Monday, November 16, 2026

ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਨੂੰ ਸਮਾਰਟ ਸਿਟੀ ਬਣਾਉਣ ਲਈ ਖਾਕਾ ਤਿਆਰ

ਸਿੱਧੂ ਅਤੇ ਭਾਰਤ ਸਰਕਾਰ ਦੇ ਸਕੱਤਰ ਵੱਲੋਂ ਤਿੰਨਾਂ ਸ਼ਹਿਰਾਂ ਦੇ ਅਧਿਕਾਰੀਆਂ ਨਾਲ ਮੀਟਿੰਗ

PPN0501201808ਅੰਮ੍ਰਿਤਸਰ, 5 ਜਨਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਦੇ ਤਿੰਨ ਵੱਡੇ ਸ਼ਹਿਰਾਂ ਅੰਮਿ੍ਰਤਸਰ, ਜਲੰਧਰ ਅਤੇ ਲੁਧਿਆਣਾ ਨੂੰ ਸਮਾਰਟ ਸਿਟੀ ਵਜੋਂ ਵਿਕਸਤ ਕਰਨ ਦਾ ਮੁੱਢਲਾ ਖਾਕਾ ਤਿਆਰ ਕਰਨ ਲਈ ਅੱਜ ਸਥਾਨਕ ਸਰਕਾਰਾਂ ਵਿਭਾਗ ਮੰਤਰੀ ਨਵਜੋਤ ਸਿੰਘ ਸਿੱਧੂ, ਕੇਂਦਰ ਸਰਕਾਰ ਦੇ ਸ਼ਹਿਰੀ ਵਿਕਾਸ ਵਿਭਾਗ ਦੇ ਵਧੀਕ ਸਕੱਤਰ ਡਾ: ਸਮੀਰ ਸ਼ਰਮਾ ਵੱਖ ਵੱਖ ਕੰਮਾਂ ਲਈ ਨਿਯੁੱਕਤ ਕੀਤੇ ਗਏ ਸਲਾਹਕਾਰਾਂ, ਪ੍ਰਾਜੈਕਟ ਇੰਚਾਰਜਾਂ ਅਤੇ ਉਕਤ ਤਿੰਨ ਸਹਿਰਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਅੰਮ੍ਰਿਤਸਰ ਵਿਖੇ ਲੰਬੀ ਮੀਟਿੰਗ ਕੀਤੀ।ਆਪਣੇ ਸੰਬੋਧਨ ਵਿੱਚ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸਾਰੇ ਕੰਮਾਂ ਲਈ ਸਮਾਂ ਸੀਮਾਂ ਤੈਅ ਕੀਤੀ ਜਾਵੇ ਅਤੇ ਅਧਿਕਾਰੀ ਉਸ ਸਮੇਂ ਵਿੱਚ ਕੰਮ ਪੂਰਾ ਕਰਨ ਲਈ ਪਾਬੰਦ ਹੋਣਗੇ।ਉਨ੍ਹਾਂ ਕਿਹਾ ਕਿ ਸਾਰੇ ਕੰਮਾਂ ਦੀ ਗੁਣਵੱਤਾ ਬਰਕਰਾਰ ਰੱਖੀ ਜਾਵੇ ਅਤੇ ਸਾਰੇ ਵਿਭਾਗ ਇਕ ਟੀਮ ਬਣ ਕੇ ਇਨ੍ਹਾਂ ਕੰਮਾਂ ਨੂੰ ਨੇਪਰੇ ਚਾੜਣ।ਉਨ੍ਹਾਂ ਅੰਮਿ੍ਰਤਸਰ ਦੇ ਬੀ.ਆਰ.ਟੀ.ਐਸ ਪ੍ਰਾਜੈਕਟ ਨੂੰ ਵੀ ਮੁਕੰਮਲ ਹਾਲਤ ਵਿੱਚ ਚਾਲੂ ਕਰਨ `ਤੇ ਜੋਰ ਦਿੰਦੇ ਕਿਹਾ ਕਿ ਬੱਸਾਂ ਦਾ ਵਕਫਾ ਘੱਟ ਤੋਂ ਘੱਟ ਰੱਖ ਕੇ ਸਾਰੇ ਰੂਟ ਚਾਲੂ ਕੀਤੇ ਜਾਣ।
