ਇੰਜੀਨੀਅਰ ਦੇ ਵਿਦਿਆਰਥੀ ਡਿਗਰੀ ਦੇ ਨਾਲ-ਨਾਲ ਪ੍ਰੈਕਟੀਕਲ ਮਾਹਿਰ ਵੀ ਹੋਣ – ਛੀਨਾ
ਅੰਮ੍ਰਿਤਸਰ, 9 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਇੰਜੀਨੀਅਰਿੰਗ ਪਾਸ ਦੀ ਡਿਗਰੀ ਹਰੇਕ ਵਿਦਿਆਰਥੀ ਕੋਲ ਹੈ, ਪਰ ਉਸ ਕੋਲ ਇੰਜੀਨੀਅਰ ’ਚ ਹੱਥੀਕਾਰ ਤਜਰਬਾ ਨਾਮਾਤਰ ਹੈ।ਜਿਸ ਕਾਰਨ ਕਈ ਮਾਨਤਾ ਪ੍ਰਾਪਤ ਇੰਜੀਨੀਅਰ ਕਾਲਜ ਬੰਦ ਹੋਣ ਦੀ ਕਗਾਰ ’ਤੇ ਖੜੇ ਹਨ ਅਤੇ ਕੁਝ ਬੰਦ ਵੀ ਹੋ ਚੁੱਕੇ ਹਨ।ਇਸ ਲਈ ਨਿਘਾਰ ਵੱਲ ਜਾ ਰਹੀਆਂ ਕਈ ਇੰਜੀਨੀਅਰਿੰਗ ਸੰਸਥਾਵਾਂ ਨੂੰ ਬਚਾਉਣ ਅਤੇ ਉਨਾਂ ਦੀ ਨੀਂਹ ਨੂੰ ਮਜ਼ਬੂਤ ਰੱਖਣ ਲਈ ਮਾਹਿਰ ਤੇ ਤਜ਼ਰਬੇਕਾਰ ਇੰਜੀਨੀਅਰ ਪ੍ਰੋਫ਼ੈਸਰਾਂ ਦੀ ਅਤਿਅੰਤ ਜਰੂਰਤ ਹੈ।
ਅੱਜ ਇਹ ਵਿਚਾਰਲੂ-ਚਰਚਾ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜ਼ੀ ਰਣਜੀਤ ਐਵੀਨਿਊ ਵਿਖੇ ਨਵਨਿਯੁੱਕਤ ਪ੍ਰਿੰਸੀਪਲ ਡਾ. ਮੰਜ਼ੂ ਬਾਲਾ ਨੂੰ ਅਹੁੱਦੇ ’ਤੇ ਬਿਰਾਜਮਾਨ ਕਰਨ ਉਪਰੰਤ ਵਧੀਕ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ, ਫ਼ਾਇਨਾਂਸ ਸਕੱਤਰ ਗੁਨਬੀਰ ਸਿੰਘ, ਸਾਬਕਾ ਪ੍ਰਿੰਸੀਪਲ ਡਾ. ਅਮਰਪਾਲ ਸਿੰਘ ਨਾਲ ਸਮਾਗਮ ’ਚ ਕੀਤੀ ਗਈ।
ਛੀਨਾ ਨੇ ਆਪਣੇ ਸੰਬੋਧਨੀ ਭਾਸ਼ਣ ’ਚ ਕਿਹਾ ਕਿ ਪੜਾਈ ਕਿਸੇ ਤਰਾਂ ਦੀ ਵੀ ਹੋਵੇ ਅਜੋਕੇ ਸਮੇਂ ਕਈ ਸੰਸਥਾਵਾਂ ਨੇ ਇਸ ਨੂੰ ਵਪਾਰ ਬਣਾ ਕੇ ਰੱਖ ਦਿੱਤਾ ਹੈ, ਉਚ ਕੀਮਤਾਂ ਹਾਸਲ ਕਰਕੇ ਵਿਦਿਆਰਥੀਆਂ ਨੂੰ ਡਿਗਰੀਆਂ ਸੌਂਪੀਆਂ ਜਾ ਰਹੀਆਂ ਹਨ, ਜਿਸ ਕਰਕੇ ਡਿਗਰੀ ਹੋਲਡਰ ਤਾਂ ਸੈਂਕੜਿਆਂ ਦੀ ਤਦਾਦ ’ਚ ਹਨ, ਪਰ ਪੇਸ਼ੇ ’ਚ ਉਸ ਦੀ ਕਾਬਲੀਅਤ ਨਾ ਦੇ ਬਰਾਬਰ ਹੈ, ਜੋ ਕਿ ਕਈ ਨਾਮਵਰ ਵਿੱਦਿਅਕ ਸੰਸਥਾਵਾਂ ਨੂੰ ਵਿਰਾਨ ਕਰਨ ਦੀ ਨੌਬਤ ਤੱਕ ਲੈ ਜਾ ਰਹੇ ਹਨ। ਉਨਾਂ ਇਸ ਮੌਕੇ ਉਚ ਵਿੱਦਿਅਕ ਸੰਸਥਾਵਾਂ ਅਤੇ ਸੂਬਾ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਉਹ ਇਸ ਸਬੰਧੀ ਸੰਜ਼ੀਦਗੀ ਨਾਲ ਅਹਿਮ ਕਦਮ ਚੁੱਕਣ ਤਾਂ ਕਿ ਇਥੋਂ ਆਪਣੇ ਪ੍ਰੋਫੈਸ਼ਨ ’ਚ ਹਾਸਲ ਕੀਤੀ ਵਿੱਦਿਆ ਦੇ ਬਾਵਜ਼ੂਦ ਉਨਾਂ ਨੂੰ ਵਿਦੇਸ਼ੀ ਵਿੱਦਿਅਕ ਅਦਾਰਿਆਂ ਦੀ ਖ਼ਾਕ ਨਾ ਛਾਣਨੀ ਪਵੇ।
ਸਮਾਗਮ ਦੌਰਾਨ ਆਪਣੀ ਵਿਦਾਇਗੀ ਭਾਸ਼ਣ ’ਚ ਡਾ. ਅਮਰਪਾਲ ਸਿੰਘ ਨੇ ਖ਼ਾਲਸਾ ਗਵਰਨਿੰਗ ਕੌਂਸਲ ਵੱਲੋਂ ਦਿੱਤੀ ਗਈ ਹੱਲਾ-ਸ਼ੇਰੀ, ਉਚੇਚੇ ਤੌਰ ’ਤੇ ਸ: ਛੀਨਾ ਦੁਆਰਾ ਮਿਲੇ ਸਹਿਯੋਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਜੋ ਕੁਝ ਹਾਸਲ ਇਸ ਮਾਣਮੱਤੀ ਵਿੱਦਿਅਕ ਸੰਸਥਾ ਦੇ ਸਦਕਾ ਪ੍ਰਾਪਤ ਕੀਤਾ ਹੈ।
ਨਵਨਿਯੁਕਤ ਪਿ੍ਰੰਸੀਪਲ ਡਾ. ਮੰਜ਼ੂ ਬਾਲਾ ਦਾ ਵਿੱਦਿਅਕ ਖੇਤਰ ’ਚ ਕਰੀਬ 14 ਸਾਲਾ ਦਾ ਤਜੱਰਬਾ ਹੈ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ, ਹਮੀਰਪੁਰਾ ’ਚ ਕੰਪਿਊਟਰ ਤੇ ਇੰਜੀਨੀਅਰ ਕਿੱਤੇ ’ਚ ਗਹਿਰੀ ਛਾਪ ਛੱਡੀ ਹੈ, 80 ਨੈਸ਼ਨਲ ਅਤੇ ਇੰਟਰਨੈਸ਼ਨਲ ਕਾਨਫਰੰਸਾਂ ’ਚ ਆਪਣੇ ਪਰਚੇ ਪੜ ਚੱਕੇ ਹਨ।
ਪਿ੍ਰੰ: ਡਾ. ਬਾਲਾ ਨੇ ਸ: ਛੀਨਾ ਦਾ ਧੰਨਵਾਦ ਕਰਦਿਆ ਕਿਹਾ ਕਿ ਉਨਾਂ ਦੀ ਇਹ ਪਹਿਲਕਦਮੀ ਹੋਵੇਗੀ ਕਿ ਉਹ ਕਾਲਜ ਦੀ ਉੱਨਤੀ ਤੇ ਤਰੱਕੀ ਅਤੇ ਮੈਨੇਜ਼ਮੈਂਟ ਦੀਆਂ ਉਮੀਦਾਂ ’ਤੇ ਖਰਾ ਉਤਰਣ ਲਈ ਦਿਨ-ਰਾਤ ਇਕ ਕਰ ਦੇਣਗੇ। ਇਸ ਮੌਕੇ ਜੁਆਇੰਟ ਸਕੱਤਰ ਅਜ਼ਮੇਰ ਸਿੰਘ ਹੇਰ, ਸਰਦੂਲ ਸਿੰਘ ਮੰਨਣ, ਡਾ. ਹਰਕਰਨ ਸਿੰਘ ਰਜਿਸਟਰਾਰ, ਡੀਨ ਅਕਾਦਮਿਕ ਡਾ. ਮਹਿੰਦਰ ਸੰਗੀਤਾ, ਪ੍ਰੋ: ਸਾਹਿਲ ਵਰਮਾ, ਪ੍ਰੋ: ਕਿਰਨਦੀਪ ਸਿੰਘ, ਪ੍ਰੋ: ਜਸਪ੍ਰੀਤ ਸਿੰਘ, ਪ੍ਰੋ: ਰੁਪਿੰਦਰ ਸਿੰਘ ਮਾਹਲ ਆਦਿ ਮੌਜ਼ੂਦ ਸਨ।
Punjab Post Daily Online Newspaper & Print Media