ਕਿਹਾ ਕੌਮ ’ਚ ਦੁਬਿਧਾ ਪੈਦਾ ਕਰ ਰਹੇ ਗਲਤ ਅਨਸਰਾਂ ਤੋਂ ਪੰਥ ਨੂੰ ਨਿਖੇੜਣਾ ਜਰੂਰੀ
ਅੰਮ੍ਰਿਤਸਰ, 27 ਦਸੰਬਰ (ਪੰਜਾਬ ਪੋਸਟ ਬਿਊਰੋ) – ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਦੇ ਸ਼ੁਕਰਾਨਾ ਸਮਾਰੋਹ ਅਤੇ 351ਵੇਂ ਪ੍ਰਕਾਸ਼ ਪੁਰਬ ਮੌਕੇ ਤਖ਼ਤ ਸ੍ਰੀ ਹਰਿਮੰਦਰ ਸਾਹਿਬ
ਪਟਨਾ ਸਾਹਿਬ ਵਿਖੇ ਦਸਮ ਪਿਤਾ ਦੇ ਜੀਵਨ ਬਾਰੇ ਕਥਾ ਦੌਰਾਨ ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਦੇਸ਼ ਦੀ ਹੋਂਦ, ਭਾਰਤ ਦੀ ਸੰਸਕ੍ਰਿਤੀ, ਹਿੰਦੂ ਧਰਮ ਦੀ ਰੱਖਿਆ, ਮਾਨਵਤਾ ਅਤੇ ਸਰਬ ਸਾਂਝੀਵਾਲਤਾ ਲਈ ਗੁਰੂ ਦਸਮੇਸ਼ ਪਿਤਾ ਅਤੇ ਉਹਨਾਂ ਦੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਬਹੁਤ ਵੱਡਾ ਬਲੀਦਾਨ ਹੈ।ਇਹੀ ਕਾਰਨ ਹੈ ਕਿ ਅੱਜ ਸਾਰੀ ਦੁਨੀਆ ਵਿੱਚ ਉਹਨਾਂ ਵੱਲੋਂ ਕੀਤੇ ਗਏ, ਪਰ ਉਪਕਾਰਾਂ ਦਾ ਜ਼ਿਕਰ ਹੋ ਰਿਹਾ ਹੈ। ਜਦ ਕਿ ਦੂਜੇ ਪਾਸੇ ਇਸ ਧਰਤੀ ’ਤੇ ਆਏ ਦੂਜੇ ਧਰਮਾਂ ਦੇ ਸਾਰੇ ਅਵਤਾਰ ਅਤੇ ਰਹਿਬਰ ਆਪਣੇ ਪਰਿਵਾਰਕ, ਆਪਣੇ ਧਰਮ, ਆਪਣੀ ਕੌਮ ਜਾਂ ਆਪਣੀ ਸ਼ਖਸੀਅਤ ਨੂੰ ਹੀ ਸਥਾਪਿਤ ਕਰਨ ਲਈ ਸੰਘਰਸ਼ਸ਼ੀਲ ਰਹੇ। ਉਹਨਾਂ ਕਿਹਾ ਕਿ ਇਤਿਹਾਸ ’ਤੇ ਡੂੰਘੀ ਨਜ਼ਰ ਮਾਰੀ ਜਾਵੇ ਤਾਂ ਪਤਾ ਚਲਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਆਪਣੇ 42 ਸਾਲ ਦੇ ਜੀਵਨ ਕੌਤਕਾਂ ’ਚ ਕੋਈ ਇੱਕ ਅਜਿਹਾ ਪਲ ਨਹੀਂ ਆਇਆ ਜਦ ਉਹ ਆਰਾਮ ਨਾਲ ਬੈਠੇ ਹੋਣ।ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਜ਼ੋਰ ਦੇ ਕੇ ਕਿਹਾ ਕਿ ਜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਮਾਤਲੋਕ ਵਿੱਚ ਨਾ ਆਉਂਦੇ ਤਾਂ ਹਿੰਦੁਸਤਾਨ ਦਾ ਨਾਮ ਭਾਰਤ ਹੋਣ ਦੀ ਥਾਂ ਅਵੱਸ਼ ਹੀ ਕੋਈ ਇਸਲਾਮਿਕ ਸਟੇਟ ਹੋਣਾ ਸੀ ਜਾਂ ਇਹ ਅੱਜ ਇੱਕ ਇਸਲਾਮਿਕ ਸਟੇਟ ਵੱਜੋ ਜਾਣਿਆ ਜਾਣਾ ਸੀ।
ਬਾਬਾ ਹਰਨਾਮ ਸਿੰਘ ਨੇ ਸਿੱਖੀ ਭੇਸ ’ਚ ਸਿੱਖੀ ਪਰੰਪਰਾਵਾਂ ਨੂੰ ਢਾਹ ਲਾਉਣ `ਚ ਲੱਗੇ ਲੋਕਾਂ ਅਤੇ ਉਨਾਂ ਸ਼ਕਤੀਆਂ ਪ੍ਰਤੀ ਸੁਚੇਤ ਰਹਿਣ ਦਾ ਹੋਕਾ ਦਿੰਦਿਆਂ ਕਿਹਾ ਕਿ ਜੋ ਲੋਕ ਸਿੱਖੀ ਸਰੂਪ ਵਿੱਚ ਗੁਰ ਇਤਿਹਾਸ, ਸਿੱਖ ਇਤਿਹਾਸ, ਗੁਰ ਅਸਥਾਨਾਂ, ਸ਼ਰਧਾ ਅਤੇ ਵਿਸ਼ਵਾਸ ਨੂੰ ਨਿਸ਼ਾਨਾ ਬਣਾ ਰਹੇ ਹਨ ਉਹ ਸਿੱਖ ਕੌਮ ਲਈ ਸਭ ਤੋਂ ਵੱਡੇ ਘਾਤਕ ਹਨ।ਉਨਾਂ ਕਿਹਾ ਕਿ ਕੌਮ ’ਚ ਦੁਬਿਧਾ ਪੈਦਾ ਕਰ ਰਹੇ ਉਹਨਾਂ ਗਲਤ ਅਨਸਰਾਂ ਤੋਂ ਪੰਥ ਦਾ ਨਿਖੇੜਾ ਕਰਨਾ ਚਾਹੀਦਾ ਹੈ। ਇਸ ਮੌਕੇ ਉਹਨਾਂ ਪ੍ਰਕਾਸ਼ ਪੁਰਬ ਲਈ ਪਾਏ ਗਏ ਵੱਡੇ ਤੇ ਇਤਿਹਾਸਕ ਯੋਗਦਾਨ ਲਈ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਧੰਨਵਾਦ ਕੀਤਾ।ਇਸ ਮੌਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਗੁਰਬਚਨ ਸਿੰਘ, ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਦਮਦਮਾ ਸਾਹਿਬ, ਗਿਆਨੀ ਇਕਬਾਲ ਸਿੰਘ ਜਥੇਦਾਰ ਤਖ਼ਤ ਸ੍ਰੀ ਪਟਨਾ ਸਾਹਿਬ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਅਵਤਾਰ ਸਿੰਘ ਮੱਕੜ ਪ੍ਰਧਾਨ ਪਟਨਾ ਸਾਹਿਬ ਕਮੇਟੀ, ਸੰਤ ਬਲਬੀਰ ਸਿੰਘ ਮੁਖੀ ਬੁੱਢਾ ਦਲ, ਮਹੰਤ ਕਾਨ ਸਿੰਘ ਸੇਵਾ ਪੰਥੀ, ਸੰਤ ਜੋਗਾ ਸਿੰਘ ਕਰਨਾਲ, ਬਾਬਾ ਘਾਲਾ ਸਿੰਘ ਨਾਨਕਸਰ, ਸੰਤ ਬਲਜਿੰਦਰ ਸਿੰਘ ਰਾੜਾ ਸਾਹਿਬ, ਸੰਤ ਪ੍ਰਦੀਪ ਸਿੰਘ ਬੋਰੇਵਾਲ ਆਦਿ ਵੀ ਮੌਜੂਦ ਸਨ।
Check Also
ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ
ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …
Punjab Post Daily Online Newspaper & Print Media