ਪਾਣੀ ਸਾਫ ਕਰਨ ਤੋਂ ‘ਨੀਰੀ’ ਨੇ ਕੀਤੇ ਹੱਥ ਖੜ੍ਹੇ – ਸਿੱਧੂ
ਅੰਮ੍ਰਿਤਸਰ, 29 ਅਪ੍ਰੈਲ (ਪੰਜਾਬ ਪੋਸਟ – ਮਨਜੀਤ ਸਿੰਘ) – ਅੰਮ੍ਰਿਤਸਰ ਸ਼ਹਿਰ ਨੂੰ ਸਮਾਰਟ ਸਿਟੀ ਵਜੋਂ ਵਿਕਸਿਤ ਕਰਨ ਵਾਸਤੇ ਸਮਾਰਟ ਸਿਟੀ ਦੀ
ਕੇਂਦਰ ਤੋਂ ਆਈ ਟੀਮ ਨੇ ਜਿਸ ਸੰਸਥਾ ਨੂੰ ਸ਼ਹਿਰ ਦੇ ਗੰਦਾ ਪਾਣੀ ਸਾਫ ਕਰਨ ਲਈ ਰਾਜ਼ੀ ਕੀਤਾ ਸੀ ਅਤੇ ਪੰਜਾਬ ਸਰਕਾਰ ਦੀ ਤਰਫੋਂ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਸ ਸੰਸਥਾ ਨਾਲ ਸਮਝੌਤਾ ਕੀਤਾ ਸੀ, ਉਹ ਸੰਸਥਾ ਸ਼ਹਿਰ ਦਾ ਬਦ ਤੋਂ ਬਦਤਰ ਹੋਇਆ ਪਾਣੀ ਵੇਖ ਕੇ ਭੱਜ ਗਈ ਹੈ।ਇਹ ਖੁਲਾਸਾ ਕਰਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ (ਆਈ.ਆਈ.ਟੀ) ਦਿੱਲੀ ਦੀ ਸੰਸਥਾ ਨੀਰੀ (ਨੈਸ਼ਨਲ ਇਨਵਾਇਰਮੈਂਟ ਇੰਜੀਨੀਅਰਿੰਗ ਰੀਸਰਚ ਇੰਸਟੀਚਿਊਟ) ਨੇ ਇਹ ਕੰਮ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪਾਣੀ ਵਿਚ ਗੰਦਗੀ ਦੀ ਮਾਤਰਾ ਸਬੰਧੀ ਦਿੱਤੇ ਹੋਏ ਅੰਕੜੇ ਵੇਖ ਕੇ ਸ਼ੁਰੂ ਕਰਨ ਦਾ ਫੈਸਲਾ ਲਿਆ ਸੀ, ਪਰ ਜਿਉਂ ਹੀ ਉਨਾਂ ਨੇ ਖ਼ੁਦ ਇਸ ਗੰਦੇ ਪਾਣੀ ਦੀ ਜਾਂਚ ਕੀਤੀ ਤਾਂ ਇਸ ਦੀ ਗੰਦਗੀ ਵੇਖ ਕੇ ਉਨਾਂ ਹੱਥ ਖੜ੍ਹੇ ਕਰ ਦਿੱਤੇ।
ਸਿੱਧੂ ਨੇ ਨੀਰੀ ਵੱਲੋਂ ਆਏ ਪੱਤਰ ਦਾ ਹਵਾਲਾ ਦਿੰਦੇ ਕਿਹਾ ਕਿ ਸੰਸਥਾ ਅਨੁਸਾਰ ਉਹ ਕਿਸੇ ਵੀ ਸ਼ਹਿਰ ਦਾ ਪਾਣੀ 60 ਤੋਂ 70 ਫੀਸਦੀ ਜੈਵਿਕ ਢੰਗ, ਜਿਸ ਅਨੁਸਾਰ ਪਾਣੀ ਵਿਚ ਪੌਦੇ ਲਗਾ ਕੇ ਦੂਸ਼ਿਤ ਮਾਦਾ ਘੱਟ ਕੀਤਾ ਜਾਂਦਾ ਹੈ, ਨਾਲ ਸਾਫ ਕਰ ਸਕਦੇ ਹਨ, ਪਰ ਅੰਮ੍ਰਿਤਸਰ ਸ਼ਹਿਰ ਦੇ ਗੰਦੇ ਪਾਣੀ ਦੇ ਆਏ ਅੰਕੜੇ ਇਸ ਤਕਨੀਕ ਨਾਲ ਸਾਫ ਨਹੀਂ ਹੋ ਸਕਦੇ, ਕਿਉਂਕਿ ਜੇਕਰ ਇਹ 70 ਫੀਸਦੀ ਤੱਕ ਸਾਫ ਵੀ ਕਰ ਦਿੱਤਾ ਜਾਵੇ ਤਾਂ ਵੀ ਜ਼ਹਿਰੀਲਾ ਮਾਦਾ ਮਨੁੱਖ ਲਈ ਬਰਦਾਸ਼ਤ ਕਰ ਸਕਣ ਦੀ ਸਮਰੱਥਾ ਤੋਂ ਕਿਤੇ ਵੱਧ ਰਹੇਗਾ।
