Friday, March 13, 2026

27ਵੀਆਂ ਕਮਲਜੀਤ ਖੇਡਾਂ-2017 ਸੰਪਨ- ਖੇਡ ਜਗਤ ਦੀਆਂ 6 ਸਖਸ਼ੀਅਤਾਂ ਦਾ ਸਨਮਾਨ

ਤ੍ਰਿਪਤ ਬਾਜਵਾ ਵਲੋਂ ਖੇਡ ਕੰਪਲੈਕਸ `ਚ ਪੋਲ ਵਾਲਟ ਲਈ 5 ਲੱਖ ਦਾ ਐਲਾਨ

PPN1012201710ਬਟਾਲਾ, 10 ਦਸੰਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਬਟਾਲਾ ਨੇੜਲੇ ਪਿੰਡ ਕੋਟਲਾ ਸ਼ਾਹੀਆਂ ਦੇ ਸੁਰਜੀਤ ਕਮਲਜੀਤ ਖੇਡ ਕੰਪਲੈਕਸ ਵਿਖੇ ਹਰ ਸਾਲ ਵਾਂਗ ਇਸ ਸਾਲ ਵੀ 27ਵੀਆਂ ਕਮਲਜੀਤ ਖੇਡਾਂ ਅਗਲੇ ਸਾਲ ਫਿਰ ਮਿਲਣ ਦੇ ਵਾਅਦੇ ਨਾਲ ਸਮਾਪਤ ਹੋ ਗਈਆਂ। ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕੈਬਨਿਟ ਵਜ਼ੀਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸਮਾਪਤੀ ਸਮਾਗਮ ਮੌਕੇ ਜੇਤੂ ਖਿਡਾਰੀਆਂ ਨੂੰ ਇਨਾਮ ਦੇਣ ਲਈ ਵਿਸ਼ੇਸ਼ ਤੌਰ `ਤੇ ਪਹੁੰਚੇ।
ਇਸ ਮੌਕੇ ਖਿਡਾਰੀਆਂ ਅਤੇ ਦਰਸ਼ਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਵਜ਼ੀਰ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਅਜਿਹੇ ਖੇਡ ਮੇਲੇ ਸੂਬੇ ਨੂੰ ਖੇਡਾਂ ਦੇ ਖੇਤਰ ਵਿੱਚ ਮੋਹਰੀ ਲਿਜਾਣ ਲਈ ਬਹੁਤ ਜਰੂਰੀ ਹਨ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਵੀ ਇਹੀ ਸੋਚ ਹੈ ਕਿ ਸੂਬੇ ਦੀ ਜਵਾਨੀ ਨੂੰ ਖੇਡਾਂ ਨਾਲ ਜੋੜਿਆ ਜਾਵੇ, ਇਸ ਲਈ ਰਾਜ ਸਰਕਾਰ ਇਸ ਖੇਤਰ ਵਿੱਚ ਪੂਰੇ ਯਤਨ ਕਰ ਰਹੀ ਹੈ। ਉਨਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਅਜਿਹੇ ਖੇਡ ਮੇਲੇ ਕਰਾਉਣ ਵਾਲੀਆਂ ਸੰਸਥਾਵਾਂ ਨੂੰ ਹੋਰ ਹੱਲਾ-ਸ਼ੇਰੀ ਦਿੱਤੀ ਜਾਵੇਗੀ ਤਾਂ ਜੋ ਪੇਂਡੂ ਖੇਡ ਮੇਲਿਆਂ ਦਾ ਮਿਆਰ ਤੇ ਕੱਦ ਹੋਰ ਉੱਚਾ ਹੋ ਸਕੇ। ਇਸ ਮੌਕੇ ਬਾਜਵਾ ਨੇ ਸੁਰਜੀਤ ਕਮਲਜੀਤ ਖੇਡ ਕੰਪਲੈਕਸ `ਚ ਪੋਲ ਵਾਲਟ ਦੀ ਖੇਡ ਕਿੱਟ ਬਣਾਉਣ ਲਈ 5 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।
