ਧੂਰੀ-ਮਾਲੇਰਕੋਟਲਾ ਮੁੱਖ ਮਾਰਗ ਜਾਮ ਕਰਕੇ ਕੀਤਾ ਰੋਸ ਪ੍ਰਦਰਸ਼ਨ
ਧੂਰੀ, 11 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਦੀ ਧੂਰੀ ਟਰੱਕ ਅਪਰੇਟਰ ਯੂਨੀਅਨ ਧੂਰੀ ਦੇ ਟਰੱਕ ਅਪਰੇਟਰਾਂ ਵਲੋਂ ਭਾਰੀ ਵਿਰੋਧ ਕੀਤੇ ਜਾਣ ‘ਤੇ ਪਰਚੀ

ਸਿਸਟਮ ਰਾਹੀਂ ਹੋਈ ਚੋਣ ਤੋਂ ਬਾਅਦ ਨਵੇਂ ਪ੍ਰਧਾਨ ਜਗਜੀਤ ਰਾਏੇ ਪੁੱਤਰ ਹਜਾਰਾ ਸਿੰਘ ਦੀ ਪ੍ਰਧਾਨਗੀ ਨੂੰ ਲੈ ਕੇ ਇਹ ਮਸਲਾ ਲਟਕ ਗਿਆ ਹੈ।
ਜ਼ਿਕਰਯੋਗ ਹੈ ਕਿ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਵੱਲੋਂ ਪਰਚੀ ਸਿਸਟਮ ਰਾਹੀਂ ਜਗਜੀਤ ਰਾਏ ਨੂੰ ਪ੍ਰਧਾਨ ਬਨਾਉਣ ਦਾ ਐਲਾਨ ਕੀਤਾ ਗਿਆ ਸੀ।ਜਿਸ ਦੇ ਚੱਲਦਿਆਂ ਟਰੱਕ ਯੂਨੀਅਨ ਵਿਖੇ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ, ਸਾਬਕਾ ਮੰਤਰੀ ਸੁਰਿੰਦਰ ਸਿੰਘ ਧੂਰੀ, ਗੁਰਜੀਤ ਸਿੰਘ, ਨਰਿੰਦਰ ਸਿੰਘ, ਸ਼ਿੰਦਰ ਸਿੰਘ ਆਦਿ ਦੀ ਅਗੁਵਾਈ ਵਿੱਚ ਇਕੱਠੇ ਹੋਏ ਇੱਕ ਧੜੇ ਵੱਲੋਂ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਅਤੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਜਗਜੀਤ ਰਾਏ ਨੂੰ ਧੱਕੇ ਨਾਲ ਟਰੱਕ ਯੂਨੀਅਨ ਦਾ ਪ੍ਰਧਾਨ ਥੋਪੇ ਜਾਣ ਦੇ ਦੋਸ਼ ਲਗਾਉਂਦਿਆਂ ਧੂਰੀ-ਮਾਲੇਰਕੋਟਲਾ ਮੁੱਖ ਮਾਰਗ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।

ਇਸ ਮੌਕੇ ਭੜਕੇ ਹੋਏ ਟਰੱਕ ਅਪਰੇਟਰਾਂ ਨੂੰ ਸ਼ਾਂਤ ਕਰਕੇ ਧਰਨਾ ਚੁੱਕਵਾਉਣ ਲਈ ਪਹੁੰਚੇ ਤਹਿਸੀਲਦਾਰ ਧੂਰੀ ਕਰਮਜੀਤ ਸਿੰਘ ਵਲੋਂ ਟਰੱਕ ਅਪਰੇਟਰਾਂ ਨੂੰ ਨਵੇਂ ਪ੍ਰਧਾਨ ਦੀ ਚੋਣ ਸਬੰਧੀ 12 ਮਾਰਚ ਨੂੰ ਐਸ.