ਸ਼੍ਰੌਮਣੀ ਕਮੇਟੀ ਪ੍ਰਧਾਨ ਨੇ ਭਾਰਤ ਸਰਕਾਰ, ਅਮਰੀਕਾ ਤੇ ਨਿਊਜੀਲੈਂਡ ਦੇ ਦੂਤਾਵਾਸ ਨੂੰ ਲਿਖੀ ਚਿੱਠੀ
ਅੰਮ੍ਰਿਤਸਰ, 10 ਅਗਸਤ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਨਿਊਯਾਰਕ ਦੇ ਕੁਈਨਜ਼ ਇਲਾਕੇ ਵਿਚ ਸਿੱਖ ਵਿਗਿਆਨੀ ਅਤੇ ਉਸ ਦੀ ਮਾਤਾ ‘ਤੇ ਹੋਏ ਨਸਲੀ ਹਮਲੇ ਅਤੇ ਨਿਊਜੀਲੈਂਡ ਵਿੱਚ ਦਵਿੰਦਰ ਸਿੰਘ ਨਾਮ ਦੇ ਸਿੱਖ ਨੂੰ ਗੋਰਿਆਂ ਵੱਲੋਂ ਜਾਨ ਤੋਂ ਮਾਰਨ ਦੀ ਸਖ਼ਤ ਨਿਖੇਧੀ ਕੀਤੀ ਹੈ। ਸ਼੍ਰੋਮਣੀ ਕਮੇਟੀ ਦੇ ਬੁਲਾਰੇ ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਉਨ੍ਹਾਂ ਕਿਹਾ ਕਿ ਪਹਿਲਾਂ ਵੀ ਵਿਦੇਸ਼ਾਂ ਵਿਚ ਸਿੱਖਾਂ ਤੇ ਨਸਲੀ ਹਮਲੇ ਹੋ ਚੁੱਕੇ ਹਨ ਅਤੇ ਹੁਣ ਫੇਰ ਕੁਝ ਗੋਰਿਆਂ ਵਲੋਂ ਸਿੱਖ ਵਿਗਿਆਨੀ ਨੂੰ ਓਸਾਮਾ ਬਿਨ ਲਾਦੇਨ ਕਹਿ ਕੇ ਉਸ ਉਪਰ ਅਤੇ ਉਸ ਦੀ ਮਾਤਾ ਉਪਰ ਨਸਲੀ ਹਮਲਾ ਕਰਨਾ ਅਤੇ ਇਕ ਸਿੱਖ ਵਿਅਕਤੀ ਦਵਿੰਦਰ ਸਿੰਘ ਤੇ ਚਾਕੂਆਂ ਨਾਲ ਹਮਲਾ ਕਰਕੇ ਉਸ ਨੂੰ ਜਾਨੋ ਮਾਰ ਦੇਣਾ ਅਤਿ ਚਿੰਤਾਜਨਕ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਸਿੱਖ ਇਕ ਵੱਖਰੀ ਅਤੇ ਨਿਰਾਲੀ ਕੌਮ ਹੈ। 1699 ਈਸਵੀ ਵਿਚ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਖੰਡੇ ਬਾਟੇ ਦੀ ਪਾਹੁਲ (ਅੰਮ੍ਰਿਤ ਛਕਾ ਕੇ) ਪੰਜ ਕਕਾਰਾਂ ਦੇ ਧਾਰਨੀ ਹੋਣ ਲਈ ਪ੍ਰੇਰਿਆ। ਅੱਜ ਕਲਗੀਧਰ ਦਾ ਨਿਰਾਲਾ ਖਾਲਸਾ ਦੇਸ਼ਾਂ-ਵਿਦੇਸ਼ਾਂ ਵਿਚ ਆਪਣੀ ਸਾਬਤ ਸੂਰਤ ਸ਼ਾਨ ਸਦਕਾ ਜਿੱਥੇ ਮਾਣ-ਸਨਮਾਨ ਹਾਸਲ ਕਰ ਰਿਹਾ ਹੈ ਓਥੇ ਕੁਝ ਵਿਦੇਸ਼ੀ ਬਾਸ਼ਿੰਦੇ ਉਨ੍ਹਾਂ ਨੂੰ ਆਤੰਕਵਾਦੀ ਸਮਝ ਕੇ ਸਿੱਖਾਂ ਤੇ ਨਸਲੀ ਹਮਲੇ ਕਰ ਰਹੇ ਹਨ ਤੇ ਉਨ੍ਹਾਂ ਨੂੰ ਆਪਣੇ ਵਤਨ ਪਰਤਨ ਲਈ ਕਹਿ ਰਹੇ ਹਨ।ਉਨ੍ਹਾਂ ਕਿਹਾ ਕਿ ਸਿੱਖ ਇਕ ਬਹਾਦਰ, ਨਿਡੱਰ, ਮਿਹਨਤੀ ਅਤੇ ਸਰਬੱਤ ਦਾ ਭਲਾ ਚਾਹੁਣ ਵਾਲੀ ਕੌਮ ਹੈ।ਸਿੱਖ ਕੌਮ ਕਦੇ ਵੀ ਕਿਸੇ ਦਾ ਬੁਰਾ ਨਹੀਂ ਚਿਤਾਰਦੀ ਅਤੇ ਹਰ ਧਰਮ ਦਾ ਸਤਿਕਾਰ ਕਰਦੀ ਹੈ।