ਬਠਿੰਡਾ, 11 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਿਮਲਾ ਘੁੰਮਣ ਜਾਣ ਵਾਲੇ ਸੈਲਾਨੀਆਂ ਲਈ ਸ਼ਿਮਲਾ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।ਡਿਪਟੀ ਕਮਿਸ਼ਨਰ ਦੀਪਰਵਾ ਲਾਕਰਾ ਨੇ ਸੈਲਾਨੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਿਮਲਾ ਘੁੰਮਣ ਜਾਣ ਤੋਂ ਪਹਿਲਾਂ ਹਦਾਇਤਾਂ ਦੀ ਪੂਰਨ ਤੌਰ ’ਤੇ ਪਾਲਣਾ ਕਰਨੀ ਯਕੀਨੀ ਬਣਾਉਣ। ਉਨ੍ਹਾਂ ਦੱਸਿਆ ਕਿ ਸੈਲਾਨੀ ਕਿਸੇ ਵੀ ਹੰਗਾਮੀ ਸਥਿਤੀ ਵਿਚ ਜ਼ਿਲ੍ਹਾ ਪ੍ਰਸ਼ਾਸਨ ਸ਼ਿਮਲਾ ਵੱਲੋਂ ਸਥਾਪਤ ਜ਼ਿਲ੍ਹਾ ਐਮਰਜੈਂਸੀ ਅਪਰੇਸ਼ਨ ਸੈਂਟਰ ਦੇ ਦਿਨ ਰਾਤ ਚਾਲੂ ਨੰਬਰਾਂ 0177-2800880-83 ’ਤੇ ਵੀ ਸੰਪਰਕ ਕਰ ਸਕਦੇ ਹਨ।ਉਨ੍ਹਾਂ ਕਿਹਾ ਕਿ ਹਰ ਸਾਲ ਸਰਦੀ ਦੇ ਮੌਸਮ ਦੌਰਾਨ ਸ਼ਿਮਲਾ ਵਿਚ ਭਾਰੀ ਮਾਤਰਾ ਵਿੱਚ ਬਰਫ਼ ਪੈਂਦੀ ਹੈ।ਇਸ ਮੌਸਮ ਦੇ ਦੌਰਾਨ ਲੱਖਾਂ ਦੀ ਗਿਣਤੀ ਵਿਚ ਸੈਲਾਨੀ ਸ਼ਿਮਲਾ ਘੁੰਮਣ ਅਤੇ ਉਥੇ ਪੈਂਦੀ ਬਰਫ਼ਬਾਰੀ ਦਾ ਅਨੰਦ ਲੈਣ ਲਈ ਜਾਂਦੇ ਹਨ। ਉਚ ਪਹਾੜੀ ’ਤੇ ਸਥਿਤ ਇਸ ਕੇਂਦਰ ’ਤੇ ਜਦ ਭਾਰੀ ਬਰਫ਼ਬਾਰੀ ਹੁੰਦੀ ਹੈ ਤਾਂ ਵੱਡੀ ਤਾਦਾਦ ਵਿਚ ਸੈਲਾਨੀ ਪਹੁੰਚ ਜਾਂਦੇ ਹਨ, ਜਿਸ ਨਾਲ ਆਮ ਜਨ ਜੀਵਨ ਕਾਫ਼ੀ ਪ੍ਰਭਾਵਿਤ ਹੋਣ ਲੱਗਦਾ ਹੈ। ਇਸ ਕਾਰਨ ਸ਼ਿਮਲਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਾਫ਼ੀ ਚੁਣੌਤੀਆਂ ਜਿਵੇਂ ਕਿ ਆਵਾਜਾਈ ਦੀ ਸਮੱਸਿਆ, ਸੜਕ ਹਾਦਸੇ, ਸਿਹਤ ਸਹੂਲਤਾਂ, ਹੋਟਲਾਂ ਵਿਚ ਕਮਰਿਆਂ ਦੀ ਅਣਹੋਂਦ, ਬਿਜਲੀ ਅਤੇ ਪਾਣੀ ਦੀ ਕਮੀ ਆਦਿ ਦਾ ਸਾਹਮਣਾ ਕਰਨਾ ਪੈਂਦਾ ਹੈ।