ਮੀਟਿੰਗ ਵਿੱਚ ਤਿੰਨਾਂ ਸ਼ਹਿਰਾਂ ਦੇ ਵਿਕਾਸ ਲਈ ਤਿਆਰ ਕੀਤਾ ਗਿਆ ਖਰੜਾ ਵੇਖਦੇ ਹੋਏ ਡਾ: ਸ਼ਰਮਾ ਨੇ  ਜਰੂਰੀ ਸੁਝਾਓ ਅਤੇ ਤਰਮੀਮਾਂ ਦਿੰਦੇ ਹੋਏ ਇਸ ਖਾਕੇ ਨੂੰ ਤੁਰੰਤ ਹਕੀਕਤ ਵਿੱਚ ਬਦਲਣ ਲਈ ਟੈਂਡਰ ਅਤੇ ਹੋਰ ਪ੍ਰਕਿਰਿਆ ਸ਼ੁਰੂ ਕਰਨ ਦੀ ਹਦਾਇਤ ਕੀਤੀ।
ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਏ.ਵੇਨੂੰ ਪ੍ਰਸ਼ਾਦ ਨੇ ਕਿਹਾ ਕਿ ਪਹਿਲਾਂ ਵਿਧਾਨ ਸਭਾ ਚੋਣਾਂ ਅਤੇ ਫਿਰ ਸਥਾਨਕ ਸਰਕਾਰਾਂ ਵਿਭਾਗ ਦੀਆਂ ਚੋਣਾਂ ਕਾਰਨ ਇਹ ਕੰਮ ਕੁਝ ਚਿਰ ਲਈ ਅਟਕਿਆ ਸੀ, ਜਿਸ ਨੂੰ ਛੇਤੀ ਹੀ ਲੀਹ ਉਤੇ ਪਾ ਦਿੱਤਾ ਜਾਵੇਗਾ।ਉਨ੍ਹਾਂ ਭਰੋਸਾ ਦਿੱਤਾ ਕਿ ਉਕਤ ਸ਼ਹਿਰਾਂ ਦੇ ਵਿਕਾਸ ਲਈ ਫੰਡ ਵੀ ਨਿਰੰਤਰ ਪੰਜਾਬ ਸਰਕਾਰ ਵੱਲੋਂ ਮਿਲਦੇ ਰਹਿਣਗੇ।ਉਨ੍ਹਾਂ ਸਬੰਧਤ ਸ਼ਹਿਰਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸ਼ਹਿਰ ਵਾਸੀਆਂ ਲਈ ਜਰੂਰੀ ਅਤੇ ਵਰਤੋਂ ਵਾਲੇ ਪ੍ਰਾਜੈਕਟ ਹੀ ਸ਼ੁਰੂ ਕਰਨ ਨਾ ਕਿ ਚਿੱਟਾ ਹਾਥੀ ਬਣੇ ਰਹਿਣ ਵਾਲੇ ਕੰਮਾਂ ’ਤੇ ਫਜੂਲ ਖਰਚੀ ਕੀਤੀ ਜਾਵੇ।
ਡਾ: ਸਮੀਰ ਸ਼ਰਮਾ ਨੇ ਇਸ ਮੌਕੇ ਅੰਮਿ੍ਰਤਸਰ ਦੇ ਸਾਰੇ ਪਾਰਕਾਂ ਦਾ ਵਿਕਾਸ ਥੀਮ ਪਾਰਕ ਵਜੋਂ ਕਰਨ ਦਾ ਸੁਝਾਓ ਦਿੰਦੇ ਕਿਹਾ ਕਿ ਯੂਰਪੀਅਨ ਪਾਰਕਾਂ ਦੀ ਨਕਲ ਜਰੂਰੀ ਨਹੀਂ ਬਲਕਿ ਲੋਕਾਂ ਦੀ ਚਾਹਤ ਅਤੇ ਸਥਾਨਕ ਸੰਸਕ੍ਰਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਮਾਰਤਾਂ ਅਤੇ ਪਾਰਕਾਂ ਦੇ ਡਿਜਾਇਨ ਤਿਆਰ ਕੀਤੇ ਜਾਣ।ਉਨ੍ਹਾਂ ਇਸ ਲਈ ਲੋਕਾਂ ਕੋਲੋਂ ਸੁਝਾਓ ਲੈਣ ਦੀ ਹਦਾਇਤ ਵੀ ਕੀਤੀ।ਸ਼ਹਿਰਾਂ ਵਿੱਚ ਬਣਨ ਵਾਲੀਆਂ ਕਾਰ ਪਾਰਕਿੰਗ ਦੇ ਮੁੱਦੇ ਤੇ ਉਨ੍ਹਾਂ ਕਿਹਾ ਕਿ ਇਹ ਘੱਟ ਸਥਾਨ ਵਿੱਚ ਵੱਧ ਕਾਰਾਂ ਰੋਕ ਸਕਣ ਦੇ ਸਮਰੱਥ ਹੋਣ ਇਸ ਲਈ ਉਚ ਤਕਨੀਕ ਦੀ ਵਰਤੋਂ ਕੀਤੀ ਜਾਵੇ। ਉਨ੍ਹਾਂ ਸੂਰਜੀ ਊਰਜਾ ਦੀ ਵਰਤੋਂ ਕਰਨ ਲਈ ਸਰਕਾਰੀ ਇਮਾਰਤਾਂ ਦੇ ਨਾਲ ਨਾਲ ਨਿੱਜੀ ਇਮਾਰਤਾਂ ਉਤੇ ਵੀ ਸੂਰਜੀ ਊਰਜਾ ਪਲਾਂਟ ਲਗਾਉਣ ਦੀ ਹਦਾਇਤ ਵੀ ਕੀਤੀ।
