ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਹੋਵੇਗੀ ਚੋਣ
ਅੰਮ੍ਰਿਤਸਰ, 21 ਜਨਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਦੀਆਂ ਤਿੰਨ ਨਗਰ ਨਿਗਮਾਂ ਦੀਆਂ 17 ਦਸੰਬਰ 2017 ਨੂੰ ਹੋਈਆਂ ਚੋਣਾਂ ਦੇ ਤਕਰੀਬਨ ਇਕ ਮਹੀਨੇ ਬਾਅਦ ਨਗਰ ਨਿਗਮ ਅੰਮ੍ਰਿਤਸਰ ਦੇ ਕੌਂਸਲਰਾਂ ਦਾ ਸਹੁੰ ਚੁੱਕ ਸਮਾਗਮ 23 ਜਨਵਰੀ 2018 ਨੂੰ ਆਯੋਜਿਤ ਕੀਤਾ ਜਾ ਰਿਹਾ ਹੈ।ਇਸ ਦਾ ਖੁਲਾਸਾ ਉਸ ਸਮੇਂ ਹੋਇਆ ਜਦ ਕੌਂਸਲਰਾਂ ਨੂੰ ਇਸ ਸਹੁੰ ਚੁੱਕ ਸਮਾਗਮ ਸਬੰਧੀ ਪੱਤਰ ਜਾਰੀ ਕੀਤੇ ਗਏ।ਕੌਂਸਲਰਾਂ ਨੂੰ ਮਿਲੇ ਇਹਨਾਂ ਪੱਤਰਾਂ ਅਨੁਸਾਰ 23 ਜਨਵਰੀ 2018 ਨੂੰ ਸੀਨੀਅਰ ਕਾਂਗਰਸੀ ਆਗੂ ਤੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਦੀ ਹਾਜ਼ਰੀ ਵਿੱਚ ਇਹ ਚੋਣ ਮੁਕੰਮਲ ਕਰਵਾਈ ਜਾਵੇਗੀ।ਸੂਚਨਾ ਅਨੁਸਾਰ ਸਵੇਰੇ 11.00 ਵਜੇ ਲੱਗਣ ਵਾਲੇ ਨਗਰ ਨਿਗਮ ਦੇ ਹਾਊਸ ਵਿੱਚ ਕੌਂਸਲਰਾਂ ਨੂੰ ਸਹੁੰ ਚੁਕਾਈ ਜਾਵੇਗੀ।ਜਿਸ ਉਪਰੰਤ ਹਾਊਸ ਵਲੋਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਕੀਤੀ ਜਾਵੇਗੀ।
ਜਿਕਰਯੋਗ ਹੈ ਕਿ ਅੰਮ੍ਰਿਤਸਰ ਦੇ 85 ਮੈਂਬਰੀ ਹਾਊਸ ਵਿੱਚ ਕਾਂਗਰਸ ਦੇ ਸਭ ਤੋਂ ਵੱਧ 69 ਕੌਂਸਲਰ ਜਿੱਤੇ ਹਨ ਅਤੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਕਾਂਗਰਸ ਦੇ ਬਨਣਗੇ, ਜਿਸ ਲਈ ਕਈ ਕਾਂਗਰਸੀ ਕੌਂਸਲਰ ਨਜ਼ਰਾਂ ਟਿਕਾਈ ਬੈਠੇ ਹਨ।ਮੇਅਰ ਦੇ ਅਹੁੱਦੇ ਲਈ ਸੰਭਾਵਿਤ ਉਮੀਦਵਾਰਾਂ ਵਿੱਚ ਕਰਮਜੀਤ ਸਿੰਘ ਰਿੰਟੂ, ਜੀਤ ਸਿੰਘ ਭਾਟੀਆ, ਮਮਤਾ ਦੱਤਾ, ਰਮਨ ਬਖਸ਼ੀ, ਰਾਜਕੰਵਲਪ੍ਰੀਤ ਲੱਕੀ ਸਿੰਘ, ਵਿਕਾਸ ਸੋਨੀ ਅਤੇ ਜਤਿੰਦਰ ਸਿੰਘ ਮੋਤੀ ਭਾਟੀਆ ਵਲੋਂ ਕਾਫੀ ਸਮਾਂ ਪਹਿਲਾਂ ਹੀ ਕੋਸ਼ਿਸ਼ਾਂ ਅਰੰਭੀਆਂ ਗਈਆਂ ਹਨ।ਬੇਸ਼ੱਕ ਪਾਰਟੀ ਵਲੋਂ ਮੇਅਰ ਦੀ ਚੋਣ ਲਈ ਸਾਰੇ ਅਧਿਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪੇ ਜਾ ਚੁੱਕੇ ਹਨ, ਪਰ ਮੇਅਰ ਦੀ ਕੁਰਸੀ ਦੇ ਚਾਹਵਾਨ ਉਮੀਦਵਾਰ ਅਜੇ ਵੀ ਸਰਗਰਮ ਨਜ਼ਰ ਆ ਰਹੇ ਹਨ।ਮੇਅਰ ਬਨਣ ਦੇ ਸੰਭਾਵਿਤ ਉਮੀਦਵਾਰਾਂ ਵਿੱਚ ਪੁਰਾਣੇ ਕੌਂਸਲਰਾਂ ਤੋਂ ਇਲਾਵਾ ਨਵੇਂ ਨੌਜਵਾਨ ਚਿਹਰੇ ਵੀ ਸ਼ਾਮਲ ਹਨ।ਲੇਕਿਨ ਪਾਰਟੀ ਸੂਤਰਾਂ ਮੁਤਾਬਿਕ ਮੇਅਰ ਦਾ ਗੁਣਾ ਦੋ ਜਾਂ ਇਸ ਤੋਂ ਵੱਧ ਵਾਰ ਜਿੱਤੇ ਕੌਂਸਲਰਾਂ `ਤੇ ਪੈਣ ਦੀ ਸੰਭਾਵਨਾ ਹੈ।
ਇਸ ਤੋਂ ਇਲਾਵਾ ਗੁਰੂ ਨਗਰੀ ਅੰਮ੍ਰਿਤਸਰ ਦਾ ਮੇਅਰ ਇਸ ਵਾਰ ਕਿਸੇ ਸਿੱਖ ਨੂੰ ਬਣਾਉਣ ਦਾ ਮੁੱਦਾ ਵੀ ਚਰਚਾ ਵਿੱਚ ਆਇਆ ਸੀ।ਪਰ ਹੁਣ ਦੇਖਣਾ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਇਸ ਵੱਕਾਰੀ ਸੀਟ `ਤੇ ਕਿਸ ਸ਼ਖਸ਼ੀਅਤ ਨੂੰ ਬਿਰਜ਼ਮਾਨ ਕੀਤਾ ਜਾਂਦਾ ਹੈ।
Punjab Post Daily Online Newspaper & Print Media