ਸਿੱਧੂ ਨੇ ਦੱਸਿਆ ਕਿ ਗੰਦੇ ਪਾਣੀ ਵਿਚ ਸੀ.ਓ.ਡੀ (ਕੈਮੀਕਲ ਆਕਸੀਜਨ ਡਿਮਾਂਡ) 250 ਤੱਕ ਚਾਹੀਦਾ ਹੈ, ਪਰ ਅੰਮ੍ਰਿਤਸਰ ਦੇ ਗੰਦੇ ਪਾਣੀ ਵਿਚ ਇਹ 1346 ਤੋਂ ਵੀ ਵੱਧ ਹੈ।ਇਸੇ ਤਰਾਂ ਟੋਟਲ ਸਸਪੈਂਡਿਡ ਸਾਲਿਡ (ਟੀ.ਐਸ.ਐਸ) ਦੀ ਮਾਤਰਾ 100 ਤੋਂ ਹੇਠਾਂ ਚਾਹੀਦੀ ਹੈ, ਪਰ ਸਾਡੇ ਪਾਣੀ ਵਿਚ 1455 ਹੈ।ਇਸੇ ਤਰਾਂ ਬੀ.ਓ.ਡੀ (ਬਾਇਓ ਕੈਮੀਕਲ ਆਕਸੀਜਨ ਡਿਮਾਂਡ) 30 ਤੋਂ ਹੇਠਾਂ ਹੋਣਾ ਚਾਹੀਦਾ ਹੈ, ਜੋ ਕਿ ਅੰਮ੍ਰਿਤਸਰ ਦੇ ਗੰਦੇ ਪਾਣੀ ਵਿਚ 180 ਤੋਂ ਵੀ ਵੱਧ ਹੈ।ਸਿੱਧੂ ਨੇ ਕਿਹਾ ਕਿ ਪਾਣੀ ਵਿਚ ਇੰਨੀ ਜ਼ਿਆਦਾ ਗੰਦਗੀ ਨੀਰੀ ਆਪਣੀ ਤਕਨੀਕ ਨਾਲ ਸਾਫ ਨਹੀਂ ਕਰ ਸਕਦੀ।ਉਨਾਂ ਦੱਸਿਆ ਕਿ ਨੀਰੀ ਨਾਲ ਇਕਰਾਰ ਕਰਨ ਤੋਂ ਬਾਅਦ ਇਹ ਮੁੱਦਾ ਕੈਬਿਨਟ ਦੀ ਪ੍ਰਵਾਨਗੀ ਲਈ ਤਿਆਰ ਸੀ, ਪਰ ਹੁਣ ਨੀਰੀ ਦੇ ਹੱਥ ਖੜ੍ਹੇ ਕਰਨ ਨਾਲ ਫਿਰ ਰੁੱਕ ਗਿਆ ਹੈ। ਉਨਾਂ ਕਿਹਾ ਕਿ ਉਹ ਹੁਣ ਇਹ ਮੁੱਦਾ ਦੁਬਾਰਾ ਮੁੱਖ ਮੰਤਰੀ ਪੰਜਾਬ ਕੋਲ ਖੜ ਕੇ ਨਵੀਂ ਤਕਨੀਕ ਨਾਲ ਸ਼ਹਿਰ ਦਾ ਗੰਦਾ ਪਾਣੀ ਸਾਫ ਕਰਨ ਦੀ ਮੰਗ ਕਰਨਗੇ, ਉਥੇ ਬਰਸਾਤੀ ਨਾਲਿਆਂ ਵਿਚ ਗੰਦਾ ਪਾਣੀ ਸੁੱਟਣ ਵਾਲੀਆਂ ਸਨਅਤਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਵੀ ਕਰਨਗੇ।ਉਨਾਂ ਕਿਹਾ ਕਿ ਮਨੁੱਖੀ ਸਿਹਤ ਨਾਲ ਕਿਸੇ ਨੂੰ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ ਅਤੇ ਅਜਿਹੇ ਦੋਸ਼ੀਆਂ ਨੂੰ ਹਰ ਹਾਲਤ ਰੋਕਿਆ ਜਾਵੇਗਾ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media