Wednesday, August 12, 2026

ਧਰਮ ਪ੍ਰਚਾਰ ਲਹਿਰ ਨੂੰ ਹੋਰ ਪ੍ਰਫੁੱਲਤ ਕਰਨ ਲਈ ਗਈ ਰੱਖੇ 16 ਕਰੋੜ – ਲੌਂਗੋਵਾਲ

ਸੁਲਤਾਨਪੁਰ ਲੋਧੀ ਵਿਖੇ ਯਾਦਗਾਰਾਂ ਅਤੇ ਵੱਖ-ਵੱਖ ਮਾਰਗਾਂ ’ਤੇ ਉਸਾਰੇ ਜਾਣਗੇ 6 ਯਾਦਗਾਰੀ ਗੇਟ
ਅੰਮ੍ਰਿਤਸਰ, 30 ਮਾਰਚ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਇਜਲਾਸ ਤੋਂ ਬਾਅਦ ਪ੍ਰੈਸ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ PPN3003201803ਲੌਂਗੋਵਾਲ ਨੇ ਬਜਟ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਬਜਟ ਵਿਚ ਧਰਮ ਪ੍ਰਚਾਰ, ਸਿਹਤ ਸਹੂਲਤਾਂ ਅਤੇ ਵਿਦਿਆ ਦੇ ਪਾਸਾਰ ਦੇ ਨਾਲ-ਨਾਲ ਸਮਾਜ ਭਲਾਈ ਦੇ ਕਾਰਜਾਂ ਲਈ ਵਿਸ਼ੇਸ਼ ਰਾਸ਼ੀ ਰੱਖੀ ਗਈ ਹੈ।ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਕੈਂਸਰ ਪੀੜ੍ਹਤਾਂ ਦੀ ਸਹਾਇਤਾ ਦੇ ਨਾਲ-ਨਾਲ ਸੰਗਤਾਂ ਦੀ ਸਹੂਲਤ ਲਈ ਵੱਖ-ਵੱਖ ਯੋਜਨਾਵਾਂ ਵੀ ਉਲੀਕੀਆਂ ਗਈਆਂ ਹਨ।ਉਨ੍ਹਾਂ ਸਪੱਸ਼ਟ ਕੀਤਾ ਕਿ ਬੇਸ਼ੱਕ ਸ਼੍ਰੋਮਣੀ ਕਮੇਟੀ ਦਾ ਬਜਟ 11 ਅਰਬ, 59 ਕਰੋੜ, 67 ਲੱਖ ਰੁਪਏ ਹੈ ਪਰ ਨੈਟ ਬਜਟ 9 ਅਰਬ 34 ਕਰੋੜ 93 ਲੱਖ 93 ਹਜ਼ਾਰ ਰੁਪਏ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਬਜਟ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਆਉਂਦੇ ਸਮੁੱਚੇ ਅਦਾਰਿਆਂ ਦਾ ਬਜ਼ਟ ਹੈ, ਜਿਸ ਦੀ ਗਿਣਤੀ 233 ਹੈ।
                   ਲੌਂਗੋਵਾਲ ਨੇ ਵਿਸਥਾਰ ਦਿੰਦਿਆਂ ਦੱਸਿਆ ਕਿ ਧਰਮ ਪ੍ਰਚਾਰ ਲਹਿਰ ਨੂੰ ਹੋਰ ਪ੍ਰਫੁੱਲਤ ਕਰਨ ਲਈ 16 ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ।ਉਨ੍ਹਾਂ ਕਿਹਾ ਕਿ ਇਸ ਵਰ੍ਹੇ ਦੀ ਧਰਮ ਪ੍ਰਚਾਰ ਲਹਿਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆ ਰਹੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤੀ ਗਈ ਹੈ ਅਤੇ ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਜਿਥੇ ਵਿਸ਼ੇਸ਼ ਗੁਰਮਤਿ ਸਮਾਗਮਾਂ ਦਾ ਪ੍ਰਬੰਧ ਕਰੇਗੀ ਉਥੇ ਹੀ ਸੁਲਤਾਨਪੁਰ ਲੋਧੀ ਵਿਖੇ ਯਾਦਗਾਰਾਂ ਅਤੇ ਵੱਖ-ਵੱਖ ਮਾਰਗਾਂ ’ਤੇ 6 ਸੁੰਦਰ ਯਾਦਗਾਰੀ ਗੇਟ ਉਸਾਰੇ ਜਾ ਰਹੇ ਹਨ।