ਅੰਮ੍ਰਿਤਸਰ, 23 ਮਾਰਚ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਭਾਰਤ ਦੀ
ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਇਕ ਪੱਤਰ ਲਿਖ ਕੇ ਆਸਟ੍ਰੇਲੀਆ ਦੇ ਇਕ ਗੁਰਦੁਆਰਾ ਸਾਹਿਬ ਨਜ਼ਦੀਕ ਲਗਾਏ ਜਾ ਰਹੇ ਕੈਮੀਕਲ ਫਰਟੀਲਾਈਜ਼ਰ ਮਿਕਸਿੰਗ ਪਲਾਂਟ ’ਤੇ ਰੋਕ ਲਗਾਉਣ ਲਈ ਆਸਟ੍ਰੇਲੀਆ ਸਰਕਾਰ ਨਾਲ ਗੱਲਬਾਤ ਕਰਨ ਦੀ ਅਪੀਲ ਕੀਤੀ ਹੈ।ਦੱਸਣਯੋਗ ਹੈ ਕਿ ਆਸਟ੍ਰੇਲੀਆ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਯੂਗਾਲੀ, ਗਰਿਫਤ ਦੇ ਪ੍ਰਧਾਨ ਜਸਵਿੰਦਰ ਸਿੰਘ ਮਾਵੀ ਵੱਲੋਂ ਮਾਮਲੇ ਸਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਇੱਕ ਪੱਤਰ ਲਿਖਿਆ ਗਿਆ ਸੀ, ਜਿਸ ’ਤੇ ਕਾਰਵਾਈ ਕਰਦਿਆਂ ਗੋਬਿੰਦ ਸਿੰਘ ਲੌਂਗੋਵਾਲ ਨੇ ਵਿਦੇਸ਼ ਮੰਤਰੀ ਪਾਸੋਂ ਇਸ ਸਬੰਧੀ ਦਖ਼ਲ ਮੰਗਿਆ ਹੈ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਭੇਜੇ ਗਏ ਪੱਤਰ ਵਿਚ ਕਿਹਾ ਗਿਆ ਸੀ ਕਿ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਕੈਮੀਕਲ ਫਰਟੀਲਾਈਜ਼ਰ ਮਿਕਸਿੰਗ ਪਲਾਂਟ ਲਗਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਜੇਕਰ ਇਹ ਪਲਾਂਟ ਸਥਾਪਿਤ ਹੁੰਦਾ ਹੈ ਤਾਂ ਗੁਰਦੁਆਰਾ ਸਾਹਿਬ ਵਿਖੇ ਆਉਣ ਵਾਲੀ ਸੰਗਤ ਅਤੇ ਗੁਰੂ ਕੇ ਲੰਗਰਾਂ ’ਤੇ ਪਲਾਂਟ ਵਿਚ ਰਸਾਇਣਕ ਵਰਤੋਂ ਕਾਰਨ ਪੈਦਾ ਹੋਣ ਵਾਲੇ ਦੂਸ਼ਿਤ ਵਾਤਾਵਰਣ ਦਾ ਪ੍ਰਭਾਵ ਪਵੇਗਾ। ਮਾਵੀ ਅਨੁਸਾਰ ਗੁਰਦੁਆਰਾ ਸਾਹਿਬ ਵੱਲੋਂ ਬੱਚਿਆਂ ਦਾ ਸਕੂਲ, ਬਿਰਧ ਆਸ਼ਰਮ, ਲਾਇਬ੍ਰੇਰੀ ਅਤੇ ਸੰਗਤਾਂ ਲਈ ਰਿਹਾਇਸ਼ ਬਣਾਉਣ ਦੀ ਤਜਵੀਜ਼ ਵੀ ਹੈ।ਪ੍ਰਬੰਧਕਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਇਹ ਵੀ ਕਿਹਾ ਹੈ ਕਿ ਉਨ੍ਹਾਂ ਨੇ ਸਥਾਨਕ ਪ੍ਰਸ਼ਾਸਨ ਤੋਂ ਪਲਾਂਟ ਨਾ ਸਥਾਪਤ ਕਰਨ ਦੀ ਮੰਗ ਵੀ ਕੀਤੀ ਸੀ, ਜਿਸ ਨੂੰ ਖਾਰਜ਼ ਕਰ ਦਿੱਤਾ ਗਿਆ।
ਮਾਮਲੇ ਨੂੰ ਗੰਭੀਰ ਤੇ ਨਾਜ਼ੁਕ ਦੱਸਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਆਸਟ੍ਰੇਲੀਆ ਸਰਕਾਰ ਨਾਲ ਜਲਦ ਰਾਬਤਾ ਬਣਾਉਣ ਦੀ ਅਪੀਲ ਕੀਤੀ ਹੈ।ਉਨ੍ਹਾਂ ਵਿਦੇਸ਼ ਮੰਤਰੀ ਦੇ ਧਿਆਨ ਵਿਚ ਲਿਆਂਦਾ ਕਿ ਇਹ ਪਲਾਂਟ ਸਥਾਪਤ ਹੋਣ ਕਾਰਨ ਜਿਥੇ ਗੁਰੂ ਘਰ ਦੇ ਸ਼ਾਂਤ ਵਾਤਾਵਰਣ ਤੇ ਅਸਰ ਪਵੇਗਾ, ਉਥੇ ਹੀ ਗੁਰਦੁਆਰਾ ਸਾਹਿਬ ਵਿਚ ਆਉਣ ਵਾਲੀਆਂ ਵੱਡੀ ਗਿਣਤੀ ਵਿਚ ਸੰਗਤਾਂ ਅਤੇ ਖ਼ਾਸਕਰ ਬੱਚਿਆਂ ਦੀ ਸਿਹਤ ਨੂੰ ਨੁਕਸਾਨ ਪਹੁੰਚੇਗਾ। ਉਨ੍ਹਾਂ ਮੰਗ ਕੀਤੀ ਕਿ ਇਸ ਸਬੰਧੀ ਜਲਦ ਤੋਂ ਜਲਦ ਆਸਟ੍ਰੇਲੀਆ ਸਰਕਾਰ ਨਾਲ ਸੰਪਰਕ ਕੀਤਾ ਜਾਵੇ ਤਾਂ ਜੋ ਇਸ ਪਲਾਂਟ ’ਤੇ ਰੋਕ ਲੱਗ ਸਕੇ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media