ਅੰਮ੍ਰਿਤਸਰ, ਅਪ੍ਰੈਲ 6 (ਪੰਜਾਬ ਪੋਸਟ- ਸੁਖਬੀਰ ਸਿੰਘ) -ਇਕ ਮਹੱਤਵਪੂਰਨ ਅਤੇ ਇਤਿਹਾਸਕ ਫੈਸਲੇ ਅਨੁਸਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਬਹੁ-ਰਾਜੀ ਮਹੱਤਵਪੂਰਨ ਸੰਗਠਨ ਪੀ.ਐਚ.ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ (ਪੀ.ਐਚ.ਡੀ.ਸੀ.ਸੀ.ਆਈ) ਨਵੀਂ ਦਿੱਲੀ ਦਰਮਿਆਨ ਇਕ ਸਮਝੌਤਾ ਕੀਤਾ ਗਿਆ।ਇਸ ਨਾਲ ਪੰਜਾਬ ਦੇ ਨੌਜੁਆਨਾਂ ਵਿਚ ਹੁਨਰ ਵਿਕਾਸ ਅਤੇ ਉਦਯੋਗਪਤੀਆਂ ਨੂੰ ਵਧੇਰੇ ਵਿਕਸਤ ਕਰਨ ਲਈ ਮਦਦ ਮਿਲੇਗੀ।
ਇਸ ਸਮਝੌਤੇ `ਤੇ ਯੂਨੀਵਰਸਿਟੀ ਵੱਲੋਂ ਵਾਈਸ ਚਾਂਸਲਰ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਅਤੇ ਪੀਐਚਡੀ ਚੈਂਬਰ ਵੱਲੋਂ ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਪ੍ਰਧਾਨ ਅਨਿਲ ਖੇਤਨ ਨੇ ਹਸਤਾਖਰ ਕੀਤੇ।ਚੇਅਰਪਰਸਨ ਸ਼੍ਰੀਮਤੀ ਅੰਜੂ ਬਜਾਜ, ਸਕੱਤਰ ਸ਼੍ਰੀਮਤੀ ਕੰਚਨ ਜੁੱਛੀ, ਡੀਨ ਅਕਾਦਮਿਕ ਮਾਮਲੇ ਪ੍ਰੋ. ਕਮਲਜੀਤ ਸਿੰਘ, ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ, ਯੂਨੀਵਰਸਿਟੀ ਇੰਡਸਟਰੀ ਲਿੰਕੇਜ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਪ੍ਰੀਤ ਮੋਹਿੰਦਰ ਸਿੰਘ ਬੇਦੀ ਤੋਂ ਇਲਾਵਾ ਪੰਜਾਬ ਦੇ ਉਘੇ ਉਦਯੋਗਪਤੀ ਜੈਦੀਪ ਸਿੰਘ, ਦੀਪਕ ਖੰਨਾ, ਪੀ.ਐਲ ਸੇਠ, ਰਾਜੀਵ ਖੰਨਾ, ਜਸਦੀਪ ਸਿੰਘ ਮਕੜ ਤੇ ਰਾਕੇਸ਼ ਠੁਕਰਾਲ ਆਦਿ ਹਾਜ਼ਰ ਸਨ।
ਡਾ. ਪ੍ਰੀਤ ਮੋਹਿੰਦਰ ਸਿੰਘ ਬੇਦੀ ਕੋਆਰਡੀਨੇਟਰ ਯੂਨੀਵਰਸਿਟੀ ਇੰਡਸਟਰੀ ਲਿੰਕੇਜ ਪ੍ਰੋਗਰਾਮ ਨੇ ਦੱਸਿਆ ਕਿ ਦੋਵਾਂ ਧਿਰਾਂ ਨੇ ਭਾਰਤ ਦੀ ਵਿਕਾਸ ਨੂੰ ਅਗੇ ਵਧਾਉਣ ਲਈ ਸਾਂਝੇ ਹਿੱਤਾਂ `ਤੇ ਕੰਮ ਕਰਨ ਲਈ ਸਹਿਮਤੀ ਦਿੱਤੀ। ਹੈ।ਇਸ ਸਮਝੌਤੇ ਅਧੀਨ ਉਦਯੋਗ ਅਤੇ ਸਿੱਖਿਆ ਨਾਲ ਸਬੰਧ ਮਜ਼ਬੂਤ ਹੋਣਗੇ ਅਤੇ ਸਾਂਝੇ ਤੌਰ `ਤੇ ਸਨਅਤਾਂ ਵਿਚ ਖੋਜ ਪ੍ਰੋਜੈਕਟ, ਸਲਾਹ-ਮਸ਼ਵਰੇ, ਉਦਯੋਗਿਕ ਟੈਸਟਿੰਗ, ਪੇਟੈਂਟਨੈਸ, ਸਪਾਂਸਰ ਕੀਤੇ ਉਦਯੋਗਿਕ ਖੋਜ ਪ੍ਰਾਜੈਕਟਾਂ ਤੋਂ ਇਲਾਵਾ ਉਦਯੋਗ ਅਤੇ ਯੂਨੀਵਰਸਿਟੀ ਵੱਲੋਂ ਸਾਂਝੇ ਖੋਜ ਕਾਰਜਾਂ ਅਤੇ ਹੋਰ ਸਰਗਰਮੀਆਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ।
ਇਸ ਸਮਝੌਤੇ ਅਧੀਨ ਸਨਅਤਾਂ ਵਿੱਚ ਕੰਮ ਕਰਨ ਵਾਲਿਆਂ ਨੂੰ ਉਨ੍ਹਾਂ ਦੀ ਲੋੜ ਅਨੁਸਾਰ ਸਿਖਿਅਤ ਕੀਤਾ ਜਾਵੇਗਾ ਤਾਂ ਉਚੇਰੀ ਸਿਖਿਆ ਪ੍ਰਾਪਤ ਕਰ ਸਕਣ।ਪ੍ਰੋਫੈਸਰ ਸੰਧੂ ਨੇ ਕਿਹਾ ਕਿ ਪੰਜਾਬ ਲਈ ਇਕ ਵੱਡਾ ਵਿਕਾਸ ਮੰਤਵ ਆਪਣੇ ਮਾਨਵ ਸਰੋਤ, ਖਾਸ ਤੌਰ `ਤੇ ਨੌਜਵਾਨਾਂ ਨੂੰ ਮਜ਼ਬੂਤੀ ਦੇਣਾ ਹੈ ਤਾਂ ਕਿ ਉਨ੍ਹਾਂ ਨੂੰ ਹੁਨਰਮੰਦ ਬਣਾਇਆ ਜਾ ਸਕੇ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਸਕਣ।ਉਨ੍ਹਾਂ ਕਿਹਾ ਕਿ ਅਸੀਂ ਪੀ.ਐਚ.ਡੀ.ਸੀ.ਆਰ ਦੇ ਨਾਲ ਪੰਜਾਬ ਦੇ ਉਦਯੋਗਪਤੀਆਂ ਅਤੇ ਵਪਾਰਕ ਵਿਕਾਸ ਦੇ ਨੈਟਵਰਕ ਵਿੱਚ ਬਿਹਤਰ ਪ੍ਰੋਗਰਾਮਾਂ ਦੇ ਆਦਾਨ ਪ੍ਰਦਾਨ ਲਈ ਕੰਮ ਕਰਨਾ ਚਾਹੁੰਦੇ ਹਾਂ।
ਅਨਿਲ ਖੇਤਾਨ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਤਕਨੀਕੀ ਅਤੇ ਇਨੋਵੇਸ਼ਨ ਸਹਾਇਤਾ ਕੇਂਦਰ ਨੈਟਵਰਕ ਸਥਾਪਤ ਕਰਨ ਵਿੱਚ ਮਦਦ ਕਰੇਗੀ, ਜੋ ਕਿ ਯੂਨੀਵਰਸਿਟੀਆਂ ਵਿੱਚ ਉੱਚ ਗੁਣਵੱਤਾ ਦੀ ਤਕਨਾਲੋਜੀ ਸਬੰਧੀ ਜਾਣਕਾਰੀ ਅਤੇ ਸਬੰਧਿਤ ਸੇਵਾਵਾਂ ਲਈ ਨਵੀਆਂ ਤਕਨੀਕਾਂ ਦੀ ਜਾਣਕਾਰੀ ਮੁਹੱਈਆ ਕਰੇਗੀ।ਮਿਸਟਰ ਖੇਤਾਨ ਅਤੇ ਹੋਰ ਉਦਯੋਗਪਤੀਆਂ ਨੇ ਉਦਯੋਗਾਂ ਅਤੇ ਯੂਨੀਵਰਸਟੀ ਦਰਮਿਆਨ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਚੁੱਕੇ ਇਸ ਕਦਮ ਦੀ ਸ਼ਲ਼ਾਘਾ ਕੀਤੀ।ਉਨ੍ਹਾਂ ਆਸ ਪ੍ਰਗਟਾਈ ਕਿ ਇਸ ਸਮਝੌਤੇ ਨਾਲ ਨੌਜੁਆਨਾਂ ਨੂੰ ਵਧੇਰੇ ਲਾਭ ਪਹੁੰਚੇਗਾ।ਪ੍ਰੋ. ਪ੍ਰੀਤ ਮੋਹਿੰਦਰ ਸਿੰਘ ਬੇਦੀ ਨੇ ਕਿਹਾ ਕਿ ਇਹ ਯੂਨੀਵਰਸਿਟੀ ਪਿਛਲੇ ਕਈ ਸਾਲਾਂ ਤੋਂ ਸਮਾਜ ਵਿੱਚ ਮਿਆਰੀ ਸਿਖਿਆ ਪ੍ਰਦਾਨ ਕਰਨ ਲਈ ਕੰਮ ਕਰ ਰਿਹਾ ਹੈ ਅਤੇ ਇਸ ਖੇਤਰ ਵਿੱਚ ਉਤਮਤਾ ਦਾ ਕੇਂਦਰ ਬਣਨ ਦੀ ਵਚਨਬੱਧਤਾ ਨੂੰ ਦੁਹਰਾਇਆ ਹੈ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media