ਅੰਮ੍ਰਿਤਸਰ, 16 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਦੇ ਪੰਜਾਬੀ ਵਿਭਾਗ ਵਲੋਂ ਪ੍ਰਵਾਸੀ ਪੰਜਾਬੀ ਕਵੀ ਪਰਮਿੰਦਰ ਸੋਢੀ ਦਾ
ਵਿਦਿਆਰਥੀਆਂ ਨਾਲ ਰੂਬਰੂ ਕਰਵਾਇਆ ਗਿਆ। ਪਿਛਲੇ ਦਿਨੀਂ ਲੰਮੇ ਸਮੇਂ ਤੋਂ ਜਾਪਾਨ ਰਹਿ ਰਹੇ ਪੰਜਾਬੀ ਕਵੀ ਤੇ ਵਾਰਤਕਕਾਰ ਅਤੇ ਪੰਜਾਬੀ ’ਚ ਹਾਈਕੂ ਨਾਮੀਂ ਜਾਪਾਨੀ ਸ਼ਾਇਰੀ ਨੂੰ ਪੇਸ਼ ਕਰਨ ਵਾਲੇ ਪੰਜਾਬੀ ਕਵੀ ਪਰਮਿੰਦਰ ਸੋਢੀ ਪੰਜਾਬ ਫੇਰੀ ’ਤੇ ਆਏ ਸਨ।ਇਸ ਦੌਰਾਨ ਕਾਲਜ ਦੇ ਪੰਜਾਬੀ ਵਿਭਾਗ ਵਲੋਂ ਆਪਣੇ ਵਿਦਿਆਰਥੀਆਂ ਲਈ ਉਨ੍ਹਾਂ ਦਾ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ।ਉਨ੍ਹਾਂ ਦੇ ਨਾਲ ਪੰਜਾਬੀ ਦੇ ਪ੍ਰਸਿੱਧ ਕਵੀ ਸਤੀਸ਼ ਗੁਲਾਟੀ ਵੀ ਆਏ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਆਏ ਕਵੀਆਂ ਨੂੰ ਜੀ ਆਇਆ ਆਖਦਿਆਂ ਕਿਹਾ ਕਿ ਪ੍ਰਵਾਸੀ ਸਾਹਿਤਕਾਰਾਂ ਨੇ ਪੰਜਾਬੀ ਸਾਹਿਤ ਦਾ ਘੇਰਾ ਚੌੜਾ ਕੀਤਾ ਹੈ। ਉਨ੍ਹਾਂ ਦੁਆਰਾ ਪੇਸ਼ ਕੀਤੇ ਨਵੇਂ ਵਿਸ਼ਿਆਂ ਨਾਲ ਪੰਜਾਬੀਆਂ ਦੀ ਮਾਨਸਿਕਤਾ ਦਾ ਘੇਰਾ ਵਧਿਆ ਹੈ ਤੇ ਉਨ੍ਹਾਂ ਨੇ ਦੂਰ ਦੀਆਂ ਧਰਤੀਆਂ ਬਾਰੇ, ਉਥੋਂ ਦੇ ਲੋਕਾਂ ਬਾਰੇ ਆਪਣੇ ਵਿਚਾਰ ਦੇ ਕੇ ਜਿਥੇ ਪ੍ਰਵਾਸੀਆਂ ਦੇ ਦੁੱਖ-ਦਰਦ ਨੂੰ ਪੇਸ਼ ਕੀਤਾ ਹੈ, ਉਥੇ ਪੰਜਾਬੀਆਂ ਲਈ ਵਿਦੇਸ਼ੀ ਜੀਵਨ ਦੇ ਸੱਚੇ ਵੇਰਵੇ ਵੀ ਪੇਸ਼ ਕੀਤੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਗੁਰੂ ਨਾਨਕ ਦੀਆਂ ਉਦਾਸੀਆਂ ਨਾਲ ਹੀ ਪੰਜਾਬੀਆਂ ਦਾ ਦੂਸਰੇ ਦੇਸ਼ਾਂ ਨਾਲ ਰਾਬਤਾ ਬਣਗਿਆ ਸੀ।
ਪਰਮਿੰਦਰ ਸੋਢੀ ਨੇ ਕਿਹਾ ਕਿ ਉਹ ਰੋਜ਼ੀ-ਰੋਟੀ ਦੀ ਤਲਾਸ਼ ਲਈ ਜਾਪਾਨ ਗਿਆ ਸੀ ਪਰ ਜਾਪਾਨੀਆਂ ਦੇ ਜੀਵਨ ਤੋਂ ਇੰਨ੍ਹਾਂ ਪ੍ਰਭਾਵਿਤ ਹੋਇਆ ਕਿ ਉਹ ਸਦਾ ਲਈ ਉਥੋਂ ਦਾ ਹੋ ਕੇ ਰਹਿ ਗਿਆ।ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇ ਕਿਰਤ ਕਰਨ ਦੇ ਸਿਧਾਂਤ ਨੂੰ ਜਾਪਾਨੀਆਂ ਨੇ ਦਿਲ ਤੋਂ ਅਪਣਾਇਆ ਹੋਇਆ ਜਦਕਿ ਪੰਜਾਬੀ ਕਿਰਤ ਤੋਂ ਦੂਰ ਹੋ ਕੇ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।ਉਨ੍ਹਾਂ ਕਿਹਾ ਕਿ ਉਹ ਆਪਣੀ ਸਾਹਿਤ ਰਚਨਾ ਰਾਹੀਂ ਜਾਪਾਨੀਆਂ ਦੇ ਜੀਵਨ ਦੀਆਂ ਚੰਗੀਆਂ ਪ੍ਰੰਪਰਾਵਾਂ ਕਦਰਾਂ/ਕੀਮਤਾਂ ਬਾਰੇ ਪੰਜਾਬੀਆਂ ਨੂੰ ਜਾਣੂ ਕਰਵਾਕੇ ਸੰਤੁਸ਼ਟੀ ਮਹਿਸੂਸ ਕਰਦੇ ਹਨ। ਇਸ ਮੌਕੇ ਦੋਵਾਂ ਕਵੀਆਂ ਨੇ ਆਪਣੀਆਂ ਰਚਨਾਵਾਂ ਵਿਦਿਆਰਥੀਆਂ ਨਾਲ ਸਾਂਝੀਆਂ ਕੀਤੀਆਂ ਅਤੇ ਵਿਦਿਆਰਥੀਆਂ ਵਲੋਂ ਉਨ੍ਹਾਂ ਦੇ ਜੀਵਨ ਪਿਛੋਕੜ ਅਤੇ ਸਾਹਿਤ ਸਿਰਜਨਾ ਬਾਰੇ ਪੁੱਛੇ ਗਏ ਸਵਾਲਾਂ ਦੇ ਜੁਆਬ ਵੀ ਦਿੱਤੇ।
ਇਸ ਮੌਕੇ ਆਏ ਹੋਏ ਮਹਿਮਾਨ ਕਵੀਆਂ ਦਾ ਧੰਨਵਾਦ ਕਰਦਿਆਂ ਵਿਭਾਗ ਮੁਖੀ ਡਾ. ਸੁਖਬੀਰ ਸਿੰਘ ਨੇ ਕਿਹਾ ਕਿ ਪ੍ਰਵਾਸੀ ਕਵੀ/ਸਾਹਿਤਕਾਰ ਪੰਜਾਬੀ ਸਾਹਿਤ ਦਾ ਹੀ ਅੰਗ ਹਨ ਤੇ ਇਨ੍ਹਾਂ ਦੇ ਤਜ਼ਰਬਿਆਂ ਨਾਲ ਪੰਜਾਬੀ ਸਾਹਿਤ ਹੋਰ ਅਮੀਰ ਹੋਇਆ ਹੈ। ਇਸ ਮੌਕੇ ਕਾਲਜ ਪ੍ਰਿੰਸੀਪਲ ਅਤੇ ਪੰਜਾਬੀ ਵਿਭਾਗ ਵਲੋਂ ਪਰਮਿੰਦਰ ਸੋਢੀ ਨੂੰ ਯਾਦਗਾਰ ਵਜੋਂ ਕਾਲਜ ਦੀ ਤਸਵੀਰ ਭੇਂਟ ਕੀਤੀ ਗਈ। ਇਸ ਮੌਕੇ ਵਿਭਾਗ ਦੇ ਸੀਨੀਅਰ ਪ੍ਰੋਫ਼ੈਸਰ ਡਾ. ਦਵਿੰਦਰ ਕੌਰ, ਡਾ. ਆਤਮ ਰੰਧਾਵਾ, ਪ੍ਰੋ. ਦਵਿੰਦਰਪਾਲ ਕੌਰ, ਡਾ. ਪਰਮਿੰਦਰ ਸਿੰਘ, ਡਾ. ਭੁਪਿੰਦਰ ਸਿੰਘ, ਡਾ.ਕੁਲਦੀਪ ਸਿੰਘ, ਡਾ. ਹੀਰਾ ਸਿੰਘ, ਡਾ. ਮਿੰਨੀ ਸਲਵਾਨ, ਡਾ. ਹਰਜੀਤ ਕੌਰ, ਡਾ. ਗੁਰਿੰਦਰ ਕੌਰ, ਡਾ. ਅਮਨਦੀਪ ਕੌਰ, ਡਾ. ਜਸਬੀਰ ਸਿੰਘ, ਪ੍ਰੋ.ਜਤਿੰਦਰ ਕੌਰ, ਡਾ. ਰਾਜਬੀਰ ਕੌਰ, ਡਾ. ਰਮਨਦੀਪ ਕੌਰ, ਡਾ. ਜਸਵੀਰ ਕੌਰ, ਡਾ. ਪਲਵਿੰਦਰ ਕੌਰ, ਡਾ. ਗੁਰਵਿੰਦਰ ਕੌਰ, ਪ੍ਰੋ. ਮਨਪ੍ਰੀਤ ਸਿੰਘ, ਪ੍ਰੋ. ਗੁਰਸ਼ਰਨ ਸਿੰਘ ਵੀ ਹਾਜ਼ਰ ਸਨ।
Punjab Post Daily Online Newspaper & Print Media