ਬਠਿੰਡਾ, 4 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਥਾਨਕ ਸ਼ਹਿਰ ’ਚ ਇਨਸਾਫ਼ ਦੀ ਲਹਿਰ ਪੰਜਾਬ ਵੱਲੋਂ ਇਕ ਚਿੱਟ ਫੰਡ
ਕੰਪਨੀ ਖਿਲਾਫ਼ ਐਸ.ਐਸ.ਪੀ ਬਠਿੰਡਾ ਨੂੰ ਮੰਗ ਪੱਤਰ ਦੇ ਕੇ ਇਨਸਾਫ਼ ਦੀ ਮੰਗ ਕੀਤੀ ਹੈ।ਚਿੱਟ ਫੰਡ ਕੰਪਨੀਆਂ ਦੀ ਠੱਗੀ ਦੇ ਸ਼ਿਕਾਰ ਨਿਵੇਸ਼ਕਾਂ ਨੂੰ ਇਨਸਾਫ਼ ਦਿਵਾਉਣ ਲਈ ਕੰਮ ਕਰ ਰਹੀ ਜਥੇਬੰਦੀ ਇਨਸਾਫ਼ ਦੀ ਲਹਿਰ ਦੇ ਆਗੂਆਂ ਵਲੋਂ ਸਥਾਨਕ ਡਾ. ਅੰਬੇਦਕਰ ਪਾਰਕ ਵਿਚ ਇਕੱਤਰਤਾ ਕਰਨ ਉਪਰੰਤ ਚੇਅਰਮੈਨ ਗੁਰਭੇਜ ਸਿੰਘ ਸੰਧੂ ਨੇ ਦੱਸਿਆ ਕਿ ਤਕਰੀਬਨ 50 ਵਿਅਕਤੀ ਨਾਲ ਏ ਵਨ ਚਿੱਟ ਫੰਡ ਕੰਪਨੀ ਨੇ ਲਗਭਗ 4 ਕਰੋੜ ਦੀ ਠੱਗੀ ਮਾਰੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਠੱਗੀ ਮਾਰਨ ਵਾਲੀਆਂ ਚਿੱਟ ਫੰਡ ਕੰਪਨੀਆਂ ਨੂੰ ਕੰਮ ਕਰਨ ਲਈ ਲਾਈਸੈਂਸ ਜਾਰੀ ਕਰਦੀ ਹੈ।ਸਰਕਾਰ ਨੂੰ ਚਾਹੀਦਾ ਕਿ ਉਹ ਲੋਕਾਂ ਦੇ ਡੁੱਬੇ ਹੋਏ ਰੁਪਏ ਤੁਰੰਤ ਵਾਪਿਸ ਕਰਵਾਏ ਅਤੇ ਠੱਗੀ ਮਾਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰੇ।ਗੁਰਜੰਟ ਸਿੰਘ ਘੁੱਦਾ, ਰਾਜਵਿੰਦਰ ਕੌਰ, ਸਰਬਜੀਤ ਕੌਰ ਅਤੇ ਦਰਸ਼ਨਾਂ ਨੇ ਦੱਸਿਆ ਕਿ ਏ ਵਨ ਨਾਮ ਦੀ ਚਿੱਟ ਫੰਡ ਕੰਪਨੀ ਨੇ ਲੋਕਾਂ ਨੂੰ ਮੋਟੇ ਵਿਆਜ਼ ਦਾ ਲਾਲਚ ਦਿਤਾ ਅਤੇ ਪਿੱਛੋਂ ਉਨ੍ਹਾਂ ਦੇ ਕਰੋੜਾਂ ਰੁਪਏ ਲੈ ਕੇ ਰਫੂ-ਚੱਕਰ ਹੋ ਗਈ ਹੈ।ਠੱਗੀ ਦੇ ਸ਼ਿਕਾਰ ਲੋਕ ਕਈ ਵਾਰ ਕੰਪਨੀ ਮਾਲਕਾਂ ਖਿਲਾਫ਼ ਕਾਰਵਾਈ ਕਰਵਾਉਣ ਲਈ ਐਸ.ਐਸ.ਪੀ ਨੂੰ ਮਿਲ ਚੁੱਕੇ ਹਨ, ਪਰ ਅਜੇ ਤੱਕ ਪੁਲਿਸ ਨੇ ਠੱਗੀ ਮਾਰਨ ਵਾਲਿਆਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ।ਜਥੇਬੰਦੀ ਆਗੂਆਂ ਨੇ ਪ੍ਰਸ਼ਾਸ਼ਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪ੍ਰਸ਼ਾਸ਼ਨ ਨੇ ਆਉਂਦੇ ਦਿਨ੍ਹਾਂ ’ਚ ਕੋਈ ਕਾਰਵਾਈ ਨਾ ਕੀਤੀ ਤਾਂ ਠੱਗੀ ਦੇ ਸ਼ਿਕਾਰ ਵਿਅਕਤੀ ਖੁਦਕਸ਼ੀਆਂ ਕਰਨ ਲਈ ਮਜ਼ਬੂਰ ਹੋਣਗੇ ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।ਇਸ ਮੌਕੇ ਸੁਖਦੇਵ ਸਿੰਘ, ਜਗਮੀਤ ਸਿੰਘ, ਗੁਰਸੇਵਕ ਸਿੰਘ, ਗੁਰਬਖ਼ਸ ਸਿੰਘ, ਜਸਵਿੰਦਰ ਕੌਰ ਅਤੇ ਹਰਪ੍ਰੀਤ ਕੌਰ ਆਦਿ ਵੀ ਮੌਜੂਦ ਸਨ।
Check Also
ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ
ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …
Punjab Post Daily Online Newspaper & Print Media