ਧੂਰੀ, 8 ਦਸੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਪਿਛਲੇ ਲੰਮੇ ਸਮੇ ਤੋ ਇਲਾਕੇ `ਚ ਚਰਚਾ ਦਾ ਵਿਸ਼ਾ ਬਣੇ ਨੇੜਲੇ ਪਿੰਡ ਜਹਾਂਗੀਰ ਨਹਿਰ ਦੇ ਪੁਲ ਦਾ ਰੇੜਕਾ ਅੱਜ ਉਸ ਵੇਲੇ ਖਤਮ ਹੋ ਗਿਆ, ਜਦ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਇਸ ਪੁਲ ਦਾ ਉਦਘਾਟਨ ਕਰਦਿਆਂ ਆਮ ਲੋਕਾਂ ਦੀ ਸਹੂਲਤ ਲਈ ਇਹ ਪੁੱਲ ਲੋਕਾਂ ਨੂੰ ਸਮਰਪਿਤ ਕਰ ਦਿੱਤਾ, ਜਿਸ ਕਾਰਨ ਇਲਾਕੇ ਦੇ ਲੋਕਾਂ ਦੇ ਚਿਹਰੇ ਤੇ ਖੁਸ਼ੀ ਦੀ ਲਹਿਰ ਦਿਖਾਈ ਦਿੱਤੀ।
1 ਕਰੋੜ 75 ਲੱਖ ਰੁਪੈ ਦੀ ਲਾਗਤ ਨਾਲ ਤਿਆਰ ਹੋਏ ਇਸ ਪੁੱਲ ਦਾ ਉਦਘਾਟਨ ਕਰਨ ਤੋ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਕਿਹਾ ਕਿ ਮੇਰੇ ਵਿਧਾਇਕ ਬਣਨ ਤੋ ਪਹਿਲਾਂ ਇਹ ਪੁਲ ਦਾ ਕੰਮ ਸ਼ੁਰੂ ਹੋਇਆ ਸੀ, ਪਰ ਜਿਉ ਹੀ ਲੋਕਾਂ ਨੇ ਉਨ੍ਹਾਂ ਨੂੰ ਹਲਕੇ ਦੀ ਜਿੰਮੇਵਾਰੀ ਸੌਪੀ, ਤੁਰੰਤ ਹੀ ਇਹ ਮਾਮਲਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਲੋਕ ਨਿਰਮਾਣ ਮੰਤਰੀ ਰਜੀਆ ਸੁਲਤਾਨਾ ਦੇ ਧਿਆਨ ਵਿੱਚ ਲਿਆ ਕੇ ਨਹਿਰੀ ਬੰਦੀ ਪ੍ਰਾਪਤ ਕੀਤੀ, ਪਰ ਪੰਜਾਬ ਦੇ ਕੁੱਝ ਜ਼ਿਲਿਆਂ ਦੀ ਸਿੰਚਾਈ ਇਸ ਨਹਿਰੀ ਪਾਣੀ ਤੇ ਨਿਰਭਰ ਹੋਣ ਕਾਰਨ ਕੁੱਝ ਮੁਸ਼ਕਲ ਜਰੂਰ ਪੇਸ਼ ਆਈ ਹੈ, ਪਰ ਫਿਰ ਵੀ ਉਹ ਲੋਕਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਵਿੱਚ ਸਫ਼ਲ ਹੋ ਚੁੱਕੇ ਹਨ। ਵਿਧਾਇਕ ਗੋਲਡੀ ਖੰਗੂੜਾ ਨੇ ਕਿਹਾ ਕਿ ਉਹ ਗੱਲਾਂ ਕਰਨ ਨਾਲੋ ਕੰਮ ਕਰਨ ਨੂੰ ਜਿਆਦਾ ਪਹਿਲ ਦਿੰਦੇ ਹਨ ਅਤੇ ਉਹ ਕੋਈ ਲੀਡਰ ਨਹੀ, ਸਗੋ ਲੋਕਾਂ ਦੇ ਆਪਣੇ ਚੁਣੇ ਹੋਏ ਨੁਮਾਇੰਦਾ ਹੈ, ਜਿਸ ਲਈ ਹਲਕੇ ਦਾ ਹਰ ਵੋਟਰ ਹਲਕੇ ਦੇ ਵਿਕਾਸ ਲਈ ਆਪਣੇ ਵੱਡਮੁੱਲੇ ਵਿਚਾਰ ਉਨ੍ਹਾਂ ਨਾਲ ਸਾਂਝੇ ਕਰੇ, ਕਿਉਕਿ ਇਸ ਹਲਕੇ ਦੀ ਸਮੱਸਿਆਵਾਂ ਅਤੇ ਮੰਗਾਂ ਨੂੰ ਲੋਕਾਂ ਦੇ ਸਹਿਯੋਗ ਨਾਲ ਹੀ ਨਜਿੱਠਿਆਂ ਜਾ ਸਕਦਾ ਹੈ।