ਡੀ.ਐਮ ਦਫਤਰ ਧੂਰੀ ਵਿਖੇ ਐਸ.ਡੀ.ਐਮ ਸਾਹਿਬ ਦੀ ਹਾਜ਼ਰੀ ਵਿੱਚ ਮੀਟਿੰਗ ਰੱਖ ਕੇ ਪ੍ਰਧਾਨਗੀ ਬਾਰੇ ਸਹੀ ਅਤੇ ਸਰਬਸੰਮਤੀ ਨਾਲ ਫੈਸਲਾ ਲਏ ਜਾਣ ਦਾ ਵਿਸ਼ਵਾਸ ਦਿਵਾਇਆ ਗਿਆ।ਇਸ ਦੇ ਬਾਵਜੂਦ ਵੀ ਧਰਨੇ `ਤੇ ਬੈਠੇ ਟਰੱਕ ਅਪਰੇਟਰਾਂ ਨੇ ਕਰੜੇ ਸ਼ਬਦਾਂ ਵਿੱਚ ਚੇਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ ਧੱਕੇ ਨਾਲ ਥੋਪੀ ਗਈ ਪ੍ਰਧਾਨਗੀ ਕੈਂਸਲ ਨਾ ਕੀਤੀ ਗਈ ਤਾਂ ਉਹ ਮੁੜ ਸੜਕਾਂ `ਤੇ ਉੱਤਰ ਕੇ ਰੋਸ ਪ੍ਰਦਰਸ਼ਨ ਕਰਨਗੇ।
ਦੂਜੇ ਪਾਸੇ ਜਗਜੀਤ ਰਾਏ ਦੇ ਹੱਕ ਵਿੱਚ ਖੜੇ ਇੱਕ ਧੜੇ ਦੇ ਕੁਝ ਟਰੱਕ ਆਪਰੇਟਰਾਂ ਨੇ ਦੱਸਿਆ ਕਿ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਵੱਲੋਂ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਪ੍ਰਧਾਨਗੀ ਦੀ ਦਾਅਵੇਦਾਰੀ ਕਰ ਰਹੇ ਧੜਿਆਂ ਨੂੰ ਆਪਣੇ ਕੋਲ ਬੁਲਾਇਆ ਗਿਆ ਸੀ ਅਤੇ ਪਰਚੀ ਰਾਹੀਂ ਪ੍ਰਧਾਨਗੀ ਦੇ ਉਮੀਦਵਾਰ ਦਾ ਫੈਸਲਾ ਕੀਤਾ ਗਿਆ ਸੀ। ਟਰੱਕ ਯੂਨੀਅਨ ਦੀ ਪ੍ਰਧਾਨਗੀ ਦੇ ਇਸ ਮਸਲੇ ਨੂੰ ਲੈ ਕੇ ਸਥਾਨਕ ਪੁਲਿਸ ਦੀ ਤਾਇਨਾਤੀ ਇੱਕ ਪੁਲਿਸ ਛਾਵਨੀ ਦੇ ਰੂਪ ਵਿੱਚ ਨਜ਼ਰ ਆ ਰਹੀ ਸੀ।ਪ੍ਰੰਤੂ ਫਿਰ ਵੀ ਟਰੱਕ ਅਪਰੇਟਰਾਂ ਦੇ ਦੋਵੇਂ ਧੜਿਆਂ ਵਿੱਚਕਾਰ ਚੱਲ ਰਹੀ ਤਕਰਾਰਬਾਜ਼ੀ ਕਾਰਨ ਫਿਲਹਾਲ ਇਹ ਮਸਲਾ ਗਰਮਾਇਆ ਹੋਇਆ ਹੈ ।
ਕੈਪਸ਼ਨ – ਟਰੱਕ ਯੂਨੀਅਨ ਧੂਰੀ ਵਿਖੇ ਨਵੇਂ ਬਣਾਏ ਗਏ ਪ੍ਰਧਾਨ ਜਗਜੀਤ ਰਾਏ ਆਪਣੇ ਸਮੱਰਥਕਾਂ ਸਮੇਤ, ਦੂਜੇ ਪਾਸੇ ਪ੍ਰਧਾਨਗੀ ਦੇ ਵਿਰੋਧ ਵਿੱਚ ਨਾਅਰੇਬਾਜ਼ੀ ਕਰਦੇ ਹੋਏ ਟਰੱਕ ਆਪਰੇਟਰ।
Punjab Post Daily Online Newspaper & Print Media