20 ਹਜ਼ਾਰ ਦੇ ਕਰੀਬ ਵਲੰਟੀਅਰਾਂ ਵੱਲੋਂ ਨਾਮ ਦਰਜ-ਜਿਲਾ ਪੁਲਿਸ ਮੁਖੀ
ਅੰਮ੍ਰਿਤਸਰ, 20 ਮਾਰਚ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਸਰਕਾਰ ਵੱਲੋਂ ਰਾਜ ਨੂੰ ਨਸ਼ਾ ਮੁੱਕਤ ਕਰਨ ਲਈ ਸਵੈ ਇੱਛਾ ਨਾਲ ਨਸ਼ਾ ਰੋਕੂ
ਦਸਤੇ ਵਿਚ ਨਾਮ ਦਰਜ ਕਰਵਾਉਣ ਵਾਲਿਆਂ ਵਿਚ ਅੰਮ੍ਰਿਤਸਰ ਜਿਲ੍ਹਾ ਪੰਜਾਬ ਭਰ ਵਿਚੋਂ ਅੱਗੇ ਚੱਲ ਰਿਹਾ ਹੈ ਅਤੇ ਆਸ ਹੈ ਕਿ ਜਿੰਨੇ ਉਤਸ਼ਾਹ ਨਾਲ ਸਵੈ ਸੇਵੀ ਅੱਗੇ ਆ ਰਹੇ ਹਨ, ਉਸਦੇ ਸਕਾਰਤਮ ਨਤੀਜੇ ਨਿਕਲਣਗੇ।ਉਕਤ ਸਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਇਸ ਪ੍ਰੋਗਰਾਮ ਦੀ ਜਾਣਕਾਰੀ ਮੀਡੀਏ ਨਾਲ ਸਾਂਝੀ ਕਰਨ ਲਈ ਵਿਸ਼ੇਸ਼ ਤੌਰ ’ਤੇ ਸੱਦੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਕੀਤਾ।ਉਨਾਂ ਦੱਸਿਆ ਕਿ ਨਸ਼ਾ ਮੁੱਕਤੀ ਦੇ ਖਾਤਮੇ ਲਈ ਸਰਕਾਰ ਵੱਲੋਂ ਕੀਤੀ ਇਸ ਪਹਿਲ ਕਦਮੀ ਵਿਚ ਪਹਿਲੀ ਵਾਰ ਪੁਲਿਸ, ਸਿਹਤ ਵਿਭਾਗ, ਪ੍ਰਸ਼ਾਸਨ ਅਤੇ ਲੋਕ ਮਿਲਕੇ ਕੰਮ ਕਰਨਗੇ। ਉਨਾਂ ਦੱਸਿਆ ਕਿ ਇਸ ਵੇਲੇ ਜਿਲ੍ਹੇ ਵਿਚ 20 ਹਜ਼ਾਰ ਤੋਂ ਵੱਧ ਵਲੰਟੀਅਰ ਨਸ਼ਾ ਰੋਕੂ ਅਧਿਕਾਰੀ ਵਜੋਂ ਆਪਣਾ ਨਾਮ ਦਰਜ ਕਰਵਾ ਚੁੱਕੇ ਹਨ, ਜਿੰਨਾਂ ਵਿਚ 17 ਹਜ਼ਾਰ ਪੇਂਡੂ ਹਲਕੇ ਵਿਚ ਅਤੇ 3 ਹਜ਼ਾਰ ਅੰਮਿ੍ਰਤਸਰ ਸ਼ਹਿਰ ਵਿਚ ਨਾਮ ਦਰਜ ਕਰਵਾ ਚੁੱਕੇ ਹਨ ਅਤੇ ਲਗਾਤਾਰ ਇਸ ਗਿਣਤੀ ਵਿਚ ਵਾਧਾ ਹੋ ਰਿਹਾ ਹੈ।
ਸੰਘਾ ਨੇ ਦੱਸਿਆ ਕਿ 23 ਮਾਰਚ ਨੂੰ ਯੁਵਾ ਸਸ਼ਕਤੀਕਰਨ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ ਅਤੇ ਇਸ ਮੌਕੇ ਕਾਲਜਾਂ, ਯੂਨੀਵਰਸਿਟੀਆਂ, ਤਹਿਸੀਲਾਂ ਅਤੇ ਜਿਲ੍ਹਾ ਪੱਧਰ ’ਤੇ ਸਮਾਗਮ ਕਰਕੇ ਆਪਣੇ ਜਿਲ੍ਹੇ ਨੂੰ ਨਸ਼ਾ ਮੁਕਤ ਕਰਨ ਲਈ ਇੰਨਾਂ ਵਲੰਟੀਅਰਾਂ ਨੂੰ ਸਹੁੰ ਚੁਕਾਈ ਜਾਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹਾ ਪੱਧਰੀ ਸਮਾਗਮ ਗੁਰੂ ਨਾਨਕ ਸਟੇਡੀਅਮ ਅਤੇ ਤਹਿਸੀਲ ਪੱਧਰੀ ਸਮਾਗਮ ਆਈ ਟੀ ਆਈ ਅਜਨਾਲਾ, ਸੈਕਰਡ ਹਾਰਟ ਸਕੂਲ ਮਜੀਠਾ ਅਤੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਕਾਲਜ ਰਈਆ ਵਿਖੇ ਹੋਣਗੇ।
