Friday, March 13, 2026

ਦਿੱਲੀ ਕਮੇਟੀ ਵਲੋਂ ਸਿਕਲੀਗਰ ਸਿੱਖਾਂ ’ਤੇ ਮੁਕੱਦਮਿਆਂ ਦੀ ਜਾਂਚ ਸੀ.ਬੀ.ਆਈ ਤੋਂ ਕਰਵਾਉਣ ਦੀ ਮੰਗ

PPN1912201705ਨਵੀਂ ਦਿੱਲੀ, 19 ਦਸੰਬਰ (ਪੰਜਬ ਪੋਸਟ ਬਿਊਰੋ) – ਮੱਧ ਪ੍ਰਦੇਸ਼ ਦੇ ਸਿਕਲੀਗਰ ਸਿੱਖਾਂ ’ਤੇ ਪੁਲਿਸ ਵੱਲੋਂ ਦਰਜ ਕੀਤੇ ਗਏੇ ਮੁਕਦਮਿਆਂ ਦੀ ਜਾਂਚ ਸੀ.ਬੀ.ਆਈ ਵੱਲੋਂ ਕਰਵਾਉਣ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੰਗ ਕੀਤੀ ਹੈ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ’ਤੇ ਸਿਕਲੀਗਰ ਸਿੱਖਾਂ ਦੇ ਖਿਲਾਫ਼ ਫਰਜੀ ਮੁਕਦਮੇ ਦਰਜ ਕਰਨ ਦਾ ਗੰਭੀਰ ਦੋਸ਼ ਲਾਇਆ ਹੈ।ਜੀ.ਕੇ ਨੇ ਦੱਸਿਆ ਕਿ ਮੱਧ ਪ੍ਰਦੇਸ਼ ’ਚ ਰਹਿੰਦੇ ਸਿਕਲੀਗਰ ਸਿੱਖਾਂ ’ਤੇ ਤਸ਼ੱਦਦ ਪੁਲਿਸ ਤੇ ਸਥਾਨਕ ਬਾਹੂਬਲਿਆਂ ਵੱਲੋਂ ਕਰਨ ਦੀਆਂ ਖਬਰਾਂ ਆਮ ਤੌਰ ਤੇ ਆਉਂਦੀ ਰਹਿੰਦੀਆਂ ਸਨ।ਪਰ ਹੁਣ ਕਮੇਟੀ ਕੋਲ ਆਈ ਨਵੀਂ ਸ਼ਿਕਾਇਤ ਵਿੱਚ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਵਲੋਂ ਮੱਧ ਪ੍ਰਦੇਸ਼ ਤੋਂ ਸਿੱਖਾਂ ਨੂੰ ਗ੍ਰਿਫਤਾਰ ਕਰਕੇ ਆਰਮਜ਼ ਐਕਟ ਤਹਿਤ ਦਿੱਲੀ ਤੋਂ ਗ੍ਰਿਫਤਾਰੀ ਦਿਖਾਉਣ ਦਾ ਦਾਅਵਾ ਪੀੜਿਤ ਸਿੱਖਾਂ ਵੱਲੋਂ ਕੀਤਾ ਗਿਆ ਹੈ।
ਇਸ ਸੰਬੰਧ ’ਚ ਉਨ੍ਹਾਂ ਨੇ ਸਪੈਸ਼ਲ ਸੈਲ ਵੱਲੋਂ ਦਰਜ ਕੀਤੀ ਗਈ ਐਫ.ਆਈ.