ਖ਼ਰੀਦਦਾਰ ਨੂੰ ਮੌਕੇ ‘ਤੇ ਆਨਲਾਈਨ ਰਜਿਸਟਰੀ ਦੀ ਦਿੱਤੀ ਗਈ ਨਕਲ
ਬਠਿੰਡਾ, 18 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) -ਪੰਜਾਬ ਸਰਕਾਰ ਦੁਆਰਾ ਕਲਾਊਡ ਵਿਧੀ ’ਤੇ ਅਧਾਰਿਤ
ਨੈਸ਼ਨਲ ਜੈਨੇਰਿਕ ਡਾਕੂਮੈਂਟਸ ਰਜਿਸਟ੍ਰੇਸ਼ਨ ਸਿਸਟਮ (ਐਨ.ਜੀ.ਡੀ.ਆਰ.ਐਸ) ਦੀ ਸ਼ੁਰੂਆਤ ਕੀਤੀ, ਜਿਸ ਨਾਲ ਹੁਣ ਬਠਿੰਡਾ ਅਤੇ ਰਾਮਪੁਰਾ ਫੂਲ, ਤਲਵੰਡੀ ਸਾਬੋ, ਮੌੜ ਮੰਡੀ ਦੇ ਤਹਿਸੀਲ ਦਫ਼ਤਰਾਂ ਵਿਖੇ ਆਨਲਾਈਨ ਰਜਿਸਟਰੀ ਹੋਇਆ ਕਰੇਗੀ।ਤਹਿਸੀਲ ਦਫ਼ਤਰ ਬਠਿੰਡਾ ਵਿਖੇ ਜ਼ਮੀਨ ਦੀ ਖ਼ਰੀਦ/ਵੇਚ ਦੀ ਆਨਲਾਈਨ ਰਜਿਸਟਰੀ ਕਰਨ ਦੀ ਸ਼ੁਰੂਆਤ ਸਮੇਂ ਡਿਪਟੀ ਕਮਿਸ਼ਨਰ ਬਠਿੰਡਾ ਦੀਪਰਵਾ ਲਾਕਰਾ ਨੇ ਦੱਸਿਆ ਕਿ ਇਹ ਪਹਿਲ ਕਦਮੀ ਸਰਕਾਰ ਦੁਆਰਾ ਨਾਗਰਿਕਾਂ ਨੂੰ ਬੇਹਰਤੀਨ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਆਨਲਾਈਨ ਪ੍ਰਣਾਲੀ ਹੋਣ ਕਰਕੇ ਜਿਥੇ ਰਜਿਸਟਰੀ ਅਤੇ ਹੋਰ ਦਸਤਾਵੇਜ਼ ਅਪਲੋਡ ਕਰਨ ਲਈ ਸਬੰਧਤ ਡਾਟੇ ਦੀ ਐਂਟਰੀ ਹੋਇਆ ਕਰੇਗੀ, ਉਥੇ ਹੀ ਐਨ.ਜੀ.ਡੀ.ਆਰ.ਐਸ ਪ੍ਰੋਗਰਾਮ ਸਟੈਂਪ ਡਿਊਟੀ, ਰਜਿਸਟਰੇਸ਼ਨ ਫੀਸ ਅਤੇ ਕੁਲੈਕਟਰ ਰੇਟ ’ਤੇ ਅਧਾਰਿਤ ਫ਼ੀਸ ਦਾ ਹਿਸਾਬ-ਕਿਤਾਬ ਖੁਦ-ਬ-ਖੁਦ ਲਾ ਲਿਆ ਜਾਇਆ ਕਰੇਗਾ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਇਸ ਨਿਵੇਕਲੇ ਪ੍ਰੋਜੈਕਟ ਤਹਿਤ ਰਜਿਸਟਰੀਆਂ ਦਾ ਕੰਮ ਆਨਲਾਈਨ ਹੋਣ ਨਾਲ ਰਜਿਸਟ੍ਰੇਸ਼ਨ ਦੇ ਕੰਮ ਵਿੱਚ ਪਾਰਦਰਸ਼ਤਾ ਆਵੇਗੀ।ਉਨ੍ਹਾਂ ਇਹ ਵੀ ਦੱਸਿਆ ਕਿ ਆਨਲਾਈਨ ਰਜਿਸਟਰ ਦਾ ਤਰੀਕਾ ਬਹੁਤ ਹੀ ਆਸਾਨ ਹੋਵੇਗਾ ਅਤੇ ਰਜਿਸਟਰੀ ਲਈ ਆਨਲਾਈਨ ਅਗਾਊਂ ਸਮਾਂ ਲੈਣਾ ਜ਼ਰੂਰੀ ਹੋਵੇਗਾ।
