ਬਠਿੰਡਾ, 9 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੀ.ਏ.ਯੂ ਦੇ ਖੇਤਰੀ ਖੋਜ ਕੇਂਦਰ ਬਠਿੰਡਾ ਦੇ ਨਿਰਦੇਸ਼ਕ ਡਾ: ਪਰਮਜੀਤ ਸਿੰਘ ਨੇ ਇਸ ਸੰਬੰਧੀ ਵਿਸ਼ੇਸ਼ ਰੂਪ ਵਿੱਚ ਨਰਮਾ ਪੱਟੀ ਦੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਇਸ ਸਾਲ ਸਾਲ ਬੀ ਟੀ ਨਰਮੇ ਉੱਪਰ ਟੀਂਡਿਆਂ ਦੇ ਗੁਲਾਬੀ ਕੀੜੇ ਦਾ ਹਮਲਾ ਭਾਰਤ ਦੇ ਦੱਖਣ ਅਤੇ ਕੇਂਦਰੀ ਇਲਾਕਿਆਂ ਵਿੱਚ ਦੇਖਿਆ ਗਿਆ।ਨਰਮਾ ਪੱਟੀ ਵਾਲੇ ਇਲਾਕੇ ਜਿਵੇਂ ਮਹਾਂਰਾਸ਼ਟਰ, ਤੇਲੰਗਾਨਾ ਵਿੱਚ ਵੀ ਟੀਂਡੇ ਵਿੱਚ ਮੋਰੀ ਕਰਨ ਵਾਲੀ ਇਹ ਸੁੰਡੀ ਦਾ ਹੀ ਹਮਲਾ ਦੇਖਣ ਵਿੱਚ ਆਇਆ।ਟੀਂਡਾ ਛੇਦਕ ਇਸ ਸੰੁਡੀ ਨੂੰ ਰੋਕਣ ਲਈ ਪਹਿਲਾਂ ਹੀ ਵਿਉਂਤ ਕਰ ਲੈਣੀ ਚਾਹੀਦੀ ਹੈ।ਪੰਜਾਬ ਦੀ ਨਰਮਾ ਪੱਟੀ ਵਿੱਚ ਭਾਵੇਂ ਕਪਾਹ ਦੀ ਚੁਗਾਈ ਦਾ ਕੰਮ ਲਗਪਗ ਖਤਮ ਹੋ ਚੁੱਕਾ ਹੈ ਪਰ ਇਸ ਗੁਲਾਬੀ ਸੁੰਡੀ ਦੇ ਹਮਲੇ ਦੀ ਰੋਕਥਾਮ ਸੰਬੰਧੀ ਹੇਠਲੇ ਨੁਕਤੇ ਇਸ ਸਮੇਂ ਧਿਆਨ ਵਿੱਚ ਰੱਖਣੇ ਜ਼ਰੂਰੀ ਹਨ।ਉਨ੍ਹਾਂ ਕਿਹਾ ਕਿ ਜਿੰਨੀ ਛੇਤੀ ਹੋ ਸਕੇ ਕਪਾਹ ਦੀ ਚੁਗਾਈ ਨਿਬੇੜ ਲਵੋ ਅਤੇ ਖੇਤ ਵਿੱਚੋਂ ਜਿੰਨੀ ਛੇਤੀ ਹੋ ਸਕੇ ਕਪਾਹ ਦੀਆਂ ਛਿਟੀਆਂ ਬਾਹਰ ਕੱਢ ਦਿਉ।ਕਪਾਹ ਦੀ ਰਹਿੰਦ ਖੂੰਹਦ ਅਤੇ ਅਣਖਿੜੇ ਟੀਂਡੇ ਖੇਤ ਵਿੱਚ ਨਾ ਰਹਿਣ ਦਿਉ।