ਇਨ੍ਹਾਂ ਸਾਰੀਆਂ ਪ੍ਰੇਸ਼ਾਨੀਆਂ ਨੰੂ ਘਟਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਸ਼ਿਮਲਾ ਵਲੋਂ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਦੇ ਪ੍ਰਸ਼ਾਸਨ ਤੋਂ ਸਹਿਯੋਗ ਦੀ ਮੰਗ ਕੀਤੀ ਹੈ।ਇਸ ਸਬੰਧੀ ਕੁੱਝ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਵਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਘੁੰਮਣ ਆਉਣ ਤੋਂ ਪਹਿਲਾਂ ਸੈਲਾਨੀ ਬਕਾਇਦਾ ਹੋਟਲਾਂ ਜਾਂ ਗੈਸਟ ਹਾਊਸਾਂ ਵਿਚ ਬੁਕਿੰਗ ਕਰਵਾ ਕੇ ਹੀ ਆਉਣ ਕਿਉਂਕਿ ਮੌਕੇ `ਤੇ ਕਮਰੇ ਨਾ ਮਿਲਣ ਕਾਰਨ ਸੈਲਾਨੀਆਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ।ਜਦੋਂ ਸ਼ਿਮਲਾ ਵਿਚ ਬਰਫ਼ ਪੈਂਦੀ ਹੈ ਤਾਂ ਇਹ ਆਮ ਤੌਰ ਤੇ 3-4 ਦਿਨਾਂ ਤੱਕ ਰਹਿੰਦੀ ਹੈ।ਇਸ ਤੋਂ ਇਲਾਵਾ ਸ਼ਿਮਲਾ ਨਾਲ ਲੱਗਦੇ ਇਲਾਕਿਆਂ ਕੁਫ਼ਰੀ, ਨਾਰਕੰਡਾ ਆਦਿ ਥਾਵਾਂ `ਤੇ ਵੀ ਬਰਫ਼ ਪੈਂਦੀ ਹੈ। ਸੈਲਾਨੀ ਇਕੋ ਦਮ ਸ਼ਿਮਲਾ ਪਹੁੰਚਣ ਦੀ ਬਜਾਏ ਇਨ੍ਹਾਂ ਨਾਲ ਲੱਗਦੇ ਇਲਾਕਿਆਂ ਵਿਚ ਵੀ ਆਨੰਦ ਲੈ ਸਕਦੇ ਹਨ। ਬਰਫ਼ ਘਟਣ ਉਪਰੰਤ ਉਹ ਸ਼ਿਮਲਾ ਦਾ ਵੀ ਆਨੰਦ ਲੈ ਸਕਦੇ ਹਨ।ਭਾਰੀ ਬਰਫ਼ਬਾਰੀ ਵਿਚ ਗੱਡੀ ਚਲਾਉਣਾ ਖ਼ਤਰਨਾਕ ਹੈ ਅਤੇ ਕਈ ਵਾਰ ਘਾਤਕ ਦੁਰਘਟਨਾਵਾਂ ਵੀ ਹੋ ਜਾਂਦੀਆਂ ਹਨ।