Friday, November 22, 2024

700 ਤੋਂ ਵੱਧ ਖਿਡਾਰੀਆਂ ਦਾ 2 ਕਰੋੜ ਨਕਦ ਤੇ ਟਰਾਫੀਆਂ ਨਾਲ ਸਨਮਾਨ

1000 ਖਿਡਾਰੀਆਂ ਨੂੰ ਸਲਾਨਾ ਮਿਲੇਗਾ ਪ੍ਰਤੀ ਖਿਡਾਰੀ ਪੰਜ ਲੱਖ ਵਜੀਫਾ – ਭਟਨਾਗਰ

PPN1105201811ਅੰਮ੍ਰਿਤਸਰ, 11 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਯੁਵਕ ਮਾਮਲੇ ਅਤੇ ਖੇਡਾਂ ਮੰਤਰਾਲੇ, ਭਾਰਤ ਸਰਕਾਰ ਦੇ ਸਕੱਤਰ ਰਾਹੁਲ ਭਟਨਾਗਰ ਆਈ.ਏ.ਐਸ ਨੇ ਕਿਹਾ ਹੈ ਕਿ ਸਿਹਤਮੰਦ ਸਮਾਜ ਦੀ ਉਸਾਰੀ ਲਈ ਭਾਰਤ ਸਰਕਾਰ ਖੇਡੋ ਇੰਡੀਆ ਪ੍ਰੋਗਰਾਮ ਤਹਿਤ ਲਿਆਂਦੀ ਗਈ ਖੇਡ ਨੀਤੀ ਰਾਹੀਂ ਦੇਸ ਵਿਚ ਖੇਡ ਸੱਭਿਆਚਾਰ ਨੂੰ ਪ੍ਰਫੁਲਤ ਕਰਨ ਜਾ ਰਹੀ ਹੈ ਜਿਸ ਦੇ ਨਾਲ ਖੇਡਾਂ ਪ੍ਰਤੀ ਆਮ ਲੋਕਾਂ ਵਿਚ ਪਾਈ ਜਾਂਦੀ ਭਾਵਨਾ ਬਦਲ ਰਹੀ ਹੈ ਅਤੇ ਲੋਕ ਖੇਡਾਂ ਪ੍ਰਤੀ ਆਪਣੀ ਦਿਲਚਸਪੀ ਵਧਾ ਰਹੇ ਹਨ।ਮੁੱਖ ਮਹਿਮਾਨ ਰਾਹੁਲ ਭਟਨਾਗਰ  ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਖੇ ਆਯੋਜਿਤ 48ਵੇਂ ਸਲਾਨਾ ਖੇਡ ਇਨਾਮ ਵੰਡ ਸਮਾਗਮ ਦੌਰਾਨ ਮੁੱਖ ਭਾਸ਼ਣ ਦੇ ਰਹੇ ਸਨ।ਇਸ ਸਮੇਂ ਅੰਤਰਰਾਸ਼ਟਰੀ, ਰਾਸ਼ਟਰੀ ਅਤੇ ਆਲ ਇੰਡੀਆ ਇੰਟਰ-ਵਰਸਿਟੀ ਪੱਧਰ ’ਤੇ ਵੱਖ-ਵੱਖ ਖੇਡਾਂ ਵਿੱਚ ਯੂਨੀਵਰਸਿਟੀ ਅਤੇ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੇ 700 ਤੋਂ ਵੱਧ ਖਿਡਾਰੀਆਂ ਨੂੰ 2 ਕਰੋੜ ਰੁਪਏ ਦੇ ਨਕਦ ਇਨਾਮ ਅਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ।ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲ, ਵਿਭਾਗਾਂ ਦੇ ਮੁਖੀ, ਖੇਡ ਸ਼ਖਸ਼ੀਅਤਾਂ ਤੇ ਕੋਚਾਂ ਨੂੰ ਵੀ ਸਨਮਾਨਿਆ ਗਿਆ।
ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼ ਨਵੀਂ ਦਿੱਲੀ ਦੇ ਜੁਆਇੰਟ ਸਕੱਤਰ ਡਾ. ਗੁਰਦੀਪ ਸਿੰਘ ਅਤੇ ਮਿਸ ਲਲਿਤਾ ਸ਼ਰਮਾ ਡਾਇਰੈਕਟਰ ਇੰਚਾਰਜ ਸਪੋਰਟਸ ਅਥਾਰਟੀ ਵੀ ਵਿਸ਼ੇਸ਼ ਮਹਿਮਾਨ ਵਜੋਂ ਹਾਜਰ ਸਨ, ਜਦਕਿ ਸਮਾਗਮ ਦੀ ਪ੍ਰਧਾਨਗੀ ਵਾਈਸ ਚਾਂਸਲਰ ਪ੍ਰੋਫੈਸਰ ਜਸਪਾਲ ਸਿੰਘ ਸੰਧੂ ਨੇ ਕੀਤੀ।