ਕਮਲਜੀਤ ਖੇਡਾਂ ਦੇ ਆਖਰੀ ਦਿਨ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਰਜੀਤ ਸਪੋਰਟਸ ਐਸੋਸੀਏਸ਼ਨ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ, ਸਾਬਕਾ ਰਾਜ ਸਭਾ ਮੈਂਬਰ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਭੁਪਿੰਦਰ ਸਿੰਘ ਮਾਨ, ਐਸੋਸੀਏਸ਼ਨ ਦੇ ਪ੍ਰਧਾਨ ਪ੍ਰਿਥੀਪਾਲ ਸਿੰਘ, ਅਰਜੁਨਾ ਐਵਾਰਡੀ ਓਲੰਪੀਅਨ ਅਥਲੀਟ ਗੁਰਬਚਨ ਸਿੰਘ ਰੰਧਾਵਾ ਤੇ ਭਾਰਤੀ ਮੁੱਕੇਬਾਜ਼ੀ ਟੀਮ ਦੇ ਚੀਫ ਕੋਚ ਰਹੇ ਦਰੋਣਾਚਾਰੀਆ ਐਵਾਰਡੀ ਗੁਰਬਖ਼ਸ਼ ਸਿੰਘ ਸੰਧੂ ਵੱਲੋਂ ਸਾਂਝੇ ਤੌਰ `ਤੇ ਖੇਡ ਜਗਤ ਦੀਆਂ ਅਹਿਮ ਸਖਸ਼ੀਅਤਾਂ ਜਿਨਾਂ `ਚ ਸਾਬਕਾ ਭਾਰਤੀ ਹਾਕੀ ਕਪਤਾਨ ਤੇ ਓਲੰਪੀਅਨ ਹਰਪ੍ਰੀਤ ਸਿੰਘ ਮੰਡੇਰ, ਐਸ.ਪੀ ਨੂੰ ਸੁਰਜੀਤ ਯਾਦਗਾਰੀ ਐਵਾਰਡ, ਅਰਜੁਨਾ ਐਵਾਰਡੀ ਵਾਲੀਬਾਲ ਖਿਡਾਰੀ ਸੁਖਪਾਲ ਸਿੰਘ ਪਾਲੀ, ਐਸ.ਪੀ. ਨੂੰ ਸ਼ਹੀਦ ਮੇਜਰ ਵਜਿੰਦਰ ਸਿੰਘ ਸ਼ਾਹੀ ਪੰਜਾਬ ਦਾ ਗੌਰਵ, ਅਥਲੈਟਿਕਸ ਕੋਚ ਸੁਖਦੇਵ ਸਿੰਘ ਪੰਨੂੰ ਨੂੰ ਮਾਝੇ ਦਾ ਮਾਣ, ਕੌਮਾਂਤਰੀ ਅਥਲੀਟ ਕੁਲਵਿੰਦਰ ਕੌਰ ਨੂੰ ਕਮਲਜੀਤ ਯਾਦਗਾਰੀ ਐਵਾਰਡ, ਵਿਸ਼ਵ ਯੂਥ ਅਥਲੈਟਿਕਸ ਮੀਟ ਵਿੱਚ ਚਾਂਦੀ ਦਾ ਤਮਗਾ ਜੇਤੂ ਦਮਨੀਤ ਸਿੰਘ ਨੂੰ ਹਰਜੀਤ ਬਰਾੜ ਬਾਜਾਖਾਨਾ ਯਾਦਗਾਰੀ ਐਵਾਰਡ ਅਤੇ ਸ਼ੇਰੇ ਪੰਜਾਬ ਅਕੈਡਮੀ ਚਕਰ ਨੂੰ ਅਮਰਜੀਤ ਸਿੰਘ ਗਰੇਵਾਲ ਯਾਦਗਾਰੀ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਸਾਰੀਆਂ ਐਵਾਰਡੀ ਸਖਸ਼ੀਅਤਾਂ ਨੂੰ 21-21 ਹਜ਼ਾਰ ਰੁਪਏ ਨਗਦ ਇਨਾਮ, ਸਨਮਾਨ ਪੱਤਰ ਅਤੇ ਯਾਦਗਾਰੀ ਚਿੰਨ ਦਿੱਤਾ ਗਿਆ।ਇਸ ਮੌਕੇ ਅਰਜੁਨਾ ਐਵਾਰਡੀ ਓਲੰਪੀਅਨ ਅਥਲੀਟ ਗੁਰਬਚਨ ਸਿੰਘ ਰੰਧਾਵਾ ਤੇ ਭਾਰਤੀ ਮੁੱਕੇਬਾਜ਼ੀ ਟੀਮ ਦੇ ਚੀਫ ਕੋਚ ਰਹੇ ਦਰੋਣਾਚਾਰੀਆ ਐਵਾਰਡੀ ਗੁਰਬਖ਼ਸ਼ ਸਿੰਘ ਸੰਧੂ ਵੀ ਵਿਸ਼ੇਸ਼ ਤੌਰ `ਤੇ ਹਾਜ਼ਰ ਸਨ।
