ਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ ਬਿਊਰੋ) – ਕਾਂਗਰਸ ਦੇ ਨੇਤਾ ਮਨੀਸ਼ੰਕਰ ਅਈਅਰ ਵੱਲੋਂ ਗੁਜਰਾਤ ਵਿਧਾਨ ਸਭਾ ਦੀਆਂ ਚੋਣਾਂ ਦੇ ਪਹਿਲੇ ਪੜਾਅ ਦੀ ਪੋਲਿੰਗ ਦੇ ਪ੍ਰਚਾਰ ਦੀ ਸਮਾਪਤੀ ਮੌਕੇ ਬਿਆਨਬਾਜ਼ੀ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਕੀਤੀ ਗਈ ਅਪਮਾਨਜਨਕ ਟਿੱਪਣੀ ਅਤਿ ਨਿੰਦਣਯੋਗ ਹੈ ਅਤੇ ਇਸ ਨਾਲ ਉਨ੍ਹਾਂ ਆਪਣੀ ਹਲਕੀ ਅਤੇ ਆਪਣੀ ਪਾਰਟੀ ਦੀ ਸੌੜੀ ਸੋਚ ਦਾ ਪ੍ਰਗਟਾਵਾ ਜਾਹਿਰ ਕੀਤਾ।ਇਹ ਸ਼ਬਦ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸੂਬਾ ਕਾਰਜਕਾਰਨੀ ਮੈਂਬਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਜਾਰੀ ਆਪਣੇ ਬਿਆਨ ’ਚ ਅੱਜ ਇੱਥੇ ਕਹੇ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਫ਼ਿਤਰਤ ਪ੍ਰਧਾਨ ਮੰਤਰੀ ਦੇ ਨਿਮਰ ਪਿਛੋਕੜ ਦੀ ਬੇਇੱਜਤੀ ਕਰਨਾ ਹੈ।
ਛੀਨਾ ਨੇ ਕਿਹਾ ਕਿ ਅਈਅਰ ਨੇ ਸਿਆਸਤ ਦੀਆਂ ਸਾਰੀਆਂ ਮਰਿਯਾਦਾ ਨੂੰ ਪਾਰ ਕਰਦਿਆਂ ਜੋ ਸ਼ਬਦਾਂਵਲੀ ਵਰਤੀ ਹੈ, ਉਸ ਲਈ ਉਹ ਸ਼ਰਮਿੰਦਾ ਹੋਣ ਦੀ ਬਜਾਏ ਉਹ ਤੱਥਹੀਣ ਸਪੱਸ਼ਟੀਕਰਨ ਦੇ ਰਹੇ ਹਨ ਜੋ ਕਿ ਹੋਰ ਵੀ ਮੰਦਭਾਗਾ ਹੈ।ਉਨ੍ਹਾਂ ਕਿਹਾ ਕਿ ਮੋਦੀ ਦੀ ਚੜ੍ਹਤ ਨੂੰ ਵੇਖ ਕੇ ਕਾਂਗਰਸ ਬੁਖਲਾਹ ਗਈ ਹੈ ਅਤੇ ਸੱਤਾ ਹਾਸਲ ਕਰਨ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਮਨੁੱਖੀ ਰਵਾਇਤਾਂ ਨੂੰ ਤਾਰ-ਤਾਰ ਕਰਨ ’ਤੇ ਉਤਾਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਅਜਿਹੀਆਂ ਤਾਕਤਾਂ ਦੀ ਨਿੰਦਾ ਕਰਦੀ ਹੈ ਜੋ ਪਿਛੜੇ ਵਰਗਾਂ ਦੇ ਲੋਕਾਂ ਨੂੰ ਲੋਕਤਾਤਰਿਕ ਢੰਗ ਨਾਲ ਸਿਖ਼ਰਾਂ ’ਤੇ ਪਹੁੰਚਾਅ ਨਹੀਂ ਸਕਦੇ।