ਇਸ ਮੌਕੇ ਜ਼ਮੀਨ ਖ਼ਰੀਦਣ ਤੇ ਵੇਚਣ ਵਾਲਿਆਂ ਦੀ ਮੌਜੁਦਗੀ ‘ਚ ਆਨਲਾਈਨ ਰਜਿਸਟਰੀਆਂ ਕੀਤੀਆਂ ਗਈਆਂ ਅਤੇ ਮੌਕੇ ‘ਤੇ ਹੀ ਖਰੀਦਦਾਰ ਨੂੰ ਨਕਲ ਦਿੱਤੀ ਗਈ।ਉਨ੍ਹਾਂ ਦੱਸਿਆ ਕਿ ਵੈਬ ਸਾਈਟ www.igrpunjab.gov.in ’ਤੇ ਆਮ ਪਬਲਿਕ ਜਾਂ ਵਸੀਕਾ ਨਵੀਸ ਜਾਂ ਵਕੀਲ ਦੁਆਰਾ ਆਪਣੇ ਲਾਗਇਨ ਤੋਂ ਆਨ ਲਾਇਨ ਸਿਸਟਮ ਪ੍ਰਣਾਲੀ ਰਾਹੀਂ ਭਰੇ ਜਾਣਗੇ। ਵੇਰਵੇ ਭਰਨ ਦੌਰਾਨ ਆਧਾਰ ਕਾਰਡ ਨੰਬਰ, ਵੇਚਣ/ਖ਼ਰੀਦਣ ਜਾਣ ਵਾਲੀ ਜ਼ਮੀਨ ਦਾ ਖਸਰਾ ਨੰਬਰ ਆਦਿ ਭਰਨਾ ਲਾਜ਼ਮੀ ਹੈ।ਇਸ ਉਪਰੰਤ ਆਨ ਲਾਇਨ ਅਪਾਇੰਟਮੈਂਟ ਮਿਲੇਗੀ।ਜਸ ਤਹਿਤ ਲੋਕਾਂ ਨੂੰ ਤਹਿਸੀਲਾਂ ’ਚ ਬੈਠ ਕੇ ਇੰਤਜਾਰ ਕਰਨ ਦੀ ਲੋੜ ਨਹੀਂ ਹੈ।ਉਨ੍ਹਾਂ ਦੱਸਿਆ ਕਿ ਆਨਲਾਈਨ ਅਪਾਇੰਟਮੈਂਟ ਸਿਸਟਮ ਕਾਰਨ ਆਮ ਪਬਲਿਕ ਦੀ ਖੱਜਲ ਖੁਆਰੀ ਘਟੇਗੀ ਇਸੇ ਤਰ੍ਹਾਂ ਬਿਨੈ ਪੱਤਰ ਅਧਾਰ ਕਾਰਡ ਨਾਲ ਲਿੰਕ ਹੋਣ ਕਾਰਨ ਧੋਖੇਬਾਜ਼ੀ ਦੀ ਸੰਭਾਵਨਾ ਨਹੀਂ ਰਹੇਗੀ।ਕੁਲੈਕਟਰ ਰੇਟ ਆਨਲਾਈਨ ਹੋਣ ਕਰਕੇ ਅਤੇ ਅਸ਼ਟਾਮ ਡਿਊਟੀ ਖੁਦ ਹੀ ਕੈਲਕੁਲੇਟ ਹੋਵੇਗੀ।ਆਪਣੇ ਵਸੀਕੇ ਦੀ ਨਕਲ ਪ੍ਰਾਰਥੀ ਤਰੁੰਤ ਪ੍ਰਾਪਤ ਕਰ ਸਕਦਾ ਹੈ, ਕਿਉਂਕਿ ਇਹ ਸਾਰਾ ਸਿਸਟਮ ਬਾਇਓਮੈਟਰਿਕ ਫਿੰਗਰ ਪ੍ਰਿੰਟ ਨਾਲ ਜੁੜਿਆ ਹੈ, ਇਸ ਲਈ ਕੋਈ ਹੋਰ ਵਿਅਕਤੀ ਕਿਸੇ ਹੋਰ ਵਿਅਕਤੀ ਦੀ ਜ਼ਮੀਨ ਜਾਇਦਾਦ ਨਹੀਂ ਵੇਚ ਸਕੇਗਾ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਸਾਕਸ਼ੀ ਸਾਹਨੀ, ਉਪ ਮੰਡਲ ਮੈਜਿਸਟ੍ਰੇਟ ਭੁਪਿੰਦਰ ਸਿੰਘ, ਤਹਿਸੀਲਦਾਰ ਬਠਿੰਡਾ ਸੁਖਬੀਰ ਸਿੰਘ ਬਰਾੜ ਅਤੇ ਮਾਲ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਸਨ।
Check Also
ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …
Punjab Post Daily Online Newspaper & Print Media