ਤਰਨਤਾਰਨ, 6 ਮਾਰਚ (ਪੰਜਾਬ ਪੋਸਟ ਬਿਊਰੋ) – ਬਿਸ਼ਕੇਕ (ਕਿਰਗਿਸਤਾਨ) ਵਿਖੇ ਆਯੋਜਿਤ ਹੋਈ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜੇਤੂ
ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਬਾਗੜੀਆ ਦੀ ਜੰਮਪਲ ਭਾਰਤੀ ਪਹਿਲਵਾਨ ਨਵਜੋਤ ਕੌਰ ਦਾ ਤਰਨ ਤਾਰਨ ਵਿਖੇ ਪੁੱਜਣ ’ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ।ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸੰਦੀਪ ਰਿਸ਼ੀ ਅਤੇ ਐਸ.ਡੀ.ਐਮ ਤਰਨਤਾਰਨ ਡਾ. ਅਮਨਦੀਪ ਕੌਰ ਵੱਲੋਂ ਪਹਿਲਵਾਨ ਨਵਜੋਤ ਕੌਰ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਤੇ ਯਾਦਗਾਰੀ ਚਿੰਨ੍ਹ ਵੀ ਭੇਂਟ ਕੀਤਾ ਗਿਆ।ਜ਼ਿਲ੍ਹਾ ਖੇਡ ਅਫ਼ਸਰ ਸਤਪਾਲ ਸਿੰਘ, ਕੋਚ ਅਸ਼ੋਕ ਕੁਮਾਰ, ਉਨ੍ਹਾਂ ਦੇ ਪਰਿਵਾਰਿਕ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਪ੍ਰਸ਼ੰਸਕ ਵੀ ਹਾਜ਼ਰ ਸਨ।
ਆਪਣੇ ਸੰਬੋਧਨ ਵਿੱਚ ਵਧੀਕ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਨਵਜੋਤ ਕੌਰ ਨੇ ਆਪਣੇ ਮਾਪਿਆਂ ਤੇ ਪਿੰਡ ਦਾ ਹੀ ਨਹੀਂ ਬਲਕਿ ਪੂਰੇ ਭਾਰਤ ਦਾ ਨਾਂਅ ਦੁਨੀਆਂ ਵਿੱਚ ਰੌਸ਼ਨ ਕੀਤਾ ਹੈ।ਉਨ੍ਹਾਂ ਕਿਹਾ ਕਿ ਜ਼ਿਲ੍ਹੇ ਲਈ ਇਹ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਕਿ ਸਰਹੱਦੀ ਜ਼ਿਲ੍ਹੇ ਦੇ ਪਿੰਡ ਬਾਗੜੀਆ ਦੀ ਜੰਮਪਲ ਨਵਜੋਤ ਕੌਰ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਹਾਸਿਲ ਕਰਨ ਵਾਲੀ ਭਾਰਤ ਦੀ ਪਹਿਲੀ ਮਹਿਲਾ ਖਿਡਾਰੀ ਬਣੀ ਹੈ।ਉਨ੍ਹਾਂ ਕਿਹਾ ਕਿ ਨਵਜੋਤ ਕੌਰ ਦੀ ਇਹ ਪ੍ਰਾਪਤੀ ਸਮੁੱਚੇ ਦੇਸ਼ ਦੇ ਨਾਲ-ਨਾਲ ਜ਼ਿਲ੍ਹਾ ਤਰਨਤਾਰਨ ਦੇ ਨੌਜਵਾਨ ਲੜਕੀਆਂ ਤੇ ਲੜਕਿਆਂ ਲਈ ਪ੍ਰੇਰਣਾਸ੍ਰੋਤ ਬਣੇਗੀ।ਉਨ੍ਹਾਂ ਕਿਹਾ ਕਿ ਅਜੋਕੇ ਯੁੱਗ ਵਿੱਚ ਲੜਕੀਆਂ ਲੜਕਿਆਂ ਨਾਲੋਂ ਹਰ ਖੇਤਰ ਵਿੱਚ ਅੱਗੇ ਹਨ।ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਧੀਆਂ ਨੂੰ ਹਰ ਖੇਤਰ ਵਿੱਚ ਵਧਣ ਲਈ ਪ੍ਰੇਰਿਤ ਕਰਨ ਤਾਂ ਜੋ ਉਹ ਆਪਣੀ ਯੋਗਤਾ ਸਿੱਧ ਕਰ ਸਕਣ।ਇਸ ਮੌਕੇ ਉਨ੍ਹਾਂ ਨਵਜੋਤ ਕੌਰ ਦੇ ਪਿਤਾ ਸੁਖਚੈਨ ਸਿੰਘ ਤੇ ਮਾਤਾ ਗਿਆਨ ਕੌਰ ਨੂੰ ਨਵਜੋਤ ਕੌਰ ਦੀ ਇਸ ਮਾਣਮੱਤੀ ਪ੍ਰਾਪਤੀ ’ਤੇ ਵਧਾਈ ਦਿੱਤੀ ਅਤੇ ਕੋਚ ਅਸ਼ੋਕ ਕੁਮਾਰ ਨੂੰ ਸਨਮਾਨ ਚਿੰਨ੍ਹ ਭੇਂਟ ਕੀਤਾ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media