ਸਟੇਟ ਐਵਾਰਡੀ ਅਧਿਆਪਕ ਵਲੋਂ ਸਭਾ ਨੂੰ 2100 ਦੀ ਮਦਦ
ਸਮਰਾਲਾ, 20 ਅਕਤੂਬਰ (ਪੰਜਾਬ ਪੋਸਟ ਕੰਗ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਵਲੋਂ ਮਾਸਿਕ ਮੀਟਿੰਗ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਧਾਨ ਬਿਹਾਰੀ ਲਾਲ ਸੱਦੀ ਦੀ ਪ੍ਰਧਾਨਗੀ ਹੇਠ ਹੋਈ।ਸਭ ਤੋਂ ਪਹਿਲਾਂ ਸਭਾ ਦੇ ਮੈਂਬਰ ਨੇਤਰ ਸਿੰਘ ਮੁਤੋਂ ਦੀ ਮਾਤਾ ਗੁਰਦਿਆਲ ਕੌਰ ਦੇ ਅਕਾਲ ਚਲਾਣੇ ਤੇ ਦੁੱਖ ਪ੍ਰਗਟ ਕੀਤਾ ਗਿਆ ਅਤੇ ਸਭਾ ਦੇ ਸਾਰੇ ਮੈਂਬਰਾਂ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ ਗਈ।ਜਿਨਾਂ ਦੀ ਅੰਤਿਮ ਅਰਦਾਸ 22 ਅਕਤੂਬਰ ਐਤਵਾਰ ਨੂੰ ਉਨਾਂ ਦੇ ਗ੍ਰਹਿ ਮੁੱਤੋਂ ਵਿਖੇ ਦੁਪਹਿਰ 1 ਤੋਂ 2 ਵਜੇ ਤੱਕ ਹੋਵੇਗੀ, ਵਿਖੇ ਪਹੁੰਚਣ ਦੀ ਅਪੀਲ ਕੀਤੀ ਗਈ।ਮੀਟਿੰਗ ਵਿੱਚ ਯੂ.ਕੇ ਨਿਵਾਸੀ ਬਲਵਿੰਦਰ ਸਿੰਘ ਚਾਹਲ ਨੇ ਵਿਸ਼ੇਸ਼ ਤੌਰ `ਤੇ ਸ਼ਿਰਕਤ ਕੀਤੀ, ਜਿਨਾਂ ਵੱਲੋਂ ਦੂਜੇ ਵਿਸ਼ਵ ਯੁੱਧ ਦੇ ਸਬੰਧ ਵਿੱਚ ਲਿਖੀ ਪੁਸਤਕ ‘ਇਟਲੀ ਵਿੱਚ ਸਿੱਖ ਫੌਜੀ’ ਸਭਾ ਨੂੰ ਭੇਟ ਕੀਤੀ ਗਈ ਅਤੇ ਇਸ ਮੌਕੇ ਉਨਾਂ ਵੱਲੋਂ ਇਟਲੀ ਵਿੱਚ ਦੂਜੇ ਵਿਸ਼ਵ ਯੁੱਧ ਦੇ ਚਸ਼ਮਦੀਦ ਗਵਾਹਾਂ ਨਾਲ ਮਿਲਣੀ ਸਬੰਧੀ ਅਤੇ ਅੰਕੜੇ ਇਕੱਠੇ ਕਰਨ ਸਬੰਧੀ ਯਾਦਾਂ ਨੂੰ ਸਾਂਝਾ ਕੀਤਾ ਗਿਆ। ਪੰਜਾਬੀ ਸਾਹਿਤ ਸਭਾ ਵੱਲੋਂ ਉਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਭਾ ਦੇ ਮੁੱਢਲੇ ਮੈਂਬਰ ਅਤੇ ਪ੍ਰਵਾਸੀ ਭਾਰਤੀ ਅਵਤਾਰ ਸਿੰਘ ਬਿਲਿੰਗ ਦੇ ਸੱਤਵੇਂ ਨਾਵਲ ‘ਮੁੰਦਰੀ ਵਿਚਲਾ ਗੁਲਾਬੀ ਨਗ’ ਦੀ ਘੁੰਡ ਚੁਕਾਈ ਕੀਤੀ ਗਈ, ਸਮੁੱਚੀ ਸਭਾ ਵੱਲੋਂ ਬਿਲਿੰਗ ਨੂੰ ਨਾਵਲ ਦੀ ਵਧਾਈ ਦਿੱਤੀ ਗਈ।
ਰਚਨਾਵਾਂ ਦਾ ਦੌਰ ਗੁਰਦੀਪ ਸਿੰਘ ਮਹੌਣ ਦੀ ਕਵਿਤਾ ਨਾਲ ਕੀਤਾ ਗਿਆ।ਜਿਸ ਵਿਚ ਮੁਸਲਿਮ ਭਾਈਚਾਰੇ ਨੂੰ ਗੀਤਾ ਦਾ ਅਧਿਐਨ ਕਰਨ ਤੇ ਹਿੰਦੂ ਭਾਈਚਾਰੇ ਨੂੰ ਕੁਰਾਨ ਪੜਨ ਅਤੇ ਵਿਚਾਰਨ ਦੀ ਤਾਕੀਦ ਕੀਤੀ ਗਈ।ਕਵਿਤਾ ਦੀ ਭਾਵਨਾ ਨਾਲ ਇਕਸੁਰ ਹੁੰਦੇ ਹੋਏ ਵਿਦਵਾਨਾਂ ਕਹਾਣੀਕਾਰ ਸੁਖਜੀਤ, ਬਾਲ ਲੇਖਕ ਮਹਿੰਦਰ ਮਾਨੂੰਪੁਰੀ, ਨਾਵਲਕਾਰ ਗੁਰਦਿਆਲ ਦਲਾਲ, ਗੁਰਪਾਲ ਲਿੱਟ, ਜੋਗਿੰਦਰ ਸਿੰਘ ਜੋਸ਼ ਨੇ ਵਿਚਾਰ ਪ੍ਰਗਟ ਕੀਤੇ ਅਤੇ ਕਿਹਾ ਕਿ ਕੁਰਾਨ ਸ਼ਰੀਫ ਅਤੇ ਗੀਤਾ ਵਿੱਚ ਅਨੇਕਾਂ ਅਜਿਹੇ ਵਿਚਾਰ ਹਨ ਜੋ ਇੱਕ ਦੂਜੇ ਦਾ ਵਿਰੋਧ ਕਰਦੇ ਹਨ, ਸਮਾਨਤਾਵਾਂ ਘੱਟ ਹਨ।
ਕਹਾਣੀਕਾਰ ਗੁਰਮੀਤ ਸਿੰਘ ਆਰਿਫ ਦੀ ਕਹਾਣੀ ‘ਲੈਦਰ ਸਿੰਘ’ ਉਤੇ ਭਰਵਾਂ ਵਿਚਾਰ ਵਟਾਂਦਰਾ ਹੋਇਆ ਜੋ ਕਿ ਛੂਤਛਾਤ ਦੀ ਮਾਨਸਿਕਤਾ ਨੂੰ ਮਨੋਵਿਗਿਆਨਕ ਢੰਗ ਨਾਲ ਪੇਸ਼ ਕਰਨ ਵਿੱਚ ਸਫਲ ਰਹੀ।ਕੁੱਝ ਗੱਲਾਂ ਵੱਲ ਉਂਗਲ ਕਰਦਿਆਂ ਕਹਾਣੀ ਨੂੰ ਸਫਲ ਕਹਾਣੀ ਵਜੋਂ ਪ੍ਰਵਾਨ ਕਰ ਲਿਆ ਗਿਆ।ਨਰਿੰਦਰ ਮਣਕੂ ਨੇ ਗ਼ਜ਼ਲ ਪੇਸ਼ ਕੀਤੀ, ਗੁਰਦਿਆਲ ਦਲਾਲ ਨੇ ਦੋਹੇ, ਲਾਭ ਸਿੰਘ ਬੇਗੋਵਾਲ ਨੇ ਗ਼ਜ਼ਲ, ਕੇਵਲ ਸਿੰਘ ਮੰਜਾਲੀਆਂ ਨੇ ਗੀਤ, ਜੋਗਿੰਦਰ ਸਿੰਘ ਜੋਸ਼ ਨੇ ਉਰਦੂ ਨਜ਼ਮ, ਜਗਦੀਸ਼ ਨੀਲੋਂ ਨੇ ਗ਼ਜ਼ਲ ਜਿਸਦੇ ਸ਼ੇਅਰ ਨੇ ਸਭ ਦਾ ਧਿਆਨ ਖਿੱਚਿਆ ‘ਸੁਪਨਿਆਂ ਦੀ, ਜਜ਼ਬਿਆਂ ਦੀ ਉਮਰ ਹੀ ਕਿੰਨੀ ਕੁ ਸੀ, ਛਿੜਕ ਦਿੱਤੀ ਇੱਕ ਮੁੱਠੀ ਰੇਤ, ਦਫਨਾਏ ਗਏ’।ਦੀਪ ਦਿਲਬਰ ਨੇ ਗੀਤ ਸੁਣਾਇਆ।ਜਿਨਾਂ `ਤੇ ਸਾਰੇ ਵਿਦਵਾਨਾਂ ਨੇ ਭਰਪੂਰ ਚਰਚਾ ਕੀਤੀ।ਕਹਾਣੀਕਾਰ ਸੁਖਜੀਤ ਨੇ ਨਵੇਂ ਲੇਖਕਾਂ ਨੂੰ ਮੁੜ ਕਿਹਾ ਕਿ ਉਹ ਪੰਜਾਬੀ ਸਾਹਿਤ ਨੂੰ ਵੱਧ ਤੋਂ ਵੱਧ ਪੜਨ, ਜਿਨਾਂ ਜਿਆਦਾ ਉਹ ਸਾਹਿਤ ਪੜਨਗੇ ਤਾਂ ਹੀ ਉਹ ਜਿਆਦਾ ਵਧੀਆ ਲਿਖ ਸਕਣਗੇ।ਸਟੇਟ ਐਵਾਰਡੀ ਅਧਿਆਪਕ ਸੰਜੀਵ ਕੁਮਾਰ ਨੇ ਸਭਾ ਨੂੰ 2100 ਰੁਪਏ ਦੀ ਰਾਸ਼ੀ ਦਿੱਤੀ, ਜਿਸ ਦਾ ਸਮੁੱਚੀ ਸਭਾ ਵੱਲੋਂ ਧੰਨਵਾਦ ਕੀਤਾ ਗਿਆ।
ਇਸ ਮੌਕੇ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਗ਼ਜ਼ਲਗੋ ਗੁਰਦਿਆਲ ਦਲਾਲ, ਕਹਾਣੀਕਾਰ ਗੁਰਪਾਲ ਲਿੱਟ, ਦਲਜਿੰਦਰ ਸਿੰਘ ਰਹਿਲ ਇਟਲੀ, ਮੇਘ ਦਾਸ ਜਵੰਦਾ (ਨੈਸ਼ਨਲ ਐਵਾਰਡੀ), ਸੰਜੀਵ ਕਲਿਆਣ (ਸਟੇਟ ਐਵਾਰਡੀ), ਸਿਮਰਜੀਤ ਸਿੰਘ ਕੰਗ, ਸੁਰਜੀਤ ਵਿਸ਼ਾਦ, ਦਰਸ਼ਨ ਸਿੰਘ ਕੰਗ, ਸੰਦੀਪ ਸਮਰਾਲਾ, ਇੰਦਰਜੀਤ ਕੰਗ, ਮਨਜੀਤ ਘਣਗਸ, ਮਹਿੰਦਰ ਸਿੰਘ ਮੰਜਾਲੀਆਂ, ਸੁਖਜੀਵਨ ਰਾਮਪੁਰੀ ਆਦਿ ਸ਼ਾਮਲ ਹੋਏ। ਸਭਾ ਦੀ ਸਮੁੱਚੀ ਕਾਰਵਾਈ ਦੀਪ ਦਿਲਬਰ ਅਤੇ ਜਗਦੀਸ਼ ਨੀਲੋਂ ਨੇ ਬਾਖੂਬੀ ਚਲਾਈ।ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਨੇ ਆਏ ਲੇਖਕਾਂ, ਵਿਦਵਾਨਾਂ ਦਾ ਧੰਨਵਾਦ ਕੀਤਾ।
Punjab Post Daily Online Newspaper & Print Media