ਆਰ ਨੰਬਰ 70/2016, 10/2017, 29/2017, 34/2017 ਅਤੇ 53/2017 ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਇਹਨਾਂ ਮੁਕਦਮਿਆਂ ’ਚ ਮੱਧ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤੇ ਗਏ ਸਿੱਖਾਂ ਨੂੰ ਨਜ਼ਾਇਜ ਰੂਪ ਨਾਲ ਬਿਨਾਂ ਟ੍ਰਾਂਜਿਟ ਰਿਮਾਂਡ ਦੇ ਦਿੱਲੀ ਤੋਂ ਨਜਾਇਜ਼ ਹਥਿਆਰਾਂ ਦੀ ਤਸਕਰੀ ਦੇ ਦੋਸ਼ ’ਚ ਗ੍ਰਿਫਤਾਰ ਦਿਖਾਇਆ ਗਿਆ ਹੈ। ਜੀ.ਕੇ ਨੇ ਦੱਸਿਆ ਕਿ ਮੁਗਲਕਾਲ ਤੋਂ ਸਿਕਲੀਗਰ ਸਿੱਖਾਂ ਦਾ ਪੇਸ਼ਾ ਖੇਤੀ ਦੇ ਔਜਾਰ ਬਣਾਉਣ ਦੇ ਨਾਲ ਹਲਕੇ ਹਥਿਆਰ ਬਣਾਉਣ ਦਾ ਰਿਹਾ ਹੈ।ਜਿਸ ’ਚ ਹੱਲ ਤੋਂ ਲੈ ਕੇ ਕ੍ਰਿਪਾਨ, ਬਰਛਾ, ਤੀਰ ਆਦਿ ਸ਼ਾਮਿਲ ਹਨ।
ਮੱਧ ਪ੍ਰਦੇਸ਼ ਦੇ 4 ਜਿਲ੍ਹੇ ਧਾਰ, ਬਡਵਾਨੀ, ਖਰਗੋਨ ਅਤੇ ਬੁਹਰਾਨਪੁਰ ਦੇ ਸਿਕਲੀਗਰ ਸਿੱਖਾਂ ਨੂੰ ਕੱਟਾ ਬਣਾਉਣ ਜਾਂ ਵੇਚਣ ਆਦਿ ਦੇ ਜੁਰਮ ’ਚ ਪੁਲਿਸ ਵੱਲੋਂ ਤਸ਼ੱਦਦ ਕੀਤੇ ਜਾਣ ਦਾ ਹਵਾਲਾ ਦਿੰਦੇ ਹੋਏ ਜੀ.ਕੇ ਨੇ ਦੱਸਿਆ ਕਿ ਇਸ ਸੰਬੰਧ ’ਚ ਮਈ 2017 ਵਿਚ ਇੰਦੌਰ ’ਚ ਹੋਈ ਸਿਕਲੀਗਰ ਮਹਾ ਪੰਚਾਇਤ ’ਚ ਮੱਧ ਪ੍ਰਦੇਸ਼ ਸਰਕਾਰ ਦੇ ਨੁਮਾਇੰਦੇ ਨੇ ਉਨ੍ਹਾਂ ਨੂੰ ਸਿਕਲੀਗਰ ਸਮਾਜ ’ਤੇ ਤਸ਼ੱਦਦ ਨਾ ਕੀਤੇ ਜਾਣ ਦਾ ਭਰੋਸਾ ਦਿੱਤਾ ਸੀ।ਪਰ ਹੁਣ ਦਿੱਲੀ ਪੁਲਿਸ ਵੱਲੋਂ ਮਨੁੱਖੀ ਅਧਿਕਾਰਾਂ ਨੂੰ ਕੁੱਚਲਦੇ ਹੋਏ ਸਿੱਖਾਂ ਨੂੰ ਝੂਠੇ ਮੁਕਦਮਿਆਂ ’ਚ ਫਸਾਇਆ ਜਾ ਰਿਹਾ ਹੈ।
ਜੀ.ਕੇ ਨੇ ਇਸ ਸਬੰਧ ’ਚ ਕਮੇਟੀ ਵੱਲੋਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਰਾਜਨਾਥ ਸਿੰੰਘ, ਘੱਟਗਿਣਤੀ ਮਾਮਲੇ ਦੇ ਮੰਤਰੀ ਮੁਖਤਾਰ ਅੱਬਾਸ ਨਕਵੀ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸਿਵਰਾਜ ਸਿੰਘ ਚੌਹਾਨ, ਰਾਜਪਾਲ ਓਮ ਪ੍ਰਕਾਸ਼ ਕੋਹਲੀ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਨੂੰ ਭੇਜੇ ਗਏ ਸ਼ਿਕਾਇਤੀ ਪੱਤਰ ਦਾ ਵੀ ਜਿਕਰ ਕੀਤਾ।