48ਵੇਂ ਇਨਾਮ ਵੰਡ ਸਮਾਰੋਹ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਤਰ-ਕਾਲਜ (ਪੁਰਸ਼ਾਂ) ਦੀ ’ਏ’ ਡਵੀਜ਼ਨ ਦੀ ਓਵਰਆਲ ਜਨਰਲ ਚੈਂਪੀਅਨਸ਼ਿਪ ਟਰਾਫੀ ਹਾਸਲ ਕੀਤੀ ਜਦੋਂਕਿ ਲਾਇਲਪੁਰ ਖਾਲਸਾ ਕਾਲਜ, ਜਲੰਧਰ ਦੂਜੇ ਸਥਾਨ ਅਤੇ ਡੀ.ਏ.ਵੀ ਕਾਲਜ, ਅੰਮ੍ਰਿਤਸਰ ਤੀਜੇ ਸਥਾਨ ’ਤੇ ਰਿਹਾ।ਅੰਤਰ-ਕਾਲਜ (ਪੁਰਸ਼ਾਂ) ਦੀ ’ਬੀ’ ਡਵੀਜ਼ਨ ਓਵਰਆਲ ਜਨਰਲ ਚੈਂਪੀਅਨਸ਼ਿਪ ਟਰਾਫੀ ਐਸ.ਐਸ.ਐਮ ਕਾਲਜ ਦੀਨਾਨਗਰ ਨੇ ਪ੍ਰਾਪਤ ਕੀਤੀ ਅਤੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ ਦੂਜੇ ਸਥਾਨ ’ਤੇ ਰਿਹਾ ਅਤੇ ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਤੀਜੇ ਸਥਾਨ ’ਤੇ ਰਿਹਾ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਤਰ-ਕਾਲਜ (ਇਸਤਰੀਆਂ) ’ਏ’ ਡਵੀਜ਼ਨ ਦੀ ਓਵਰਆਲ ਜਨਰਲ ਚੈਂਪੀਅਨਸ਼ਿਪ ਟਰਾਫੀ ਬੀ.ਬੀ.ਕੇ. ਡੀ.ਏ.ਵੀ. ਕਾਲਜ ਫਾਰ ਵੁਮੇਨ ਅੰਮ੍ਰਿਤਸਰ ਨੇ ਜਿੱਤੀ। ਐਚ.ਐਮ.ਵੀ ਜਲੰਧਰ ਦੂਜੇ ਸਥਾਨ ’ਤੇ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਤੀਜੇ ਸਥਾਨ ’ਤੇ ਰਿਹਾ।ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਤਰ-ਕਾਲਜ (ਇਸਤਰੀਆਂ) ’ਬੀ’ ਡਵੀਜ਼ਨ ਦੀ ਓਵਰਆਲ ਜਨਰਲ ਚੈਂਪੀਅਨਸ਼ਿਪ ਟਰਾਫੀ ਐਸ.ਡੀ.ਐਸ.ਪੀ.ਐਮ ਕਾਲਜ ਫਾਰਮ ਵਿਮਨ ਰਈਆ ਨੇ ਜਿੱਤੀ ਅਤੇ ਜੀ.ਐਨ ਕਾਲਜ ਸਰਹਾਲੀ ਦੂਜੇ ਤੇ ਐਸ.ਐਨ ਕਾਲਜ ਅੰਮ੍ਰਿਤਸਰ ਤੀਜੇ ਸਥਾਨ ’ਤੇ ਰਿਹਾ ।
       ਸ਼ਹੀਦ ਭਗਤ ਸਿੰਘ ਯਾਦਗਾਰੀ ਓਵਰਆਲ ਚੈਂਪੀਅਨ ਟਰਾਫੀ (2016-2017) ਲਾਇਲਪੁਰ ਖਾਲਸਾ ਕਾਲਜ ਜਲੰਧਰ ਨੂੰ ਦਿੱਤੀ ਗਈ ਜਦੋਂਕਿ ਖਾਲਸਾ ਕਾਲਜ ਅੰਮਿ੍ਰਤਸਰ ਦੂਜੇ ਸਥਾਨ ’ਤੇ ਰਿਹਾ।