
ਅੰਮ੍ਰਿਤਸਰ 9 ਅਗਸਤ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਖ-ਵੱਖ ਅਖਬਾਰਾਂ ਵਿੱਚ ਆਏ ਬਿਆਨਾਂ ਦੇ ਆਧਾਰ ‘ਤੇ ‘ਇਮੀਗ੍ਰੇਸ਼ਨ ਕੈਨੇਡਾ ਵਾਚ’ ਨਾਂਅ ਹੇਠ ਗਰੇਟ ਟੋਰਾਂਟੋ ਖੇਤਰ ਵਿੱਚ ਸਿੱਖਾਂ ਖਿਲਾਫ ਵੰਡੇ ਗਏ ਨਫਰਤ ਭਰੇ ਪੋਸਟਰਾਂ ਦੀ ਸਖਤ ਨਿੰਦਾ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।
ਦਫਤਰ ਸ਼੍ਰੋਮਣੀ ਕਮੇਟੀ ਤੋਂ ਜਾਰੀ ਪ੍ਰੈਸ ਨੋਟ ਵਿੱਚ ਉਨ੍ਹਾਂ ਕਿਹਾ ਕਿ ਬਹੁਗਿਣਤੀ ਸਿੱਖ ਪਿਛਲੇ ਲੰਮੇ ਸਮੇਂ ਤੋਂ ਕੈਨੇਡਾ ਵਿੱਚ ਰਹਿ ਰਹੇ ਹਨ ਅਤੇ ਇਥੋਂ ਦੇ ਵਿਕਾਸ ਕਾਰਜਾਂ ਵਿੱਚ ਵੱਡੇ ਪੱਧਰ ‘ਤੇ ਯੋਗਦਾਨ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖ ਕੌਮ ਸਦਾ ਸਰਬੱਤ ਦਾ ਭਲਾ ਮੰਗਦੀ ਆਈ ਹੈ, ਪਰ ਨਸਲੀ ਭੇਦ-ਭਾਵ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਬਰੈਂਪਟਨ ਸ਼ਹਿਰ ਵਿੱਚ ਸਿੱਖ ਵਿਰੋਧੀ ਪਰਚੇ ਵੰਡੇ ਗਏ ਸਨ ਤੇ ਹੁਣ ਮੁੜ ਸਿੱਖਾਂ ਦੇ ਕੈਨੇਡਾ ਵਿੱਚ ਦਾਖਲੇ ਨੂੰ ਰੋਕਣ ਲਈ ਘਿਨਾਉਣੀ ਹਰਕਤ ਵਾਲੇ ਪੋਸਟਰ ਵੰਡੇ ਗਏ ਹਨ ਜੋ ਠੀਕ ਨਹੀਂ। ਉਨ੍ਹਾਂ ਕਿਹਾ ਕਿ ਸਿੱਖਾਂ ਖਿਲਾਫ ਨਸਲੀ ਵਿਤਕਰੇ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ ਜੋ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕੈਨੇਡਾ ਸਰਕਾਰ ਨੂੰ ਅਪੀਲ ਕੀਤੀ ਕਿ ‘ਇਮੀਗ੍ਰੇਸ਼ਨ ਕੈਨੇਡਾ ਵਾਚ’ ਨਾਮਕ ਸੰਸਥਾ ਜਾਂ ਜਿਹੜੇ ਵੀ ਇਸ ਘਟਨਾ ਲਈ ਜਿੰਮੇਵਾਰ ਹਨ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਠੋਸ ਉਪਰਾਲੇ ਕੀਤੇ ਜਾਣ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media