ਚੁਗਾਈ ਮੁਕੰਮਲ ਹੋਣ ਮਗਰੋਂ ਹੀ ਭੇਡਾਂ, ਬੱੱਕਰੀਆਂ ਅਤੇ ਹੋਰ ਜਾਨਵਰਾਂ ਨੂੰ ਖੇਤਾਂ ਵਿੱਚ ਚਰਨ ਦਿਓ ਤਾਂ ਜੋ ਉਹ ਇਹਨਾਂ ਅਣਖਿੜੇ ਟੀਂਡਿਆਂ ਅਤੇ ਫਸਲ ਦੀ ਬਾਕੀ ਰਹਿੰਦ ਖੂੰਹਦ ਨੂੰ ਚਰ ਲੈਣ। ਖੇਤ ਵਿੱਚ ਪਈਆਂ ਕਪਾਹ ਦੀਆਂ ਛਿਟੀਆਂ ਉਪਰ ਟੀਂਡੇ ਦੀ ਇਹ ਗੁਲਾਬੀ ਸੁੰਡੀ ਪਲਦੀ ਰਹਿੰਦੀ ਹੈ।ਸੋ ਇਸ ਗੱਲ ਤੋਂ ਗੁਰੇਜ਼ ਕੀਤਾ ਜਾਵੇ ਕਿ ਜਦੋਂ ਕਪਾਹ ਦੀ ਫਸਲ ਖੜੀ ਹੋਵੇ ਤਾਂ ਕਣਕ ਨਾ ਬੀਜੀ ਜਾਵੇ।ਸਾਰੇ ਅਣਖਿੜੇ ਟੀਂਡੇ ਝਾੜ ਕੇ ਕਪਾਹ ਦੀਆਂ ਛਿਟੀਆਂ ਨੂੰ ਖੇਤਾਂ ਤੋਂ ਦੂਰ ਲੈ ਜਾਓ।ਪਿੰਡ ਵਿੱਚ ਵੀ ਇਹਨਾਂ ਨੂੰ ਖੜੇਦਾਅ ਰੱਖਿਆ ਜਾਵੇ।ਜਿਥੇ ਇਹ ਰੱਖਣੀਆਂ ਹੋਣ ਉਥੇ ਧੁੱਪ ਜ਼ਰੂਰ ਪੈਂਦੀ ਹੋਵੇ।ਮਾਰਚ ਤੋਂ ਪਹਿਲਾਂ ਪਿੰਜਾਈ ਦਾ ਕੰਮ ਨਿਬੇੜ ਲਓ ਅਤੇ ਬਚੇ ਵੜੇਂਵਿਆਂ ਨੂੰ ਪਸ਼ੂਆਂ ਨੂੰ ਚਾਰ ਦਿਓ। ਜਿਹੜੇ ਵੜੇਂਵੇਂ ਬੀਜ ਲਈ ਰੱਖਣੇ ਹੋਣ ਉਹਨਾਂ ਨੂੰ ਐਸਿਡ ਨਾਲ ਭਿਉਣ ਦੀ ਪ੍ਰਕਿਰਿਆ ਵਿਚੋਂ ਲੰਘਾ ਲਉ।ਡਾ: ਪਰਮਜੀਤ ਸਿੰਘ ਨੇ ਕਿਹਾ ਕਿ ਨਰਮਾ ਉਤਪਾਦਕ ਕਿਸਾਨ ਵੀਰ ਇਹਨਾਂ ਗੱਲਾਂ ਤੇ ਅਮਲ ਕਰਕੇ ਆਉਣ ਵਾਲੀ ਫਸਲ ਨੂੰ ਟੀਂਡੇ ਦੀ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਉਣ ਵਿੱਚ ਸਫਲ ਹੋ ਸਕਦੇ ਹਨ।
Check Also
ਛੀਨਾ ਨੇ ਖ਼ਾਲਸਾ ਕਾਲਜ ਵੈਟਰਨਰੀ ਦੀ ਪੁਸਤਕ ਅਤੇ ਵਿਦਿਆਰਥੀ ਮੈਗਜ਼ੀਨ ਕੀਤੀ ਲੋਕ ਅਰਪਿਤ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ …
Punjab Post Daily Online Newspaper & Print Media