ਇਸ ਤੋਂ ਪਹਿਲਾਂ ਡਾਇਰੈਕਟਰ ਸਪੋਰਟਸ ਡਾ. ਸੁਖਦੇਵ ਸਿੰਘ ਨੇ ਯੂਨੀਵਰਸਿਟੀ ਦੇੇ ਖੇਡ ਵਿਭਾਗ ਦੀਆਂ ਪ੍ਰਾਪਤੀਆਂ ’ਤੇ ਚਾਨਣਾ ਪਾਉਂਦਿਆਂ ਸਾਲਾਨਾ ਖੇਡ ਰਿਪੋਰਟ ਪੇਸ਼ ਕੀਤੀ।ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ 450 ਵੱਧ ਖਿਡਾਰੀਆਂ ਨੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੀਆਂ ਵੱਖ ਵੱਖ ਖੇਡਾਂ ਵਿਚ ਭਾਗ ਲਿਆ।ਯੂਨੀਵਰਸਿਟੀ ਸਪੋਰਟਸ ਕਮੇਟੀ ਮੈਨ ਦੇ ਪ੍ਰਧਾਨ ਤੇ ਲਾਇਲਪੁਰ ਖਾਲਸਾ ਕਾਲਜ, ਜਲੰਧਰ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਮੁੱਖ-ਮਹਿਮਾਨ ਅਤੇ ਖਿਡਾਰੀਆਂ ਦਾ ਸਵਾਗਤ ਕੀਤਾ। ਯੂਨੀਵਰਸਿਟੀ ਸਪੋਰਟਸ ਕਮੇਟੀ ਵਿਮਨ ਦੀ ਪ੍ਰਧਾਨ ਅਤੇ ਐਚ.ਐਮ.ਵੀ ਕਾਲਜ ਜਲੰਧਰ ਦੀ ਪ੍ਰਿੰਸੀਪਲ, ਡਾ. ਮਿਸਜ਼ ਅਜੈ ਸਰੀਨ ਨੇ  ਧੰਨਵਾਦ ਦਾ ਮਤਾ ਪੇਸ਼ ਕੀਤਾ। ਡੀਨ, ਅਕਾਦਮਿਕ ਮਾਮਲੇ, ਪ੍ਰੋ. ਕਮਲਜੀਤ ਸਿੰਘ, ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਤੋਂ ਇਲਾਵਾ ਬਹੁਤ ਸਾਰੇ ਅਧਿਕਾਰੀ ਤੇ ਕਰਮਚਾਰੀ ਇਸ ਮੌਕੇ ਤੇ ਹਾਜ਼ਰ ਸਨ।
 ਪ੍ਰਸਿੱਧ ਅੰਤਰਰਾਸ਼ਟਰੀ ਖਿਡਾਰੀ ਨਵਦੀਪ ਕੌਰ ਢਿਲੋਂ ਨੇ ਵੀ ਖਿਡਾਰੀਆਂ ਨੂੰ ਮਿਹਨਤ ਤੇ ਲਗਨ ਨਾਲ ਖੇਡਾਂ ਪ੍ਰਤੀ ਸਮਰਪਿਤ ਹੋਣ ਲਈ ਕਿਹਾ।
2020, 2024, 2028 ਦੀਆਂ ਓਲੰਪਿਕ ਖੇਡਾਂ ਅਤੇ ਹੋਰ ਆਉਣ ਵਾਲੀਆਂ ਖੇਡਾਂ ’ਚ ਵੱਧ ਤੋਂ ਵੱਧ ਮੈਡਲ ਦੇ ਟੀਚੇ ਤੋਂ ਜਾਣੂ ਕਰਵਾਉਂਦਿਆਂ ਉਨ੍ਹਾਂ ਦੱਸਿਆ ਕਿ ਇਸ ਲਈ ਇਕ ਵਿਸ਼ੇਸ਼ ਖੇਡ ਨੀਤੀਆਂ ਤਿਆਰ ਕੀਤੀਆਂ ਗਈਆਂ ਹਨ ਜਿਸ ਨੂੰ ਸਕੂਲ ਪੱਧਰ ਤੋਂ ਅਮਲੀ ਰੂਪ ਦਿੱਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਪ੍ਰਤੀ ਨੌਜੁਆਨਾਂ ਨੂੰ ਆਕਰਸ਼ਤ ਕਰਨ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਜਾਣਗੇ ਤਾਂ ਜੋ ਉਹ ਆਪਣੀ ਰਸਮੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿਚ ਵੀ ਭਾਗ ਲੈਣ ਸਕਣ।