ਉਨ੍ਹਾਂ ਕਿਹਾ ਕਿ ਅਈਅਰ ਨੇ ਪਹਿਲਾਂ ਵੀ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਸਮੇਤ ਭਾਜਪਾ ਦੇ ਸੀਨੀਅਰ ਨੇਤਾਵਾਂ ਖਿਲਾਫ਼ ਘਟੀਆ ਟਿੱਪਣੀਆਂ ਕੀਤੀਆਂ ਸਨ, ਪਰ ਇਹ ਕਾਂਗਰਸ ਦੀ ਸੱਭਿਅਤਾ ਹੈ, ਇਸ ਲਈ ਕਾਂਗਰਸ ਦੇ ਆਕਾ ਕਦੇ ਵੀ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਕਰਦੇ।
ਉਨ੍ਹਾਂ ਕਿਹਾ ਕਿ ਅਈਅਰ ਨੇ ਨਾ ਸਿਰਫ਼ ਮੋਦੀ ਦਾ ਹੀ ਅਪਮਾਨ ਨਹੀਂ ਕੀਤਾ ਹੈ, ਸਗੋਂ ਪੂਰੇ ਦੇਸ਼ ਦੇ ਉਹ ਲੋਕ ਜੋ ਕਿ ਪਿਛੜੇ ਵਰਗਾਂ ਨਾਲ ਸਬੰਧਿਤ ਹਨ, ਦਾ ਅਪਮਾਨ ਕੀਤਾ ਹੈ।ਉਨ੍ਹਾਂ ਕਿਹਾ ਕਿ ਦੇਸ਼ ਦੀ ਜਨਤਾ ਨੇ ਪ੍ਰਧਾਨ ਮੰਤਰੀ ਨੂੰ ਇਸ ਕੁਰਸੀ ’ਤੇ ਬਿਠਾਇਆ ਹੈ ਨਾ ਕਿ ਕਾਂਗਰਸ ਦੇ ਅਖੌਤੀ ਆਗੂਆਂ ਨੇ। ਉਨ੍ਹਾਂ ਕਿਹਾ ਕਿ ਅਜਿਹੀ ਘਟੀਆ ਸੋਚ ਵਾਲੇ ਇਨਸਾਨ ਸੱਤਾ ’ਚ ਆਉਣ ਨਾਲ ਦੇਸ਼ ਦੀ ਸਥਿਤੀ ਨੂੰ ਕਮਜ਼ੋਰ ਅਤੇ ਜਨਤਾ ਦੀ ਵਿਰੋਧਤਾ ਕਰਦੇ ਹੋਏ ਗੁੰਡਾਗਰਦੀ ’ਤੇ ਉਤਾਰੂ ਰਹਿੰਦੇ ਹਨ, ਜੋ ਕਿ ਅਈਅਰ ਨੇ ਵਰਤੀ ਹਲਕੀ ਪੱਧਰ ਦੀ ਸੋਚ ’ਤੋਂ ਪ੍ਰਤੱਖ ਕਰ ਦਿੱਤਾ ਹੈ। ਸ: ਛੀਨਾ ਨੇ ਕਿਹਾ ਕਿ ਇਕ ਹਿੰਦੁਸਤਾਨ ਹੀ ਅਜਿਹੇ ਮੁਲਕ ਹੈ, ਜਿੱਥੇ ਹਰੇਕ ਧਰਮ ਅਤੇ ਜਾਤ-ਭਾਸ਼ਾਵਾਂ ਦੇ ਇਨਸਾਨ ਰਹਿੰਦੇ ਹਨ ਅਤੇ ਉਨ੍ਹਾਂ ਦਾ ਸਤਿਕਾਰ ਹੈ।ਉਨ੍ਹਾਂ ਕਿਹਾ ਅਈਅਰ ਨੂੰ ਇਤਿਹਾਸ ’ਤੇ ਝਾਤ ਮਾਰ ਲੈਣੀ ਚਾਹੀਦੀ ਹੈ ਕਿ ਗੁਰੂ, ਪੀਰਾਂ ਤੇ ਦੇਵੀ-ਦੇਵਤਿਆਂ ਨੇ ਉਚ-ਨੀਚ ਦਾ ਫ਼ਰਕ ਮਿਟਾਇਆ ਹੈ ਅਤੇ ਉਨ੍ਹਾਂ ਦੀ ਇਹ ਉਚ-ਨੀਚ ਵਰਗੀ ਸੋਚ ਮੁਗਲਈ ਸ਼ਾਸ਼ਨ ਨੂੰ ਦਰਸਾਉਂਦੀ ਹੈ, ਜੋ ਕਿ ਉਨ੍ਹਾਂ ਨੂੰ ਤਕਨਾਲੋਜੀ ਦੇ ਯੁੱਗ ’ਚ ਰੱਖਣੀ ਸ਼ੋਭਾ ਨਹੀਂ ਦਿੰਦੀ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media