ਜਥੇਦਾਰ ਅਵਤਾਰ ਸਿੰਘ ਨੇ ਵਿਦੇਸ਼ਾਂ ਵਿਚ ਰਹਿ ਰਹੇ ਸਿੱਖਾਂ, ਸਿੱਖ ਧਾਰਮਿਕ ਜਥੇਬੰਦੀਆਂ, ਗੁਰਦੁਆਰਾ ਕਮੇਟੀਆਂ, ਸਭਾਂ ਸੁਸਾਇਟੀਆਂ ਅਤੇ ਓਥੇ ਰਹਿ ਰਹੇ ਸਿੱਖ ਬੁੱਧੀਜੀਵੀਆਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਓਥੋਂ ਦੇ ਬਾਸ਼ਿੰਦਿਆਂ ਅਤੇ ਸਰਕਾਰਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਆਪਣੇ ਸਿੱਖ ਹੋਣ ਦੀ ਪਹਿਚਾਣ ਕਰਾਉਣ ਅਤੇ ਆਪਣੇ ਧਰਮ ਅਤੇ ਪਹਿਰਾਵੇ ਸਬੰਧੀ ਜਾਣਕਾਰੀ ਦੇਣ ਤਾਂ ਜੋ ਵਿਦੇਸ਼ਾਂ ਵਿਚ ਸਿੱਖਾਂ ਨਾਲ ਹੋ ਰਹੇ ਧੱਕੇ ਨੂੰ ਰੋਕ ਕੇ ਸਿੱਖ ਕੌਮ ਦੇ ਮਾਣ-ਸਨਮਾਨ ਨੂੰ ਬਹਾਲ ਰੱਖਿਆ ਜਾ ਸਕੇ। ਉਨ੍ਹਾਂ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਪੱਤਰਕਾ ਲਿਖਦਿਆਂ ਕਿਹਾ ਕਿ ਉੇਹ ਆਪਣੇ ਵਿਦੇਸ਼ ਮੰਤਰਾਲੇ ਰਾਹੀਂ ਅਮਰੀਕਾ, ਨਿਊਜੀਲੈਂਡ ਅਤੇ ਬਾਕੀ ਸਾਰੇ ਮੁਲਕਾਂ ਨਾਲ ਸੰਪਰਕ ਕਰਕੇ ਸਿੱਖ ਕੌਮ ਬਾਰੇ ਜਾਣਕਾਰੀ ਮੁਹੱਈਆ ਕਰਵਾਉਣ ਤਾਂ ਜੋ ਭਵਿੱਖ ਵਿਚ ਹੋਣ ਵਾਲੀਆਂ ਮੰਦਭਾਗੀਆਂ ਘਟਨਾਵਾਂ ਨੂੰ ਠੱਲ੍ਹ ਪਾਈ ਜਾ ਸਕੇ। ਉਨ੍ਹਾਂ ਦੱਸਿਆ ਕਿ ਜਥੇਦਾਰ ਅਵਤਾਰ ਸਿੰਘ ਨੇ ਦਿੱਲੀ ਵਿਖੇ ਸਥਿਤ ਅਮਰੀਕਾ ਅਤੇ ਨਿਊਜੀਲੈਂਡ ਦੇ ਦੂਤਾਵਾਸ ਨੂੰ ਆਪਣੇ ਵੱਲੋਂ ਭੇਜੇ ਜਾਣ ਵਾਲੇ ਡੈਲੀਗੇਟ ਦੇ ਮਿਲਣ ਬਾਰੇ ਪੱਤਰਕਾ ਰਾਹੀਂ ਸਮਾਂ ਮੰਗਿਆ ਹੈ।ਇਹ ਡੈਲੀਗੇਟ ਸਿੱਖਾਂ ਤੇ ਹੋ ਰਹੇ ਨਸਲੀ ਹਮਲਿਆਂ ਨੂੰ ਰੋਕਣ ਬਾਰੇ ਅਤੇ ਜਿਨ੍ਹਾਂ ਗੋਰਿਆਂ ਲੜਕਿਆਂ ਤੇ ਲੜਕੀਆਂ ਨੇ ਇਨ੍ਹਾਂ ਮੰਦਭਾਗੀ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਹੈ ਉਨ੍ਹਾਂ ਤੇ ਸਖ਼ਤ ਕਨੂੰਨੀ ਕਾਰਵਾਈ ਕਰਨ ਬਾਰੇ ਜੋਰ ਦੇਵੇਗਾ ਤਾਂ ਜੋ ਆਏ ਦਿਨ ਵਿਦੇਸ਼ੀ ਬਾਸ਼ਿੰਦਿਆਂ ਵੱਲੋਂ ਸਿੱਖਾਂ ਉੱਤੇ ਜੋ ਨਸਲੀ ਅਤੇ ਨਫ਼ਰਤੀ ਹਮਲੇ ਕੀਤੇ ਜਾ ਰਹੇ ਹਨ ਉਨ੍ਹਾਂ ਨੂੰ ਰੋਕਿਆ ਜਾ ਸਕੇ।