ਚਾਰ ਦਿਨ ਚੱਲੀਆਂ ਕਮਲਜੀਤ ਖੇਡਾਂ-2017 ਵਿੱਚ 8 ਖੇਡ ਵੰਨਗੀਆਂ ਦੇ ਮੁਕਾਬਲੇ ਹੋਏ ਜਿਨਾਂ ਵਿੱਚ ਅਥਲੈਟਿਕਸ ਦੇ ਸੀਨੀਅਰ ਤੇ ਜੂਨੀਅਰ ਵਰਗ ਵਿੱਚ ਮੁੰਡੇ ਤੇ ਕੁੜੀਆਂ ਦੇ 40 ਈਵੈਂਟ ਹੋਏ। ਇਸ ਤੋਂ ਇਲਾਵਾ ਹਾਕੀ (ਓਪਨ ਲੜਕੇ), ਫੁਟਬਾਲ (ਕਲੱਬ ਲੜਕੇ), ਵਾਲੀਬਾਲ ਸਮੈਸ਼ਿੰਗ (ਲੜਕੇ), ਕਬੱਡੀ ਨੈਸ਼ਨਲ ਸਟਾਈਲ (ਲੜਕੀਆਂ), ਕਬੱਡੀ ਸਰਕਲ ਸਟਾਈਲ (ਅਕੈਡਮੀਆਂ) ਤੇ ਨੈਟਬਾਲ (ਲੜਕੀਆਂ) ਦੇ ਮੁਕਾਬਲੇ ਵੀ ਦਰਸ਼ਕਾਂ ਨੂੰ ਦੇਖਣ ਨੂੰ ਮਿਲੇ। ਜੇਤੂ ਖਿਡਾਰੀਆਂ ਨੂੰ ਨਗਦ ਇਨਾਮਾਂ ਦੇ ਨਾਲ ਡੇਢ ਲੱਖ ਰੁਪਏ ਦੀਆਂ ਪੁਸਤਕਾਂ ਵੀ ਇਨਾਮ ਵਜੋਂ ਦਿੱਤੀਆਂ ਗਈਆਂ ਤਾਂ ਜੋ ਖਿਡਾਰੀਆਂ ਦੇ ਸਰੀਰਕ ਵਿਕਾਸ ਦੇ ਨਾਲ ਬੌਧਿਕ ਵਿਕਾਸ ਵੀ ਹੋਵੇ। ਖੇਡਾਂ ਦੀ ਸਮਾਪਤੀ ਉਪਰੰਤ ਸ਼ਾਮ ਵੇਲੇ ਵਾਰਿਸ ਭਰਾਵਾਂ (ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ) ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।ਮੌਕੇ ਪ੍ਰੋ. ਗੁਰਭਜਨ ਸਿੰਘ ਗਿੱਲ, ਸਾਬਕਾ ਰਾਜ ਸਭਾ ਮੈਂਬਰ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਭੁਪਿੰਦਰ ਸਿੰਘ ਮਾਨ, ਅਰਜੁਨਾ ਐਵਾਰਡੀ ਓਲੰਪੀਅਨ ਅਥਲੀਟ ਗੁਰਬਚਨ ਸਿੰਘ ਰੰਧਾਵਾ ਤੇ ਭਾਰਤੀ ਮੁੱਕੇਬਾਜ਼ੀ ਟੀਮ ਦੇ ਚੀਫ ਕੋਚ ਰਹੇ ਦਰੋਣਾਚਾਰੀਆ ਐਵਾਰਡੀ ਗੁਰਬਖ਼ਸ਼ ਸਿੰਘ ਸੰਧੂ ਵਲੋਂ ਇੱਕ ਸੋਵੀਨਾਰ ਵੀ ਰਿਲੀਜ਼ ਕੀਤਾ ਗਿਆ।
ਇਸ ਮੌਕੇ ਸੁਰਜੀਤ ਸਪੋਰਟਸ ਐਸੋਸੀਏਸ਼ਨ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ, ਸਾਬਕਾ ਰਾਜ ਸਭਾ ਮੈਂਬਰ ਅਤੇ ਭਾਰਤੀ ਕਿਸਾਨ ਯੂਨੀਅਨ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਿਥੀਪਾਲ ਸਿੰਘ, ਅਰਜੁਨਾ ਐਵਾਰਡੀ ਓਲੰਪੀਅਨ ਅਥਲੀਟ ਗੁਰਬਚਨ ਸਿੰਘ ਰੰਧਾਵਾ ਤੇ ਭਾਰਤੀ ਮੁੱਕੇਬਾਜ਼ੀ ਟੀਮ ਦੇ ਚੀਫ ਕੋਚ ਰਹੇ ਦਰੋਣਾਚਾਰੀਆ ਐਵਾਰਡੀ ਗੁਰਬਖ਼ਸ਼ ਸਿੰਘ ਸੰਧੂ, ਸੀਨੀਅਰ ਮੀਤ ਪ੍ਰਧਾਨ ਨਵਦੀਪ ਸਿੰਘ ਗਿੱਲ, ਪ੍ਰੋ. ਸੁਰਿੰਦਰ ਸਿੰਘ ਕਾਹਲੋਂ, ਪ੍ਰਿੰਸੀਪਲ ਸੁਖਵੰਤ ਸਿੰਘ ਗਿੱਲ, ਸੰਗਠਨ ਸਕੱਤਰ ਭੁਪਿੰਦਰ ਸਿੰਘ ਡਿੰਪਲ, ਨਿਸ਼ਾਨ ਸਿੰਘ ਰੰਧਾਵਾ, ਅਸ਼ਵਨੀ ਸ਼ਰਮਾਂ, ਪੁਨੀਤ ਗਿੱਲ, ਪ੍ਰੈਸ ਸਕੱਤਰ ਪਰਮਿੰਦਰ ਸਿੰਘ ਜੱਟਪੁਰੀ ਵੀ ਹਾਜ਼ਰ ਸਨ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply