ਪੰਜਾਬ ਸਰਕਾਰ ਦੇ ਬੱਜ਼ਟ ਨੇ ਅੰਮ੍ਰਿਤਸਰੀਆਂ ਨੂੰ ਕੀਤਾ ਨਿਰਾਸ਼- ਅੰਮ੍ਰਿਤਸਰ ਵਿਕਾਸ ਮੰਚ
ਅੰਮ੍ਰਿਤਸਰ, 24 ਮਾਰਚ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਅੱਜ ਪੇਸ਼ ਕੀਤੇ ਬਜ਼ਟ ਵਿੱਚ ਅੰਮ੍ਰਿਤਸਰ
ਵਾਸੀਆਂ ਨਾਲ ਕੀਤੇ ਕਿਸੇ ਵੀ ਵਾਅਦੇ ਨੂੰ ਪੂਰਾ ਕਰਨ ਲਈ ਤਵੱਜੋਂ ਨਾ ਦੇਣ ਕਾਰਨ ਅੰਮ੍ਰਿਤਸਰ ਵਾਸੀਆਂ ਵਿੱਚ ਨਿਰਾਸ਼ਾ ਦਾ ਆਲਮ ਹੈ।
ਮੰਚ ਦੀ ਅੱਜ ਹੋਈ ਇੱਕ ਜਰੂਰੀ ਇਕੱਤਰਤਾ `ਚ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਇੰਜੀ: ਮਨਜੀਤ ਸਿੰਘ ਸੈਣੀ, ਪ੍ਰੋ: ਮੋਹਣ ਸਿੰਘ, ਮਨਮੋਹਨ ਸਿੰਘ ਬਰਾੜ, ਹਰਜਾਪ ਸਿੰਘ ਔਜਲਾ, ਜਸਬੀਰ ਸਿੰਘ, ਲਖਬੀਰ ਸਿੰਘ ਘੁੰਮਣ ਆਦਿ ਕਾਰਜਕਾਰਨੀ ਮੈਂਬਰਾਂ ਵਲੋਂ ਪੰਜਾਬ ਦੇ ਬੱਜ਼ਟ `ਤੇ ਵਿਚਾਰ ਚਰਚਾ ਕੀਤੀ ਗਈ।ਇਸ ਮੀਟਿੰਗ ਉਪਰੰਤ ਪ੍ਰਧਾਨ ਕੁਲਵੰਤ ਸਿੰਘ ਅਣਖੀ ਨੇ ਦੱਸਿਆ ਹੈ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਦੇ ਗਠਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਗੁਰੂ ਨਗਰੀ ਅੰਮ੍ਰਿਤਸਰ ਵਾਸੀਆਂ ਨਾਲ ਜੋ ਕੀਤੇ ਵਾਅਦੇ ਕੀਤੇ ਗਏ ਸਨ ਉਨਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ।
ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 12 ਅਕਤੂਬਰ 2016 ਨੂੰ ਕੀਤੇ ਵਾਅਦੇ ਨੂੰ ਚੇਤੇ ਕਰਾਇਆ, ਜਦ ਉਨ੍ਹਾਂ ਨੇ ਅਟਾਰੀ ਅਤੇ ਰਾਜਾਸਾਂਸੀ ਵਿਖੇ ਜਿਲ੍ਹੇ ਦੇ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਲੱਗਦੇ 20 ਕਿ:ਮੀ: ਦੇ ਖੇਤਰ ਵਿੱਚ ‘ਵਿਸ਼ੇਸ਼ ਆਰਥਿਕ ਖੇਤਰ’ (ਸਪੈਸ਼ਲ ਇਕਨਾਮਿਕ ਜ਼ੋਨ) ਸਥਾਪਤ ਕਰਨ ਬਾਰੇ ਅੰਮ੍ਰਿਤਸਰ ਦੀ ਆਰਥਿਕਤਾ ਨੂੰ ਬੁਲੰਦੀਆਂ `ਤੇ ਲਿਜਾਣ ਬਾਰੇ ਐਲਾਨ ਕੀਤਾ ਸੀ। ਜਿਸ ਵਿੱਚ ਵਿਸ਼ੇਸ਼ ਰਿਆਇਤਾਂ ਦੇਣ ਦਾ ਵੀ ਜ਼ਿਕਰ ਸੀ। ਕੈਪਟਨ ਸਾਹਿਬ ਨੇ ਇਸ ਵਿਸ਼ੇਸ਼ ਆਰਥਿਕ ਖੇਤਰ ਦੀ ਮਹੱਤਤਾ ਬਾਰੇ ਕਿਹਾ ਸੀ ਕਿ ਇਸ ਦੀ ਸਥਾਪਨਾ ਉਪਰੰਤ ਵੱਡੀ ਪੱਧਰ `ਤੇ ਰੁਜਗਾਰ ਦੇ ਸਾਧਨ ਪੈਦਾ ਹੋਣਗੇ।ਇਹ ਵਿਸ਼ੇਸ਼ ਆਰਥਿਕ ਖੇਤਰ ਦੀ ਸਥਾਪਨਾ ਦੇ ਹੱਕ ਵਿੱਚ ਇਹ ਦਲੀਲ ਵੀ ਦਿੱਤੀ ਸੀ ਕਿ ਜੇ ਪਾਕਿਸਤਾਨ ਸਰਕਾਰ ਹਿੰਦ-ਪਾਕਿ ਸਰਹੱਦ ਤੱਕ ਉਦਯੋਗ ਸਥਾਪਿਤ ਕਰ ਸਕਦੀ ਹੈ ਤਾਂ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਕਿਉਂ ਨਹੀਂ।
ਉਨਾਂ ਕਿਹਾ ਕਿ ਮੁੱਖ ਮੰਤਰੀ ਦਾ ਰੁਤਬਾ ਹਾਸਲ ਕਰਨ ਉਪਰੰਤ ਕੈਪਟਨ ਅਮਰਿੰਦਰ ਸਿੰਘ ਨੇ 15 ਅਗਸਤ 2017 ਨੂੰ ਇਹ ਐਲਾਨ ਵੀ ਕੀਤਾ ਸੀ ਕਿ ਸੰਸਾਰ ਬੈਂਕ ਦੇ 3000 ਕਰੋੜ ਦੇ ਸਹਾਇਤਾ ਫੰਡਾਂ ਨਾਲ ਅੰਮ੍ਰਿਤਸਰ ਦੇ ਸ਼ਹਿਰੀਆਂ ਨੂੰ ਅੱਪਰਬਾਰੀ ਦੋਆਬ ਨਹਿਰ ਦਾ ਪਾਣੀ ਮੁਹੱਈਆ ਕਰਵਾਇਆ ਜਾਵੇਗਾ।ਇਸ ਪ੍ਰੋਜੈਕਟ ਦੇ ਸੰਪੂਰਨ ਹੋ ਕੇ ਚਾਲੂ ਹੋਣ ਨਾਲ ਧਰਤੀ ਹੇਠਲੇ ਪਾਣੀ ਦੀ ਸਤ੍ਹਾ ਵਿੱਚ ਸੁਧਾਰ ਹੋਵੇਗਾ ਅਤੇ ਪਾਣੀ ਤੋਂ ਪੈਦਾ ਹੋਣ ਵਾਲੀਆਂ ਬੀਮਾਰੀਆਂ ਦੀ ਰੋਕਥਾਮ ਵੀ ਹੋਵੇਗੀ।ਸਟੇਟ ਪੱਧਰ ਦੇ ਡਾਇਰੈਕਟੋਰੇਟ ਆਫ ਫਾਇਰ ਸਰਵਿਸਜ਼ ਦੀ ਅੰਮ੍ਰਿਤਸਰ ਵਿਖੇ ਸਥਾਪਨਾ ਦਾ ਐਲਾਨ ਵੀ ਉਸੇ ਦਿਨ ਹੀ ਕੀਤਾ ਗਿਆ ਸੀ।ਰੇਲਵੇ ਫਾਟਕਾਂ ਵੱਲ੍ਹਾ, ਪੁਤਲੀਘਰ, ਜੌੜਾ ਫਾਟਕ ਵਿਖੇ ਆਵਾਜਾਈ ਨੂੰ ਨਿਯੰਤਰਣ ਕਰਨ ਦੀ ਖਾਤਰ ਰੇਲਵੇ ਪੁੱਲ ਉਸਾਰਨ ਦਾ ਐਲਾਨ ਵੀ ਕੀਤਾ ਗਿਆ ਸੀ।ਇੱਕ ਯੂਨੀਫਾਈਡ ਟੂਰਿਜ਼ਮ ਇਨਫਰਮੇਸ਼ਨ ਅਤੇ ਫਸੀਲੀਟੇਸ਼ਨ ਸੈਂਟਰ ਅਤੇ ਬਹੁ-ਮੰਤਵੀ ਖੇਡ ਅਤੇ ਮਨੋਰੰਜਨ ਕੇਂਦਰ ਸਥਾਪਿਤ ਕਰਨ ਦਾ ਐਲਾਨ ਵੀ ਮੁੱਖ ਮੰਤਰੀ ਸਾਹਿਬ ਵੱਲੋਂ ਕੀਤਾ ਗਿਆ ਸੀ। ਨੁਮਾਇਸ਼ ਅਤੇ ਇਜਲਾਸ ਕੇਂਦਰ (ਐਗਜੀਬੀਸ਼ਨ-ਕਮ-ਕਨਵੈਨਸ਼ਨ ਸੈਂਟਰ) ਦੀ ਸਥਾਪਨਾ ਦਾ ਵਾਅਦਾ ਵੀ ਕੀਤਾ ਗਿਆ ਸੀ।
ਉਨਾਂ ਕਿਹਾ ਕਿ ਇਸੇ ਤਰਾਂ ਪੰਜਾਬ ਪ੍ਰਦੇਸ਼ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੰਮ੍ਰਿਤਸਰ ਨੂੰ ਸੰਸਾਰ ਪੱਧਰ ਦਾ ਸ਼ਹਿਰ ਵਜੋਂ ਵਿਕਸਿਤ ਕਰਨ ਦਾ ਵਾਅਦਾ ਵੀ ਕੀਤਾ ਹੈ।ਕੇਂਦਰ ਸਰਕਾਰ ਵਲੋਂ ਪੱਟੀ-ਮੱਖੂ ਰੇਲ ਲਿੰਕ ਲਈ ਵੀ 299 ਕਰੋੜ ਜਾਰੀ ਕਰ ਦਿੱਤੇ ਹਨ, ਜਦਕਿ ਜਮੀਨ ਪੰਜਾਬ ਸਰਕਾਰ ਨੇ ਮੁਹੱਈਆ ਕਰਵਾਉਣੀ ਹੈ, ਲੇਕਿਨ ਇਸ ਲਈ ਬੱਜ਼ਟ ਵਿੱਚ ਕੋਈ ਵੀ ਰਕਮ ਨਹੀਂ ਰੱਖੀ ਗਈ।ਜਿਸ ਨਾਲ ਅੰਮ੍ਰਿਤਸਰ ਵਾਸੀਆਂ ਦੀਆਂ ਆਸਾਂ `ਤੇ ਮੁੜ ਪਾਣੀ ਫਿਰਿਆ ਹੈ।
ਪ੍ਰਧਾਨ ਪ੍ਰਿੰ. ਅਣਖੀ ਨੇ ਕਿਹਾ ਕਿ ਉਪਰੋਕਤ ਵਾਅਦਿਆਂ ਦੀ ਪੂਰਤੀ ਲਈ ਇਸੇ ਬੱਜ਼ਟ ਸ਼ੈਸ਼ਨ ਵਿੱਚ ਉਪਰਾਲੇ ਕੀਤੇ ਜਾਣ ਸਬੰਧੀ ਅੰਮ੍ਰਿਤਸਰ ਵਿਕਾਸ ਮੰਚ ਦੀ ਮੰਗ `ਤੇ ਗੌਰ ਕਰਦਿਆਂ ਮੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਸਰਕਾਰ ਨੂੰ ਭਰੋੋਸੇਯੋਗ ਸੰਕਲਪ ਅਤੇ ਸਿਧਾਂਤ `ਤੇ ਚਲਾਇਆ ਜਾਏ, ਨਾ ਕਿ ‘ਜੁਮਲਾ ਸਰਕਾਰ’ ਵਜੋਂ।
Check Also
ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ
ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …
Punjab Post Daily Online Newspaper & Print Media