ਜੀ.ਕੇ ਨੇ ਸਿਕਲੀਗਰ ਸਿੱਖਾਂ ਦੇ ਖਿਲਾਫ਼ ਦਰਜ ਮੁਕਦਮਿਆਂ ਦੀ ਜਾਂਚ ਸੀ.ਬੀ.ਆਈ ਤੋਂ ਕਰਵਾਉਣ ਦੀ ਮੰਗ ਕਰਦੇ ਹੋਏ ਦੋਸ਼ੀ ਪੁਲਿਸ ਅਧਿਕਾਰੀਆਂ ਦੀ ਮੋਬਾਇਲ ਲੋਕੇਸ਼ਨ ਗ੍ਰਿਫਤਾਰੀ ਸਮੇਂ ਤੋਂ 2 ਦਿਨ ਪਹਿਲੇ ਦੀ ਜਨਤਕ ਕਰਨ ਦੀ ਵਕਾਲਤ ਕੀਤੀ ਤਾਕਿ ਸੱਚ ਸਾਹਮਣੇ ਆ ਸਕੇ।ਜੀ.ਕੇ ਨੇ ਉਕਤ ਗੈਰਕਾਨੂੰਨੀ ਗ੍ਰਿਫਤਾਰੀਆਂ ਨੂੰ ਸੰਵੈਧਾਨਿਕ ਤੌਰ ਤੇ ਗਲਤ ਦੱਸਦੇ ਹੋਏ ਘੱਟਗਿਣਤੀਆਂ ’ਤੇ ਅਤਿਆਚਾਰ ਦੇ ਰੂਪ ’ਚ ਪਰਿਭਾਸ਼ਿਤ ਕੀਤਾ।
ਸਿਰਸਾ ਨੇ ਪੁਲਿਸ ਅਧਿਕਾਰੀਆਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਸਿਕਲੀਗਰ ਸਿੱਖ ਲਾਵਾਰਸ਼ ਨਹੀਂ ਹਨ। ਦਿੱਲੀ ਕਮੇਟੀ ਕਿਸੇ ਵੀ ਕੀਮਤ ’ਤੇ ਸਿੱਖਾਂ ਦੇ ਖਿਲਾਫ਼ ਗਲਤ ਮੁਕਦਮਿਆਂ ਨੂੰ ਬਰਦਾਸ਼ਤ ਨਹੀਂ ਕਰੇਗੀ। ਦੇਸ਼ ਦੀ ਆਜ਼ਾਦੀ ਤੋਂ ਪਹਿਲਾ ਅੰਗਰੇਜਾਂ ਦੇ ਰਾਜ ਦੌਰਾਨ ਸਿਕਲੀਗਰ ਸਿੱਖਾਂ ’ਤੇ ਹਥਿਆਰ ਬਣਾਉਣ ਦੇ ਨਾਂ ’ਤੇ ਹੋਈ ਤਸ਼ੱਦਦ ਦੀ ਤੁਲਨਾ ਸਿਰਸਾ ਨੇ ਪੁਲਿਸ ਦੀ ਮੌਜੂਦਾ ਮਾਨਸਿਕਤਾ ਨਾਲ ਕੀਤੀ।ਸਿਰਸਾ ਨੇ ਦੋਸ਼ ਲਗਾਇਆ ਕਿ ਜਿਹੜਾ ਕੇਸ ਪੁਲਿਸ ਕੋਲ ਹੱਲ ਨਹੀਂ ਹੁੰਦਾ ਉਸ ’ਚ ਸਿਕਲੀਗਰ ਸਿੱਖਾਂ ’ਤੇ ਨਾਜਾਇਜ਼ ਹਥਿਆਰਾਂ ਦਾ ਪਰਚਾ ਦੇ ਕੇ ਜਾਨ ਛੁਡਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।