ਅੰਮ੍ਰਿਤਸਰ 14 ਦਸੰਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਈ ਜਾ ਰਹੀ ਧਾਰਮਿਕ ਸੰਸਥਾ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ੍ਰੀ ਅੰਮ੍ਰਿਤਸਰ ਵਿਖੇ ਸੰਸਾਰ ਦੀ ਪਹਿਲੀ ਅਤੇ ਦੂਜੀ ਜੰਗ ਸਮੇਂ ਬ੍ਰਿਟਿਸ਼ ਫ਼ੌਜ ਵਿੱਚ ਸਿੱਖ ਸੈਨਿਕਾਂ ਦੀ ਭੂਮਿਕਾ ਅਤੇ ਪਾਏ ਗਏ ਯੋਗਦਾਨ ਬਾਰੇ ਸੈਮੀਨਾਰ ਕਰਵਾਇਆ ਗਿਆ। ਸੰਸਾਰ ਜੰਗਾਂ ਦੌਰਾਨ ਬਹਾਦਰ ਸਿੱਖ ਸੈਨਿਕਾਂ ਬਾਰੇ ਲਗਭਗ 20 ਸਾਲਾਂ ਦੀ ਕੀਤੀ ਖੋਜ ਦੇ ਤੱਥਾਂ ਨੂੰ ਭੁਪਿੰਦਰ ਸਿੰਘ ਹਾਲੈਂਡ ਨੇ ਪ੍ਰੋਜੈਕਟਰ ਰਾਹੀਂ ਦਿਖਾ ਕੇ ਬੜੇ ਵਿਸਥਾਰ ਸਹਿਤ ਦੱਸਿਆ।ਉਨ੍ਹਾਂ ਨੇ ਪਹਿਲੀ ਸੰਸਾਰ ਜੰਗ 1914-18 ਅਤੇ ਦੂਜੀ ਸੰਸਾਰ ਜੰਗ 1939-45 ਦੌਰਾਨ ਬ੍ਰਿਟਿਸ਼ ਇੰਡੀਆ ਆਰਮੀ ਵਿੱਚ ਸਿੱਖਾਂ ਦੇ ਯੋਗਦਾਨ ਦਾ ਪੂਰਾ ਰਿਕਾਰਡ ਵੀ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਪਹਿਲੀ ਸੰਸਾਰ ਜੰਗ ਵਿੱਚ ਸ਼ਹੀਦ ਸੈਨਿਕਾਂ ਵਿਚ 33 ਫ਼ੀਸਦੀ ਭਾਰਤੀ ਅਤੇ ਸਿੱਖ ਸੈਨਿਕ ਸਨ, ਇਸੇ ਤਰ੍ਹਾਂ ਦੂਸਰੀ ਸੰਸਾਰ ਜੰਗ ਵਿੱਚ ਸ਼ਹੀਦ ਹੋਏ ਸੈਨਿਕਾਂ ਵਿਚ 35 ਫ਼ੀਸਦੀ ਭਾਰਤੀ ਅਤੇ ਸਿੱਖ ਸੈਨਿਕਾਂ ਦਾ ਯੋਗਦਾਨ ਸੀ।ਉਹਨਾਂ ਦੱਸਿਆ ਕਿ 19 ਮੁਲਕਾਂ ਦੀਆਂ ਫੌਜਾਂ ਵਿੱਚ ਸਿੱਖ ਸੈਨਿਕਾਂ ਨੇ ਬਹਾਦਰੀ ਦੇ ਝੰਡੇ ਗੱਡੇ ਅਤੇ ਇਹਨਾਂ ਦੀ ਬਹਾਦਰੀ ਨੂੰ ਅੱਜ ਵੀ ਯਾਦਗਾਰ ਦੇ ਰੂਪ ਵਿੱਚ ਇਹਨਾਂ ਦੇਸ਼ਾਂ ਵਿੱਚ ਸੰਭਾਲ ਕੇ ਰੱਖਿਆ ਹੋਇਆ ਹੈ।ਇਗਲੈਂਡ ਤੋਂ ਆਏ ਹੋਏ ਸਾਬਕਾ ਮੇਅਰ ਇੰਦਰ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਇਸ ਵਿਸ਼ੇ ’ਤੇ ਚਾਨਣਾ ਪਾਇਆ।ਇਸ ਤੋਂ ਇਲਾਵਾ ਬੀਬੀ ਕਿਰਨਜੋਤ ਕੌਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪ੍ਰੋ: ਸੂਬਾ ਸਿੰਘ ਨੇ ਵੀ ਆਪਣੇ ਵੀਚਾਰ ਪੇਸ਼ ਕੀਤਾ।
ਇਸ ਮੌਕੇ ਪ੍ਰਿੰਸੀਪਲ ਬਲਦੇਵ ਸਿੰਘ ਨੇ ਆਈਆਂ ਸਖ਼ਸ਼ੀਅਤਾਂ ਦਾ ਧੰਨਵਾਦ ਕੀਤਾ।ਸਟੇਜ ਦੀ ਜ਼ਿੰਮੇਵਾਰੀ ਪ੍ਰੋ: ਕੁਲਰਾਜ ਸਿੰਘ ਨੇ ਨਿਭਾਈ।ਭੁਪਿੰਦਰ ਸਿੰਘ ਹਾਲੈਂਡ ਨੇ ਆਪਣੀਆਂ ਪੁਸਤਕਾਂ ਕਾਲਜ ਦੀ ਲਾਇਬ੍ਰੇਰੀ ਲਈ ਪ੍ਰਿੰਸੀਪਲ ਬਲਦੇਵ ਸਿੰਘ ਨੂੰ ਭੇਟ ਕੀਤੀਆਂ।ਸਮਾਗਮ ਵਿੱਚ ਭਾਈ ਵੀਰ ਸਿੰਘ ਗੁਰਮਤਿ ਵਿਦਿਆਲਾ ਦੇ ਪ੍ਰਿੰਸੀਪਲ ਜਸਵਿੰਦਰ ਕੌਰ ਮਾਹਲ, ਸੁਪਰਡੈਟ ਮਨਜੀਤ ਸਿੰਘ ਅਤੇ ਵਿਦਿਆਰਥੀਆਂ ਨੇ ਵੀ ਸ਼ਮੂਲੀਅਤ ਕੀਤੀ। ਇਸ ਸਮੇਂ ਗੁਰਿੰਦਰ ਸਿੰਘ ਸੁਲਤਾਨਵਿੰਡ, ਸਰਬਜੀਤ ਸਿੰਘ ਗੁੰਮਟਾਲਾ, ਡਾ: ਜੋਗਿੰਦਰ, ਪੋ੍ਰ: ਗੁਰਿੰਦਰ ਸਿੰਘ ਮਾਨ ਨਿਊਯਾਰਕ ਮੌਜੂਦ ਸਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media