ਉਨ੍ਹਾਂ ਦੱਸਿਆ ਕਿ ’ਖੇਡੋ ਇੰਡੀਆ’ ਪ੍ਰੋਗਰਾਮ ਤਹਿਤ ਪੂਰੇ ਭਾਰਤ ਵਿਚ ਜਨਵਰੀ 2019 ਵਿਚ ਸਕੂਲ ਅਤੇ ਯੂਨੀਵਰਸਿਟੀ ਪੱਧਰ ਦੇ ਖੇਡ ਮੇਲੇ ਹੋਣਗੇ।ਉਨ੍ਹਾਂ ਨੂੰ ਉਚ ਪੱਧਰ ਦੇ ਕੋਚ, ਸਪੋਰਟਸ ਸਕੂਲ ਵਿਚ ਉਪਲੱਬਧ ਕਰਵਾਉਣ ਤੋਂ ਇਲਾਵਾ ਪ੍ਰਤੀ ਬੱਚੇ ਨੂੰ ਪੰਜ ਲੱਖ ਰੁਪਏ ਪ੍ਰਤੀ ਖਿਡਾਰੀ ਵਜੀਫਾ ਦਿੱਤਾ ਜਾਵੇਗਾ।
    ਪ੍ਰੋ. ਸੰਧੂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਰਸਮੀ ਪੜ੍ਹਾਈ ਦੇ ਨਾਲ ਨਾਲ ਖੇਡ ਗਤੀਵਿਧੀਆਂ ਵਿਚ ਵਿਸ਼ੇਸ਼ ਰੁਚੀ ਲੈਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਸਰਕਾਰ ਸਪੋਰਟਸ ਕੋਟੇ ਨੂੰ ਘਟਾ ਸਕਦੀ ਹੈ, ਪਰ ਸਾਡੀ ਯੂਨੀਵਰਸਿਟੀ ਇਸ ਅਕਾਦਮਿਕ ਸਾਲ ਦੌਰਾਨ ਹੋਰ ਖੇਡ ਕੋਟਾ ਵਧਾਏਗੀ।ਉਨ੍ਹਾਂ ਕਿਹਾ ਕਿ ਪਿਛਲੇ ਸਾਲ 162 ਖਿਡਾਰੀਆਂ ਨੂੰ ਖਿਡਾਰੀ ਕੋਟੇ ਵਿਚ ਦਾਖਲਾ ਦਿਤਾ ਗਿਆ ਹੈ ਜਦੋਂਕਿ ਇਸ ਵਾਰ ਉਹ 336 ਖਿਡਾਰੀਆਂ ਨੂੰ ਦਾਖਲਾ ਦੇਣਗੇ।ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਯੂਨੀਵਰਸਿਟੀ ਕੈਂਪਸ ਵਿੱਚ ਸਵਿਮਿੰਗ ਪੂਲ, ਸੂਟਿੰਗ ਰੇਂਜ ਅਤੇ ਹੋਰ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਵਧੇਰੇ ਮਜਬੂਤ ਕਰਨ ਅਤੇ ਸਪੋਰਟਸ ਅਕੈਡਮੀ ਲਈ ਫੰਡ ਮੁਹਈਆ ਕੀਤੇ ਜਾਣ।ਉਨ੍ਹਾਂ ਨੇ ਭਟਨਾਗਰ ਦਾ ਯੂਨੀਵਰਸਿਟੀ ਵਿਖੇ ਐਮ.ਵਾਈ.ਏ.ਐਸ ਕੇਂਦਰ ਦੀ ਸਥਾਪਨਾ ਲਈ 25 ਕਰੋੜ ਦੀ ਗ੍ਰਾਂਟ ਲਈ ਵਿਸ਼ੇਸ਼ ਧੰਨਵਾਦ ਕੀਤਾ।ਭਟਨਾਗਰ ਵਲੋਂ ਯੂਨੀਵਰਸਿਟੀ ਦੇ ਐਮ.ਵਾਈ.ਏ.ਐਸ-ਗੁਰੂ ਨਾਨਕ ਦੇਵ ਯੂਨਵਿਰਸਿਟੀ ਡਿਪਾਰਟਮੈਂਟ ਆਫ ਸਪੋਰਟਸ ਸਾਇੰਸ ਐਂਡ ਮੈਡੀਸਨ ਦਾ ਦੌਰਾ ਵੀ ਕੀਤਾ।
ਇਸ ਮੌਕੇ ਲਗਭਗ 36 ਅੰਤਰਰਾਸ਼ਟਰੀ, 90 ਰਾਸ਼ਟਰੀ, 400 ਇੰਟਰਵਰਸਿਟੀ ਅਤੇ ਹੋਰ ਬਹੁਤ ਸਾਰੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ।
 

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply