ਅੰਮ੍ਰਿਤਸਰ, 30 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਸਿਵਲ ਸਰਜਨ ਡਾਕਟਰ ਡਾ. ਨਰਿੰਦਰ ਕੌਰ ਦੀਆਂ ਹਦਾਇਤਾਂ ’ਤੇ ਅਮਲ ਕਰਦੇ ਹੋਏ ਜਿਲਾ
ਅੰਮ੍ਰਿਤਸਰ ਦੀ ਟੀਮ ਨੇ ਤਰਨਤਾਰਨ ਸਿਵਲ ਸਰਜਨ ਦਫਤਰ ਨਾਲ ਤਾਲਮੇਲ ਕਰਕੇ ਲਿੰਗ ਨਿਰਧਾਰਤ ਟੈਸਟ ਕਰਦੇ ਡਾਕਟਰ ਨੂੰ ਰੰਗੇ ਹੱਥੀ ਕਾਬੂ ਕੀਤਾ ਹੈ।ਸਿਵਲ ਸਰਜਨ ਡਾਕਟਰ ਨਰਿੰਦਰ ਕੌਰ ਨੇ ਦੱਸਿਆ ਕਿ ਤਰਨਤਾਰਨ ਸਿਵਲ ਸਰਜਨ ਤੋਂ ਜਾਣਕਾਰੀ ਮਿਲੀ ਸੀ ਕਿ ਉਨਾਂ ਦੇ ਜਿਲੇ ਵਿੱਚੋਂ ਇਕ ਔਰਤ ਜੋ ਕਿ 12 ਤੋਂ 14 ਹਫ਼ਤੇ ਦੀ ਗਰਭਵਤੀ ਹੈ, ਅੰਮ੍ਰਿਤਸਰ ਵਿੱਚ ਲਿੰਗ ਦੀ ਜਾਂਚ ਲਈ ਟੈਸਟ ਕਰਵਾਉਣ ਆ ਰਹੀ ਹੈ। ਉਕਤ ਸੂਹ ਮਿਲਣ ਤੇ ਅੰਮਿ੍ਰਤਸਰ ਤੋਂ ਡਾਕਟਰ ਰਮੇਸ਼ ਸਹਾਇਕ ਸਿਵਲ ਸਰਜਨ, ਡਾਕਟਰ ਸੁਖਪਾਲ ਸਿੰਘ ਜਿਲਾ ਪਰਿਵਾਰ ਕਲਿਆਣ ਅਫਸਰ, ਡਾ. ਭਾਰਤੀ ਧਵਨ, ਸੁਮਨ ਭਗਤ ਅਤੇ ਪੀ.ਐਨ.ਡੀ.ਟੀ ਕੁਆਰਡੀਨੇਟਰ ਅਮਰਦੀਪ ਸਿੰਘ ਦੀ ਟੀਮ ਨੇ ਬੇਰੀ ਗੇਟ ਸਥਿਤ ਐਮ.ਪੀ ਅਰੋੜਾ ਹਸਪਤਾਲ ਵਿੱਚ ਛਾਪਾ ਮਾਰਿਆ ਜਿਥੇ ਉਕਤ ਔਰਤ ਗਰਭ ਦੀ ਜਾਂਚ ਕਰਵਾ ਰਹੀ ਸੀ। ਇਸ ਦੌਰਾਨ ਤਰਨਤਾਰਨ ਤੋਂ ਸਹਾਇਕ ਸਿਵਲ ਸਰਜਨ ਡਾ: ਕਿਰਨ, ਡਾ: ਜਗਤ ਇੰਦਰ, ਪੀ.ਐਨ.ਡੀ.ਟੀ ਕੋਆਰਡੀਨੇਟਰ ਡਾ: ਗਗਨ ਅਤੇ ਸਤਵੰਤ ਕੌਰ ਦੀ ਅਗਵਾਈ ਵਾਲੀ ਟੀਮ ਵੀ ਉਕਤ ਹਸਪਤਾਲ ਪਹੁੰਚ ਗਈ, ਜਿਥੇ ਉਕਤ ਟੀਮਾਂ ਨੇ ਡਾਕਟਰ ਮਦਨ ਅਰੋੜਾ ਅਤੇ ਸਟਾਫ ਨਰਸ ਜਸਬੀਰ ਨੂੰ ਤਰਨਤਾਰਨ ਦੀ ਰਹਿਣ ਵਾਲੀ ਰਮਨਦੀਪ ਕੌਰ ਦੇ ਗਰਭ ਦੀ ਜਾਂਚ ਕਰਦੇ ਕਾਬੂ ਕਰ ਲਿਆ।ਉਨਾਂ ਦੱਸਿਆ ਕਿ ਉਕਤ ਮਰੀਜ਼ ਦਾ ਸਕੈਨਿੰਗ ਤੋਂ ਪਹਿਲਾਂ ਲਿਆ ਜਾਣ ਵਾਲਾ ਐਫ ਫਾਰਮ ਵੀ ਨਹੀਂ ਮਿਲਿਆ ਅਤੇ ਨਾ ਹੀ ਪੀ.ਐਨ.ਡੀ.ਟੀ ਰਜਿਸਟਰ ਵਿੱਚ ਮਰੀਜ਼ ਦਾ ਨਾਮ ਦਰਜ਼ ਸੀ।
ਦੱਸਣਯੋਗ ਹੈ ਕਿ ਉਕਤ ਮਰੀਜ਼ ਬਣੀ ਔਰਤ ਰਮਨਦੀਪ ਕੌਰ ਦੇ ਘਰ ਪਹਿਲਾਂ ਵੀ ਦੋ ਧੀਆਂ ਹਨ ਅਤੇ ਹੁਣ ਵੀ ਉਹ ਲਿੰਗ ਨਿਰਧਾਰਤ ਟੈਸਟ ਕਰਵਾਉਣ ਲਈ ਤਿਆਰ ਨਹੀਂ ਸੀ, ਪਰ ਡਾਕਟਰ ਦੇ ਏਜੰਟ ਉਸ ਨੂੰ ਐਮ.ਪੀ ਅਰੋੜਾ ਹਸਪਤਾਲ ਵਿੱਚ ਲੈ ਕੇ ਆਏ ਤਾਂ ਰਮਨਦੀਪ ਕੌਰ ਨੇ ਇਸ ਦੀ ਸੂਚਨਾ ਸਿਵਲ ਸਰਜਨ ਦਫਤਰ ਤਰਨਤਾਰਨ ਅਤੇ ਉਥੋਂ ਦੀ ਪੁਲਿਸ ਨੂੰ ਦੇ ਦਿੱਤੀ ਜਿਸ ਅਧਾਰ `ਤੇ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ।ਉਨਾਂ ਦੱਸਿਆ ਕਿ ਉਕਤ ਮਰੀਜ ਕੋਲੋਂ ਹਸਪਤਾਲ ਨੇ ਲਿੰਗ ਨਿਰਧਾਰਤ ਟੈਸਟ ਲਈ 15000 ਰੁਪਏ ਲਏ ਸਨ।ਸਿਵਲ ਸਰਜਨ ਅੰਮਿ੍ਰਤਸਰ ਦੀ ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਨੂੰ ਮੌਕੇ `ਤੇ ਸੱਦਿਆ ਅਤੇ ਪੀ.ਐਨ.ਡੀ.ਟੀ ਐਕਟ ਅਧੀਨ ਕੇਸ ਦਰਜ ਕਰਵਾ ਕੇ ਸੈਕਨਿੰਗ ਮਸ਼ੀਨ ਨੂੰ ਸੀਲ ਕਰ ਦਿੱਤਾ। ਇਸ ਕਾਰਵਾਈ ਦੌਰਾਨ ਸਟਾਫ ਨਰਸ ਜਸਬੀਰ ਕੌਰ ਨੂੰ ਕਾਬੂ ਕਰ ਲਿਆ ਜਦ ਕਿ ਹਸਪਤਾਲ ਦਾ ਡਾਕਟਰ ਮਦਨ ਅਰੋੜਾ ਮੌਕੇ ਤੋਂ ਫਰਾਰ ਹੋ ਗਿਆ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media