ਜਿਸ ਦੇ ਸਿੱਟੇ ਵਜੋਂ ਪੁਲਿਸ ਵੱਲੋਂ ਗੁਰਦੁਆਰਾ ਸਾਹਿਬ ਦੇ ਦੋ ਗ੍ਰੰਥੀ ਸਿੰਘਾਂ ’ਤੇ ਮੁਕਦਮੇ ਦਰਜ਼ ਹੋਣ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ।ਸਿਰਸਾ ਨੇ ਪੁਲਿਸ ਵੱਲੋਂ ਕੀਤੇ ਗਏ ਝੂਠੇ ਮੁਕੱਦਮਿਆਂ ਨੂੰ ਦਿੱਲੀ ਕਮੇਟੀ ਵੱਲੋਂ ਮੁਕਾਮ ’ਤੇ ਪਹੁੰਚਾ ਕੇ ਸੱਚ ਸਾਹਮਣੇ ਲਿਆਉਣ ਦਾ ਵੀ ਦਾਅਵਾ ਕੀਤਾ।
ਸਿਕਲੀਗਰ ਸਿੱਖਾਂ ਦੇ ਪ੍ਰਤੀਨਿਧ ਨੇ ਇਸ ਮੌਕੇ ਪੱਤਰਕਾਰਾਂ ਸਾਹਮਣੇ ਪੁਲਿਸ ਦੇ ਡਰ ਦੀ ਖੌਫ਼ਨਾਕ ਤਸਵੀਰ ਪੇਸ਼ ਕਰਦੇ ਹੋਏ ਕਿਹਾ ਕਿ ਬੀਤੇ ਕਈ ਵਰਿਆਂ ਤੋਂ ਸਾਡੇ ਨਾਲ ਅਤਿਆਚਾਰ ਹੋ ਰਿਹਾ ਹੈ।ਸਾਡਾ ਮੁਖ ਕਾਰੋਬਾਰ ਲੋਹੇ ਦੇ ਔਜਾਰ ਬਣਾਉਣ ਦਾ ਹੈ। ਪਰ ਅਸੀਂ ਦੇਸ਼ ਆਜਾਦ ਹੋਣ ਦੇ ਬਾਵਜੂਦ ਗੁਲਾਮੀ ਦੀ ਜਿੰਦਗੀ ਜੀਣ ਨੂੰ ਮਜਬੂਰ ਹਾਂ। ਮੱਧ ਪ੍ਰਦੇਸ਼ ਦੇ ਚਾਰ ਜਿਲਿਆਂ ’ਚ ਰਹਿਣ ਵਾਲੇ 20,000 ਤੋਂ ਵੱਧ ਸਿਕਲੀਗਰ ਭਾਈਚਾਰਾ ਇੰਨਾ ਡਰਿਆ ਹੋਇਆ ਹੈ ਕਿ ਰਾਤ ਦੇ ਵੇਲੇ ਘਰਾਂ ’ਚ ਰਹਿਣ ਦੀ ਥਾਂ ਜੰਗਲਾਂ ’ਚ ਰਹਿਣਾ ਸੁਰੱਖਿਅਤ ਸਮਝਦਾ ਹੈ।ਹਾਲਾਂਕਿ ਸਿੱਖ ਮਰਦਾ ਨਹੀਂ ਇਸ ਸੋਚ ਦਾ ਫਾਇਦਾ ਚੁੱਕ ਕੇ ਪੁਲਿਸ ਸਾਡੀਆਂ ਬੀਬੀਆਂ-ਭੈਣਾਂ ਨੂੰ ਚੁੱਕ ਲੈ ਜਾਂਦੀ ਹੈ। ਹੁਣ ਸਾਨੂੰ ਆਸ਼ ਸਿਰਫ ਦਿੱਲੀ ਕਮੇਟੀ ਪਾਸੋਂ ਨਜ਼ਰ ਆਉਂਦੀ ਹੈ ਕਿ ਉਹ ਕਮਜੋਰ ਪੈ ਚੁੱਕੇ ਸਾਡੇ ਦਿਲਾਂ ਨੂੰ ਮਜਬੂਤ ਕਰਕੇ ਸਾਨੂੰ ਸਿੱਖੀ ਦੀ ਮੁੱਖਧਾਰਾ ਨਾਲ ਜੋੜੇ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply