ਨਵੀਂ ਦਿੱਲੀ, 29 ਜਨਵਰੀ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਭੇਟਾ ਰਹਿਤ ਬੂਟੇ ਵੰਡੇ ਗਏ।ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਦੀ ਮੌਜੂਦਗੀ ’ਚ ਹੋਏ ਸਮਾਗਮ ਦੌਰਾਨ ਰਾਗੀ ਸਿੰਘਾਂ ਅਤੇ ਪ੍ਰਚਾਰਕਾਂ ਨੇ ਗੁਰੂ ਸਾਹਿਬ ਵੱਲੋਂ ਵਾਤਾਵਰਨ ਦੀ ਸੰਭਾਲ ਲਈ ਕੀਤੇ ਗਏ ਕਾਰਜਾਂ ’ਤੇ ਰੌਸ਼ਨੀ ਪਾਈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦੇ ਹੋਏ ਸੰਗਤਾਂ ਨੂੰ ਵਾਤਾਵਰਨ ਸੰਭਾਲ ਦਾ ਸੱਦਾ ਦਿੱਤਾ।
ਜੀ.ਕੇ ਨੇ ਕਿਹਾ ਕਿ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਰੋਜਾਨਾ ਲੱਖਾ ਸੰਗਤ ਹਾਜ਼ਰੀ ਭਰਨ ਲਈ ਹਰ ਧਰਮ ਹਰ ਫਿਰਕੇ ਤੋਂ ਆਉਂਦੀ ਹੈ।ਇਸ ਕਰਕੇ ਇੱਥੋਂ ਜਾਰੀ ਕੋਈ ਵੀ ਸੁਨੇਹਾ ਪੂਰੇ ਸਮਾਜ ਤਕ ਪੁੱਜਦਾ ਹੈ।ਸੰਗਤ ’ਚ ਦਿਹਾੜੀਦਾਰ ਤੋਂ ਲੈ ਕੇ ਸਰਮਾਏਦਾਰ ਤਕ ਸ਼ਾਮਲ ਹੁੰਦੇ ਹਨ।ਇਸ ਕਰਕੇ ਬੂਟੇ ਵਰਤਾ ਕੇ ਗੁਰੂ ਸਾਹਿਬ ਦੇ ਸੁਨੇਹੇ ਨੂੰ ਘਰ-ਘਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਦਿੱਲੀ ਕਮੇਟੀ ਵੱਲੋਂ ਸੌਰ ਉਰਜਾ ਰਾਹੀਂ ਗੁਰਦੁਆਰਿਆਂ ਦੀ ਲਾਈਟਿੰਗ ਦਾ ਪ੍ਰਬੰਧ ਕਰਨ ਦੀਆਂ ਕੀਤੀਆਂ ਜਾ ਰਹੀਆਂ ਤਿਆਰੀਆਂ ਵੀ ਛੇਤੀ ਨੇਪਰੇ ਚੜ੍ਹਨ ਦੀ ਸੰਭਾਵਨਾ ਹੈ। ਜੀ.ਕੇ. ਨੇ ਅਕਾਲੀ ਦਲ ਦੇ ਨਿਗਮ ਪਾਰਸ਼ਦਾ ਅਤੇ ਸਰਕਾਰ ਦੇ ਸਹਿਯੋਗ ਨਾਲ ਮਹੀਨੇ ’ਚ 3-4 ਵਾਰ ਬੂਟੇ ਵੰਡਣ ਦਾ ਇਸ਼ਾਰਾ ਕੀਤਾ।
ਸਿਰਸਾ ਨੇ ਕਿਹਾ ਕਿ ਗੁਰੂ ਹਰਿਰਾਇ ਸਾਹਿਬ ਨੇ ਦਵਾਈਆਂ ਦੀ ਖੋਜ ਕਰਨ ਦੇ ਨਾਲ ਹੀ ਹਰਿਆਲੀ ਨੂੰ ਵਧਾਉਣ ਵਾਸਤੇ ਬਾਕਮਾਲ ਕਾਰਜ ਕੀਤੇ ਸਨ।ਗੁਰੂ ਸਾਹਿਬ ਨੇ ਕੀਰਤਪੁਰ ਸ਼ਹਿਰ ਨੂੰ ਵਾਤਾਵਰਨ ਪੱਖੀ ਬਣਾਕੇ ਸਮਾਜ ਨੂੰ ਹਰਿਆਲੀ ਅਪਣਾਉਣ ਦਾ ਸੁਨੇਹਾ ਦਿੱਤਾ ਸੀ।ਦਿੱਲੀ ਕਮੇਟੀ ਇਸੇ ਕਰਕੇ ਗੁਰੂ ਸਾਹਿਬ ਵੱਲੋਂ ਦਿਖਾਏ ਗਏ ਮਾਰਗ ਤੇ ਚਲਦੇ ਹੋਏ ਬੂਟੇ ਵੰਡਣ ਦਾ ਯਤਨ ਕਰ ਰਹੀ ਹੈ।ਸਿਰਸਾ ਨੇ ਸ਼ਾਹਜਹਾਂ ਦੇ ਪੁੱਤਰ ਦਾਰਾ ਸ਼ਿਕੋਹ ਦਾ ਇਲਾਜ਼ ਕਰਨ ਵੇਲੇ ਮੁਗਲਾਂ ਨਾਲ ਸਿੱਖਾਂ ਦੇ ਟਕਰਾਓ ਨੂੰ ਕਿਨਾਰੇ ਕਰਕੇ ਮਿਸਾਲ ਕਾਇਮ ਕੀਤੀ ਸੀ।ਨਾਲ ਹੀ ਰਾਮਰਾਇ ਨੂੰ ਬਾਣੀ ਦੀ ਤੁੱਕ ਬਦਲਣ ’ਤੇ ਮੂੰਹ ਨਾ ਲਗਾਉਣ ਦਾ ਫੈਸਲਾ ਲੈ ਕੇ ਅਨੁਸ਼ਾਸਨ ਅਤੇ ਪਰੰਪਰਾ ਦਾ ਆਪਣੇ ਆਪ ਨੂੰ ਧਾਰਣੀ ਹੋਣ ਦਾ ਸਬੂਤ ਦਿੱਤਾ ਸੀ।
ਇਸ ਮੌਕੇ ਨੈਸ਼ਨਲ ਮਿਊਜੀਅਮ ਆੱਫ ਨੈਸ਼ਨਲ ਹਿਸਟਰੀ ਦੀ ਡਾਈਰੈਕਟਰ ਬੀਬੀ ਨਾਜ਼ ਰਿਜ਼ਵੀ ਅਤੇ ਗਿਆਨੀ ਜਗਤਾਰ ਸਿੰਘ ਨੂੰ ਬੂਟਾ ਭੇਟ ਕੀਤਾ ਗਿਆ।ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਇਸ ਮੌਕੇ ਸਟੇਜ਼ ਸਕੱਤਰ ਦੀ ਸੇਵਾ ਨਿਭਾਉਂਦੇ ਹੋਏ ਗੁਰੂ ਸਾਹਿਬ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ।
Check Also
ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …
Punjab Post Daily Online Newspaper & Print Media