ਵਿਸ਼ੇਸ਼ ਯਾਦਗਾਰ ਗੁਰਦੁਆਰਾ ਸੰਤ ਘਾਟ ਦੇ ਨਜ਼ਦੀਕ ਬਣਾਈ ਜਾਵੇਗੀ, ਜਿਸ ’ਤੇ ੴ ਦਾ ਵਿਸ਼ਾਲ ਨਿਸ਼ਾਨ ਬਣਾਉਣ ਲਈ ਮੀਨਾਰ ਸਥਾਪਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੱਛੜੇ ਇਲਾਕਿਆਂ ਵਿਚ ਮੁੱਢਲੀਆਂ ਮੈਡੀਕਲ ਸਹੂਲਤਾਂ ਦੇਣ ਲਈ ਮੈਡੀਕਲ ਵੈਨਾਂ ਅਤੇ ਹੋਰ ਗੱਡੀਆਂ ਖ਼ਰੀਦਣ ਲਈ 90 ਲੱਖ ਰੁਪਏ ਰੱਖੇ ਗਏ ਹਨ। ਇਸ ਤੋਂ ਇਲਾਵਾ ਮੈਡੀਕਲ ਵੈਨਾਂ ਵਿਚ ਡਾਕਟਰੀ ਸਹੂਲਤਾਂ ਤੇ ਦਵਾਈਆਂ ਲਈ ਵੀ 25 ਲੱਖ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। ਇਸੇ ਤਰ੍ਹਾਂ ਸਿੱਖ ਧਰਮ ਨਾਲ ਜੁੜੇ ਸਕਲੀਗਰ ਅਤੇ ਵਣਜਾਰੇ ਸਿੱਖਾਂ ਦੀ ਸਹਾਇਤਾ ਲਈ 80 ਲੱਖ ਰੁਪਏ ਖਰਚੇ ਜਾਣਗੇ।
ਲੌਂਗੋਵਾਲ ਨੇ ਦੱਸਿਆ ਕਿ ਬਜਟ ਵਿੱਚ ਕੈਂਸਰ ਪੀੜਤਾਂ ਲਈ ਇਸ ਵਾਰ 9 ਕਰੋੜ 50 ਲੱਖ ਰੁਪਏ, ਇਸ ਤੋਂ ਇਲਾਵਾ ਕੁਦਰਤੀ ਆਫਤਾਂ ਲਈ 61 ਲੱਖ ਰੁਪਏ, ਖ਼ਾਲਸਾਈ ਖੇਡਾਂ ਅਤੇ ਸਾਬਤ ਸੂਰਤ ਸਿੱਖ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਲਈ 63 ਲੱਖ ਰੁਪਏ, ਸਿੱਖ ਇਤਿਹਾਸ ਦੀ ਖੋਜ ਅਤੇ ਛਪਾਈ ਲਈ 65 ਲੱਖ ਰੁਪਏ ਰੱਖੇ ਗਏ ਹਨ। ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਨਵੀਨੀਕਰਨ, ਕੰਪਿਊਟਰੀ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਲਈ 25 ਲੱਖ ਰੁਪਏ, ਪੰਥਕ ਵਿਦਵਾਨਾਂ ਅਤੇ ਧਾਰਮਿਕ ਸ਼ਖ਼ਸੀਅਤਾਂ ਦੇ ਸਨਮਾਨ ਲਈ 50 ਲੱਖ ਰੁਪਏ, ਸ਼ਹੀਦ ਅਤੇ ਜ਼ਖ਼ਮੀ ਸਿੰਘਾਂ ਦੇ ਪਰਿਵਾਰਾਂ ਲਈ 35 ਲੱਖ ਰੁਪਏ, 1984 ਦੇ ਪੀੜ੍ਹਤ ਸਿੱਖਾਂ ਦੇ ਬੱਚਿਆਂ ਨੂੰ ਉਚੇਰੀ ਸਿੱਖਿਆ ਲਈ 30 ਲੱਖ ਰੁਪਏ ਰੱਖੇ ਗਏ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਗੱਲਬਾਤ ਦੌਰਾਨ ਇਹ ਵੀ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤ ਦੀ ਵੱਧ ਰਹੀ ਆਮਦ ਨੂੰ ਮੁੱਖ ਰੱਖਦਿਆਂ ਹੋਇਆਂ ਇੱਕ ਹਜ਼ਾਰ ਕਮਰਿਆਂ ਦੀ ਸਰਾਂ ਬਣਾਈ ਜਾਵੇਗੀ, ਜਿਸ ਲਈ ਵਿਸ਼ੇਸ਼ ਫੰਡ ਰੱਖੇ ਗਏ ਹਨ।