ਇਸ ਮੌਕੇ ਪੁਲਿਸ ਕਮਿਸ਼ਨਰ ਐਸ. ਸ੍ਰੀਵਾਸਤਵ ਨੇ ਸਵੈ ਇੱਛਾ ਨਾਲ ਨਸ਼ਾ ਰੋਕਣ ਲਈ ਅੱਗੇ ਆਏ ਇੰਨਾਂ ਵਿਅਕਤੀਆਂ ਦਾ ਕੰਮ ਆਪਣੇ-ਆਪਣੇ ਇਲਾਕੇ ਵਿਚ ਨਸ਼ੇ ਵਿਰੁੱਧ ਜਾਰਕੂਕਤਾ ਫੈਲਾਉਣਾ, ਨਸ਼ੇ ਕਰਨ ਵਾਲੇ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਨਾ ਅਤੇ ਉਸਦੇ ਪਰਿਵਾਰ ਨੂੰ ਸਹੀ ਰਸਤੇ ਪਾਉਣਾ ਹੈ।ਉਨਾਂ ਦੱਸਿਆ ਕਿ ਇਸ ਕੰਮ ਲਈ ਕੇਵਲ ਹਫਤੇ ਵਿਚ 1-2 ਘੰਟੇ ਕੰਮ ਕਰਨਾ ਹੋਵੇਗਾ।ਉਨਾਂ ਸਮਾਜ ਸੁਧਾਰ ਦੇ ਇਸ ਪ੍ਰੋਗਰਾਮ ਵਿਚ ਪ੍ਰੈਸ ਨੂੰ ਵੱਧ ਤੋਂ ਵੱਧ ਯੋਗਦਾਨ ਪਾਉਣ ਦਾ ਸੱਦਾ ਵੀ ਦਿੱਤਾ।
ਜਿਲ੍ਹਾ ਪੁਲਿਸ ਮੁਖੀ ਪਰਮਪਾਲ ਸਿੰਘ ਨੇ ਇਸ ਮੌਕੇ ਦੱਸਿਆ ਕਿ ਇਸ ਕੰਮ ਲਈ ਜਿਲ੍ਹਾ ਮਿਸ਼ਨ ਟੀਮ, ਸਬ ਡਵੀਜਨ ਮਿਸ਼ਨ ਟੀਮ, ਪਿੰਡ ਪੱਧਰੀ ਮਿਸ਼ਨ ਟੀਮ ਅਤੇ ਵਾਰਡ ਪੱਧਰੀ ਮਿਸ਼ਨ ਟੀਮਾਂ ਬਣਾਈਆਂ ਜਾ ਰਹੀਆਂ ਹਨ। ਇੰਨਾਂ ਟੀਮਾਂ ਵਿਚ ਸਰਕਾਰੀ ਅਧਿਕਾਰੀਆਂ ਦੇ ਨਾਲ-ਨਾਲ ਪੰਚ, ਸਰਪੰਚ, ਗੈਰ ਸਰਕਾਰੀ ਸੰਸਥਾਵਾਂ ਦੇ ਮੈਂਬਰ, ਚੰਗੇ ਕਿਰਦਾਰ ਵਾਲੇ ਵਿਅਕਤੀ ਸ਼ਾਮਿਲ ਕੀਤੇ ਜਾ ਰਹੇ ਹਨ।ਉਨਾਂ ਦੱਸਿਆ ਕਿ ਵਲੰਟੀਅਰ ਵਜੋਂ ਨਾਮ ਦਰਜ ਕਰਵਾਉਣ ਵਾਲੇ ਜਿਲ੍ਹਾ ਵਾਸੀਆਂ ਦੀ ਪੁਲਿਸ ਵੈਰੀਫਿਕੇਸ਼ਨ ਕਰਨ ਮਗਰੋਂ ਇੰਨਾਂ ਨੂੰ ਸ਼ਨਾਖਤੀ ਕਰਾਡ ਵੀ ਜਾਰੀ ਕੀਤੇ ਜਾਣਗੇ। ਉਨਾਂ ਜਿਲ੍ਹਾ ਵਾਸੀਆਂ ਨੂੰ ਸੱਦਾ ਦਿੱਤਾ ਕਿ ਜੋ ਵੀ ਹੋਰ ਵਿਅਕਤੀ ਸਵੈ ਇੱਛਾ ਨਾਲ ਇਸ ਨੇਕ ਕੰਮ ਵਿਚ ਹਿੱਸਾ ਲੈਣਾ ਚਾਹੁੰਦੇ ਹਨ ਉਹ ਪੁਲਿਸ ਸਾਂਝ ਕੇਂਦਰ ਵਿਚੋਂ ਫਾਰਮ ਲੈ ਕੇ ਉਥੇ ਵੀ ਭਰ ਕੇ ਜਮਾ ਕਰਵਾ ਸਕਦੇ ਹਨ ਅਤੇ ਉਨਾਂ ਦੇ ਮੋਬਾਈਲ ਫੋਨ ’ਤੇ ਰਜਿਸਟਰੇਸ਼ਨ ਦਾ ਸੰਦੇਸ਼ ਤਰੁੰਤ ਪਹੁੰਚ ਜਾਵੇਗਾ।
Punjab Post Daily Online Newspaper & Print Media