ਉਨ੍ਹਾਂ ਹਲਕੇ ਦੇ ਵਿਕਾਸ ਕਾਰਜਾਂ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਉਦਿਆਂ ਕਿਹਾ ਕਿ ਉਹ ਹਲਕੇ ਦੇ ਲੋਕਾਂ ਲਈ ਕੀਤੇ ਵਾਅਦਿਆਂ ਲਈ ਹਮੇਸ਼ਾ ਜਵਾਬਦੇਹ ਅਤੇ ਵਚਨਬੱਧ ਹਨ। ਇਸ ਨਹਿਰੀ ਪੁਲ ਦੀ ਉਸਾਰੀ ਦੇ ਕੰਮ ਦੌਰਾਨ ਕਰੀਬ 25 ਲੱਖ ਰੁਪੈ ਦੀ ਲਾਗਤ ਨਾਲ ਇੱਟਾਂ ਦਾ ਫਰਸ਼ ਲਗਾ ਕੇ ਰਸਤੇ ਨੂੰ ਪੱਕਾ ਕਰਵਾਇਆ ਗਿਆ ਅਤੇ ਲੰਮੇ ਸਮੇ ਤੋ ਕਹੇਰੁ ਤੋ ਦੋਲਤਪੁਰ ਨੂੰ ਜਾਂਦੇ ਖਸਤਾ ਹਾਲਤ ਰਸਤੇ ਜਿਸ ਨੂੰ ਮਿੰਨੀ ਬਾਈਪਾਸ ਵੀ ਕਿਹਾ ਜਾਂਦਾ ਹੈ, ਦੀ ਉਸਾਰੀ ਦਾ ਕੰਮ ਵੀ ਮਿੱਥੇ ਸਮੇ ਵਿੱਚ ਮੁਕੰਮਲ ਕਰਵਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਰਾਜੋਮਾਜਰਾ ਪੁਲ ਦੇ ਨਹਿਰ ਅਤੇ ਧੂਰੀ-ਬਰਨਾਲਾ ਮੁੱਖ ਮਾਰਗ ਦੀ ਉਸਾਰੀ ਦਾ ਕੰਮ ਜਲਦੀ ਹੀ ਸ਼ੁਰੂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਚੋਣ ਜਿੱਤਣ ਤੋ ਬਾਅਦ ਪਹਿਲਾ ਸੁਪਨਾ ਧੂਰੀ ਹਲਕੇ ਲਈ ਫਾਇਰ ਬਿਗ੍ਰੇਡ ਅਤੇ ਦੂਸਰਾ ਜਹਾਂਗੀਰ ਦਾ ਪੁਲ ਬਣਾਉਣਾ ਸੀ, ਜਿਸ ਨੂੰ ਉਹ ਲੋਕਾਂ ਦੇ ਸਹਿਯੋਗ ਸਦਕਾ ਕਰਵਾਉਣ ਵਿੱਚ ਸਫ਼ਲ ਹੋਏ ਹਨ।
ਇਸ ਮੌਕੇ ਟਰੱਕ ਯੂਨੀਅਨ ਦੇ ਪ੍ਰਧਾਨ ਕਮਲ ਸਿੰਘ ਧੂਰਾ, ਜਸਮੇਲ ਸਿੰਘ ਬੜੀ ਸਰਪੰਚ, ਰਣਜੀਤ ਸਿੰਘ ਕਾਕਾ ਸਰਪੰਚ ਈਸੀ, ਨਸੀਬ ਸਿੰਘ ਸਰਪੰਚ ਚਾਂਗਲੀ, ਸੂਬਾ ਸਕੱਤਰ ਗੁਰਪਿਆਰ ਸਿੰਘ ਧੂਰਾ, ਗੁਰਸੇਵਕ ਸਿੰਘ ਸੇਬੀ ਕਾਂਝਲਾ, ਜਗਤਾਰ ਸਿੰਘ ਤਾਰਾ ਬੇਨੜਾ, ਮਿੱਠੂ ਲੱਡਾ ਪ੍ਰਧਾਨ ਯੂਥ ਕਾਂਗਰਸ, ਇਕਬਾਲ ਸਿੰਘ ਬਾਦਸਾਹਪੁਰ, ਗੁਰਮੀਤ ਸਿੰਘ ਬਮਾਲ, ਮੁਨੀਸ਼ ਗਰਗ, ਇੰਦਰਜੀਤ ਸਿੰਘ ਕੱਕੜਵਾਲ, ਹਨੀ ਤੂਰ, ਨਰੇਸ਼ ਮੰਗੀ, ਵਿਕਰਾਂਤ ਚੱਠਾ, ਬਲਾਕ ਸੰਮਤੀ ਮੈਬਰ ਇੰਦਰਪਾਲ ਸਿੰਘ ਗੋਲਡੀ ਤੋ ਇਲਾਵਾ ਐਕਸੀਅਨ ਗੁਰਦੀਪ ਸਿੰਘ ਤੁੰਗ ਸਮੇਤ ਐਕਸ਼ਨ ਕਮੇਟੀ ਦੇ ਆਗੂਆਂ ਵਿੱਚ ਕਨਵੀਨਰ ਜਰਨੈਲ ਸਿੰਘ ਜਹਾਂਗੀਰ, ਡਾ. ਅਨਵਰ ਭਸੌੜ, ਕਾਮਰੇਡ ਮੇਜਰ ਸਿੰਘ ਪੁੰਨਾਂਵਾਲ, ਨਿਰੰਜਣ ਸਿੰਘ ਦੋਹਲਾ, ਕਿਰਪਾਲ ਸਿੰਘ ਰਾਜੋਮਾਜਰਾ ਆਦਿ ਵੀ ਹਾਜਰ ਸਨ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media