ਅੰਮ੍ਰਿਤਸਰ, 16 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆ) – ਖਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਐਨ.ਐਸ.ਐਸ ਯੂਨਿਟ ਦੇ
ਵਿਦਿਆਰਥੀਆਂ ਵੱਲੋਂ ਇੰਗਲੈਂਡ ਦੇ ਮਹਾਨ ਜੀਵ ਵਿਗਿਆਨੀ ਚਾਰਲਸ ਡਾਰਵਿਨ ਦੇ ਜਨਮ ਦਿਨ ਨੂੰ ਸਮਰਪਿਤ ਇਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।
ਇਸ ਪ੍ਰੋਗਰਾਮ ਦੀ ਆਰੰਭਤਾ ਮੌਕੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਾਲਜ ਪ੍ਰਿੰਸੀਪਲ ਡਾ. ਐਚ. ਬੀ. ਸਿੰਘ ਨੇ ਸਮੂਹ ਵਿਦਿਆਰਥੀਆਂ ਨਾਲ ਸਾਂਝਾ ਕੀਤਾ ਕਿ ਕਿਵੇਂ ਡਾਰਵਿਨ ਦੀਆਂ ਖੋਜਾਂ ਅਤੇ ਸਿਧਾਂਤਾ ਨੇ ਪੂਰੀ ਮਨੁੱਖਤਾ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਕਿਵੇਂ ਡਾਰਵਿਨ ਨੇ ਸਦੀਆਂ ਤੋਂ ਪ੍ਰਚਾਰੀਆਂ ਜਾਦੀਆਂ ਖੋਖਲੀਆਂ ਧਾਰਨਾਂਵਾ ਨੂੰ ਤੋੜ ਕੇ ਇੱਕ ਵਿੱਲਖਣ ਸਿਧਾਂਤ ਦਾ ਨਿਰਮਾਣ ਕੀਤਾ।ਐਨ.ਐਸ.ਐਸ ਯੂਨਿਟ ਦੇ ਵਲੰਟੀਅਰਾਂ ਵੱਲੋਂ ਡਾਰਵਿਨ ਦੀਆਂ ਵੱਖ-ਵੱਖ ਸੰਸਾਰ ਪ੍ਰਸਿੱਧ ਧਾਰਨਾਂਵਾ ’ਤੇ ਇਕ ਪੋਸਟਰ ਮੇਕਿੰਗ ਪ੍ਰਤੀਯੋਗਤਾ ਦਾ ਆਯੋਜਨ ਵੀ ਕੀਤਾ ਗਿਆ ਅਤੇ ਇਸ ਮੌਕੇ ਤੇ ਐਨ. ਐਸ. ਐਸ. ਯੂਨਿਟ ਦੇ ਵਿਦਿਆਰਥੀਆਂ ਨੇ ਡਾਰਵਿਨ ਖੋਜਾਂ ਅਤੇ ਸਿਧਾਂਤ ਵਿਸ਼ੇ ਉੱਤੇ ਲੇਖ ਰਚਨਾ ਵੀ ਕੀਤੀ।
ਇਸ ਮੌਕੇ ਆਪਣੇ ਭਾਸ਼ਣ ’ਚ ਕਾਲਜ ਐਨ.ਐਸ.ਐਸ ਯੂਨਿਟ ਦੇ ਇੰਚਾਰਜ ਪ੍ਰੋ. ਰਣਪ੍ਰੀਤ ਸਿੰਘ ਨੇ ਵਲੰਟੀਅਰਾਂ ਨੂੰ ਦੱਸਿਆ ਕਿ ਕਿਵੇਂ ਡਾਰਵਿਨ ਨੇ ਮਨੁੱਖੀ ਸੂਝ-ਬੂਝ ਤੋਂ ਅਗਿਆਨਤਾ ਅਤੇ ਅੰਧ ਵਿਸ਼ਵਾਸ ਨੂੰ ਦੂਰ ਕਰਕੇ ਮਾਨਵ ਸੂਝ ਨੂੰ ਵਿਗਿਆਨ ਦੇ ਚਾਨਣ ਨਾਲ ਰੌਸ਼ਨ ਕੀਤਾ।ਜਿਸ ਲਈ ਡਾਰਵਿਨ ਨੂੰ ਅੱਜ ਵੀ ਸ਼ਿਦੱਤ ਨਾਲ ਯਾਦ ਕੀਤਾ ਜਾਂਦਾ ਹੈ।ਇਸ ਮੌਕੇ ਸਮੂਹ ਵਿਦਿਆਰਥੀ ਅਤੇ ਸਟਾਫ਼ ਹਾਜ਼ਰ ਰਹੇ।
Punjab Post Daily Online Newspaper & Print Media