ਇਸ ਲਈ ਸੈਲਾਨੀਆਂ ਨੂੰ ਸਫ਼ਰ ਹਮੇਸ਼ਾਂ ਦਿਨ ਵੇਲੇ ਹੀ ਕਰਨਾ ਚਾਹੀਦਾ ਹੈ ਅਤੇ ਇਕੱਲੇ ਡਰਾਈਵਿੰਗ ਕਰਨ ਤੋਂ ਵੀ ਸੰਕੋਚ ਕਰਨਾ ਚਾਹੀਦਾ ਹੈ ਅਤੇ ਸ਼ਿਮਲਾ ਘੁੰਮਣ ਜਾਣ ਵੇਲੇ ਹਮੇਸ਼ਾਂ ਤਜੱਰਬੇਕਾਰ ਅਤੇ ਸਮਝਦਾਰ ਡਰਾਈਵਰ ਹੀ ਨਾਲ ਲੈ ਕੇ ਜਾਣਾ ਚਾਹੀਦਾ ਹੈ।ਠੰਢ ਤੋਂ ਬਚਣ ਲਈ ਸੈਲਾਨੀਆਂ ਨੂੰ ਗਰਮ ਕੱਪੜੇ, ਕੰਬਲ, ਗਰਮ ਪਾਣੀ, ਦੁੱਧ ਅਤੇ ਹੋਰ ਪਦਾਰਥ ਆਪਣੇ ਨਾਲ ਲਿਆਉਣੇ ਚਾਹੀਦੇ ਹਨ ਅਤੇ ਹੋ ਸਕੇ ਤਾਂ ਸੈਲਾਨੀ ਛੋਟੇ ਬੱਚਿਆਂ ਅਤੇ ਬਜ਼ੁੱਰਗਾਂ ਨੂੰ ਆਪਣੇ ਨਾਲ ਲਿਆਉਣ ਤੋਂ ਵੀ ਸੰਕੋਚ ਕਰਨ। ਭਾਰੀ ਬਰਫ਼ਬਾਰੀ ਦੌਰਾਨ ਸੈਲਾਨੀਆਂ ਨੂੰ ਆਪਣੇ ਵਾਹਨਾਂ ਨੰੂ ਇੱਕ ਪਾਸੇ ਰੋਕ ਕੇ ਪਾਰਕਿੰਗ ਲਾਈਟਾਂ ਨੂੰ ਚਾਲੂ ਕਰ ਦੇਣਾ ਚਾਹੀਦਾ ਹੈ।ਗ਼ਲਤ ਹਾਲਤਾਂ ਦੌਰਾਨ ਜੇਕਰ ਲੰਮਾ ਸਮਾਂ ਰੁਕਣਾ ਵੀ ਪਵੇ ਤਾਂ ਹਰੇਕ 10 ਮਿੰਟ ਦੇ ਵਕਫ਼ੇ ਬਾਅਦ ਵਾਹਨ ਦਾ ਇੰਜਣ ਨੂੰ ਚਾਲੂ ਕਰ ਲੈਣਾ ਚਾਹੀਦਾ ਹੈ।ਇੰਜਣ ਚਾਲੂ ਕਰਨ ਵੇਲੇ ਵਾਹਨ ਦੇ ਸ਼ੀਸ਼ੇ ਥੋੜੇ੍ਹ-ਥੋੜੇ੍ਹ ਖ਼ੋਲ ਲੈਣੇ ਚਾਹੀਦੇ ਹਨ ਤਾਂ ਜੋ ਵਾਹਨ ਦੇ ਅੰਦਰ ਕਾਰਬਨ ਮੋਨੋਆਕਸਾਈਡ ਗੈਸ ਪੈਦਾ ਨਾ ਹੋ ਸਕੇ।
Check Also
ਸ਼੍ਰੋਮਣੀ ਕਮੇਟੀ ਵੱਲੋਂ ਪਿੰਡ ਵਾਂ ਵਿਖੇ ਕਰਵਾਇਆ ਗਿਆ ਗੁਰਮਤਿ ਸਮਾਗਮ ਤੇ ਅੰਮ੍ਰਿਤ ਸੰਚਾਰ
ਅੰਮ੍ਰਿਤਸਰ, 13 ਮਾਰਚ (ਜਗਦੀਪ ਸਿੰਘ) – ਸ਼ਹੀਦ ਭਾਈ ਤਾਰਾ ਸਿੰਘ ਜੀ ਵਾਂ ਦੀ 300 ਸਾਲਾ …
Punjab Post Daily Online Newspaper & Print Media