                  ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਦੇ ਸਮੁੱਚੇ ਸਿੱਖਿਆ ਬੋਰਡਾਂ ਵਿੱਚੋਂ ਪਹਿਲੀਆਂ 20 ਪੁਜੀਸ਼ਨਾਂ ’ਤੇ ਆਉਣ ਵਾਲੇ ਅੰਮ੍ਰਿਤਧਾਰੀ ਸਿੱਖ ਵਿਦਿਆਰਥੀਆਂ ਨੂੰ 51 ਹਜ਼ਾਰ ਰੁਪਏ ਪ੍ਰਤੀ ਵਿਦਿਆਰਥੀ ਸਨਮਾਨ ਦਿੱਤਾ ਜਾਵੇਗਾ। ਧਾਰਮਿਕ ਵਿੱਦਿਆ ਦੇ ਹੋਰ ਪ੍ਰਸਾਰ ਵਾਸਤੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਐਮ.ਏ. ਧਰਮ ਅਧਿਐਨ, ਐਮ.ਫਿਲ ਅਤੇ ਗੁਰਮਤਿ ਵਿਚ ਪੀ.ਐਚ.ਡੀ. ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਸਹਾਇਤਾ ਲਈ 1 ਕਰੋੜ 50 ਲੱਖ ਰੁਪਏ ਰੱਖੇ ਹਨ। ਆਈ.ਏ.ਐ, ਆਈ.ਪੀ.ਐ ਅਤੇ ਇਨ੍ਹਾਂ ਦੇ ਬਰਾਬਰ ਦੀਆਂ ਪ੍ਰੀਖਿਆਵਾਂ ਵਿਚ ਚੁਣੇ ਜਾਣ ਵਾਲੇ ਸਾਬਤ ਸੂਰਤ ਸਿੱਖ ਉਮੀਦਵਾਰਾਂ ਨੂੰ ਇਕ-ਇਕ ਲੱਖ ਰੁਪਏ ਅਤੇ ਪੀ.ਸੀ.ਐਸ. ਵਿਚ ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ 75 ਹਜ਼ਾਰ ਰੁਪਏ ਦਾ ਵਿਸ਼ੇਸ਼ ਨਗਦ ਇਨਾਮ ਦਿੱਤਾ ਜਾਇਆ ਕਰੇਗਾ।ਇਸ ਦੇ ਨਾਲ ਹੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ `ਤੇ ਖੇਤੀ, ਸਾਇੰਸ ਅਤੇ ਹੋਰ ਖੋਜ ਕਾਰਜਾਂ ਵਿੱਚ ਮੱਲ੍ਹਾਂ ਮਾਰਨ ਵਾਲੇ ਸਾਬਤ ਸੂਰਤ ਸਿੱਖ ਵਿਗਿਆਨੀਆਂ ਨੂੰ ਇਕ-ਇਕ ਲੱਖ ਰੁਪਏ ਦੀ ਰਾਸ਼ੀ ਤੇ ਪ੍ਰਸੰਸਾ ਪੱਤਰ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਾਲ ਮਈ ਮਹੀਨੇ ਵਿਚ ਸੁਲਤਾਨ-ਉਲ-ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆਂ ਦੀ ਜਨਮ ਸ਼ਤਾਬਦੀ ਮਨਾਉਣ ਲਈ ਵੀ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਦੇ ਜੀਵਨ ਨਾਲ ਸਬੰਧਤ ਕਿਤਾਬ ਵੀ ਛਪਾਈ ਜਾਵੇਗੀ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply