Saturday, February 28, 2026

ਵਰ੍ਹਾ ਅਠਾਰਾਂ ਦਾ

ਸੜਕਾਂ ਤੋਂ ਭਰੂਣ ਮਿਲਣ ਨਾ ਕਦੇ ਵੀ ਨੰਨੀਆਂ ਜਾਨਾਂ ਦੇ,
ਸਰਹੱਦਾਂ ਉਤੇ ਸਿਰ ਨਾ ਲੱਥਣ ਸਾਡੇ ਹੋਰ ਜੁਆਨਾਂ ਦੇ।
ਕਿਸਾਨੀ ਦੇ ਸਿਰੋਂ ਲਹਿ ਜੇ ਕਰਜਾ ਸਾਰਾ ਸ਼ਹੂਕਾਰਾਂ ਦਾ,
ਸਭ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਵਰਾ ਅਠਾਰਾਂ ਦਾ।

ਮੰਜ਼ਲ ਨੂੰ ਪਾ ਲੈਣ ਦਾ ਦਾਤਾ ਹਰ ਇਕ ਨੂੰ ਜਨੂੰਨ ਦੇਈਂ,
ਦੁਖੀਆ ਜੇ ਕੋਈ ਰੋਂਦਾ ਹੋਵੇ ਉਸ ਦਿਲ ਨੂੰ ਸਕੂਨ ਦੇਈਂ।
ਗਲਵੱਕੜੀਆਂ ਫ਼ਿਰ ਪੈ ਜਾਵਣ, ਭੁੱਲ ਕੇ ਦੌਰ ਹਥਿਆਰਾਂ ਦਾ
ਸਭ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਵਰ੍ਹਾ ਅਠਾਰਾਂ ਦਾ।

ਹਰ ਗੱਭਰੂ ਮੁਟਿਆਰ ਦੀ ਜਿੰਦਗੀ ਗੁਜ਼ਰੇ ਚਾਈਂ ਚਾਈਂ,
ਕਦੇ ਨਾ ਅੱਗਾਂ ਲੱਗਣ ਬਾਬੇ ਸੂਹੇ ਸਾਲੂ ਤਾਈਂ।
ਬੱਚਿਆਂ ਦੇ ਸਿਰ ਬਾਪ ਦਾ ਸਾਇਆ, ਬਣਿਆ ਰਹੇ ਬਹਾਰ ਦਾ
ਸਭ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਵਰ੍ਹਾ ਅਠਾਰਾਂ ਦਾ।

ਲੀਡਰ ਪਹਿਰਾ ਦੇਣ ਅਸਾਡੇ ਹੱਕ ਸੱਚ ਦੇ ਉੱਤੇ,
ਇਕ ਮੇਰੇ ਪੰਜਾਬ ਦੇ ਦਾਤਾ ਭਾਗ ਜਗਾ ਦੇ ਸੁੱਤੇ।
ਪੰਜਾਬੀ ਵੱਲੀਂ ਰੁਖ ਮੋੜ ਦੇਈਂ ਭੁੱਲ ਗਈਆਂ ਸਰਕਾਰਾਂ ਦਾ
ਸਭ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਵਰ੍ਹਾ ਅਠਾਰਾਂ ਦਾ।

ਵਿੱਚ ਜੁਆਨੀ ਕਦੇ ਨਾ ਵਿਛੜਣ ਇਕ ਦੂਜੇ ਤੋਂ ਸੰਗੀ,
‘ਦੋਦੇ ਵਾਲੇ ਬਲਵਿੰਦਰ ਨੇ ਇਹ ਮੰਗ ਹੈ ਤੈਥੋਂ ਮੰਗੀ।
ਫੇਰ ਦੁਬਾਰਾ ਰਲ ਕੇ ਬੈਠਣ, ਲੱਗ ਜਾਏ ਝੁੰਡ ਯਾਰਾਂ ਦਾ
ਸਭ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਵਰ੍ਹਾ ਅਠਾਰਾਂ ਦਾ।

PPW Balwinder Dodaਬਲਵਿੰਦਰ ਰਾਏ ਦੋਦਾ
ਪਿੰਡ ਦੋਦਾ, ਸ੍ਰੀ ਮੁਕਤਸਰ ਸਾਹਿਬ।
ਮੋਬਾਈਲ – 93573-05252

Check Also

ਪੰਜਾਬੀ (ਕਵਿਤਾ)

ਸਾਰੀਆਂ ਮਾਰਾਂ ਸਹਿਣ ਪੰਜਾਬੀ ਤਾਂ ਵੀ ਉਫ਼ ਨਾ ਕਹਿਣ ਪੰਜਾਬੀ। ਦੁਨੀਆਂ ਜ਼ੋਰ ਲਗਾ ਕੇ ਥੱਕੀ …

Leave a Reply