ਦੀ 9 ਤਰੀਕ ਨੂੰ ਪ੍ਰਧਾਨ ਮੰਤਰੀ ਸੁਰਖਿਅਤ ਮਾਤ੍ਰਤਵ ਅਭਿਆਨ ਤਹਿਤ ਸੀ.ਐਚ.ਸੀ ਸੰਗਤ ਵਿਖੇ ਗਰਭਵਤੀ ਔਰਤਾਂ ਦਾ ਮੁਫਤ ਟੈਸਟ ਅਤੇ ਜਾਂਚ ਕੀਤੀ ਜਾਂਦੀ ਹੈ।ਇਸ ਦੇ ਨਾਲ ਹੀ ਆਂਗਣਵਾੜੀ, ਸਕੂਲ ਪੱਧਰ ਤੇ ਵੀ ਰਾਸ਼ਟਰੀਆ ਬਾਲ ਸਵਾਸਥ ਕਾਰਿਆਕਰਮ ਅਧੀਨ ਬਚਿਆਂ ਦੀ ਸਿਹਤ ਜਾਂਚ ਕੀਤੀ ਜਾ ਰਹੀ ਹੈ।ਇਸ ਯੋਜਨਾ ਅਧੀਨ 30 ਬੀਮਾਰੀਆਂ ਦਾ ਮੁਫ਼ਤ ਇਲਾਜ਼ ਵੀ ਕਰਵਾਇਆ ਜਾਂਦਾ ਹੈ।ਉਹਨਾਂ ਕਿਹਾ ਕਿ ਸਿਹਤ ਵਿਭਾਗ ਦੀ ਸਕੀਮਾਂ ਸੰਬੰਧੀ ਪਿੰਡ ਪੱਧਰ `ਤੇ ਆਸ਼ਾ ਅਤੇ ਏ.ਐਨ.ਐਮ ਜਾਂ ਸਿਹਤ ਵਰਕਰਾਂ ਤੋਂ ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ ਆਈ ਜਸਵਿੰਦਰ ਸ਼ਰਮਾ, ਹੈਲਥ ਵਰਕਰ ਅਵਤਾਰ ਸਿੰਘ, ਪਰਮਿੰਦਰ ਸਿੰਘ, ਕਮਲਜੀਤ ਕੌਰ, ਕਮਲੇਸ਼ ਰਾਣੀ, ਜਸਵਿੰਦਰ ਕੌਰ, ਗਗਨਦੀਪ ਕੌਰ ਆਦਿ ਮੌਜੂਦ ਸਨ।
Check Also
ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ
ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …
Punjab Post Daily Online Newspaper & Print Media