ਡਾ: ਸਮੀਰ ਨੇ ਸ਼ਹਿਰਾਂ ਵਿੱਚ ਪ੍ਰਦੂਸ਼ਣ ਘੱਟ ਕਰਨ ਲਈ ਈ-ਰਿਕਸ਼ਾ ਅਤੇ ਡੀਜਲ ਦੀ ਥਾਂ ਸੀ:ਐਨ:ਜੀ ਨੂੰ ਜਰੂਰੀ ਕਰਨ ਦਾ ਸੁਝਾਓ ਵੀ ਦਿੱਤਾ।ਉਨ੍ਹਾਂ ਕਿਹਾ ਕਿ ਹਰੇਕ ਸ਼ਹਿਰ  ਦੀਆਂ ਵੱਖੋ ਵੱਖ ਲੋੜਾਂ ਹਨ ਅਤੇ ਉਨ੍ਹਾਂ ਜਰੂਰਤਾਂ ਅਨੁਸਾਰ ਹੀ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਕੰਮ ਉਲੀਕੇ ਜਾਣ। ਉਨ੍ਹਾਂ ਭਰੋਸਾ ਦਿਵਾਇਆ ਕਿ ਕੇਂਦਰ ਸਰਕਾਰ ਵੱਲੋਂ ਸਮਾਰਟ ਸਿਟੀ ਪ੍ਰਾਜੈਕਟ ਨੂੰ ਪੂਰਾ ਕਰਨ ਲਈ ਨਿਰੰਤਰ ਫੰਡ ਮਿਲਦੇ ਰਹਿਣਗੇ।ਮੀਟਿੰਗ ਵਿੱਚ ਆਵਾਜਾਈ, ਬਿਜਲੀ ਸਪਲਾਈ, ਵਾਟਰ ਸਪਲਾਈ ਅਤੇ ਸੀਵਰੇਜ, ਸਾਲਿਡ ਵੇਸਟ ਮੈਨੇਜਮੈਂਟ, ਲੈਂਡ ਸਕੇਪ, ਈ-ਗਵਰਨੈਂਸ, ਸਕਿਉਰਟੀ, ਗੈਸ ਸਪਲਾਈ ਅਤੇ ਹੋਰ ਵਿਸ਼ਿਆਂ ਦੇ ਮਾਹਿਰਾਂ ਨੇ ਬਤੌਰ ਸਲਾਹਕਾਰ ਸ਼ਿਰਕਤ ਕੀਤੀ ਅਤੇ ਆਪਣੇ ਅਣਮੁੱਲੇ ਵਿਚਾਰ ਦਿੱਤੇ।
ਅੱਜ ਦੀ ਇਸ ਮੀਟਿੰਗ ਵਿੱਚ ਸੀ.ਈ.ਓ  ਪੰਜਾਬ ਮਿਊਂਸੀਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੌਂਸਲ ਅਜੋਏ ਸ਼ਰਮਾ, ਡਿਪਟੀ ਕਮਿਸ਼ਨਰ ਅੰਮਿ੍ਰਤਸਰ ਕਮਲਦੀਪ ਸਿੰਘ ਸੰਘਾ, ਪੁਲਿਸ ਕਮਿਸ਼ਨਰ ਐਸ:ਸ੍ਰੀ ਵਾਸਤਵਾ, ਕਮਿਸ਼ਨਰ ਨਗਰ ਨਿਗਮ ਸੋਨਾਲੀ ਗਿਰੀ, ਸੀ.ਈ.ਓ ਅੰਮਿ੍ਰਤਸਰ ਸਮਾਰਟ ਸਿਟੀ ਪ੍ਰਾਜੈਕਟ ਮੈਡਮ ਦੀਪਤੀ ਉਪਲ, ਜਲੰਧਰ ਦੇ ਸੀ.ਈ.ਓ ਗਰੀਸ਼ ਦਿਆਲਨ, ਲੁਧਿਆਣਾ ਦੇ ਸੀ.ਈ.ਓ ਜਸਕਿਰਨ ਸਿੰਘ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।

Check Also

ਬਾਬਾ ਦੀਪ ਸਿੰਘ ਜੀ ਸ਼ਹੀਦੀ ਦਿਹਾੜੇ ਮੌਕੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਵੱਡੀ ਗਿਣਤੀ ਸੰਗਤਾਂ ਨਤਮਸਤਕ

ਅੰਮ੍ਰਿਤਸਰ, 15 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਕੌਮ ਦੇ ਅਮਰ …

Leave a Reply