ਛੀਨਾ ਨੇ ਪ੍ਰਿੰਸੀਪਲ ਡਾ. ਮਹਿਲ ਸਿੰਘ ਤੇ ਖੇਡ ਵਿਭਾਗ ਨੂੰ ਦਿੱਤੀ ਮੁਬਾਰਕਬਾਦ
ਅੰਮ੍ਰਿਤਸਰ, 12 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਇਤਿਹਾਸਕ ਖ਼ਾਲਸਾ ਕਾਲਜ ਨੇ 18 ਸਾਲਾਂ ਬਾਅਦ ਮੁੜ ਇਤਿਹਾਸ ਸਿਰਜਿਆ ਹੈ। ਕਾਲਜ
ਨੇ ਖੇਡਾਂ ਦੇ ਖੇਤਰ ’ਚ ਸਾਲ 2017-18 ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਲੜਕਿਆਂ ਦੀ ਓਵਰ-ਆਲ ਟਰਾਫ਼ੀ ’ਤੇ ਮੁੜ ਕਬਜ਼ਾ ਜਮਾ ਲਿਆ ਹੈ।ਓਵਰ-ਆਲ ਟਰਾਫ਼ੀ ’ਚ ਖ਼ਾਲਸਾ ਕਾਲਜ ਅੰਮ੍ਰਿਤਸਰ ਨੇ 29480 ਅੰਕ ਹਾਸਲ ਕਰਕੇ ਆਪਣੇ ਮੁਕਾਬਲੇ ਵਿਰੋਧੀ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਨੂੰ 8417 ਅੰਕਾਂ ਦੇ ਫ਼ਰਕ ਨਾਲ ਹਰਾ ਕੇ ਯੂਨੀਵਰਸਿਟੀ ਦੀ ਲੜਕਿਆਂ ਦੀ ਓਵਰ-ਆਲ ਚੈਂਪੀਅਨ ਟਰਾਫ਼ੀ ’ਤੇ ਫ਼ਤਿਹ ਹਾਸਲ ਕੀਤੀ।
ਇਸ ਮੌਕੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਉਕਤ ਉਪਲਬੱਧੀ ਮੁਬਾਰਕਬਾਦ ਦਿੰਦਿਆ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਦੇਖ-ਰੇਖ ’ਚ ਕਾਲਜ ਨਵੇਂ ਕੀਰਤੀਮਾਨ ਸਥਾਪਿਤ ਕਰ ਰਿਹਾ ਹੈ। ਉਨ੍ਹਾਂ ਇਸ ਮੌਕੇ ਖੇਡ ਵਿਭਾਗ ਦੇ ਮੁਖੀ ਤੇ ਸਮੂਹ ਸਟਾਫ਼ ਵੱਲੋਂ ਵਿਦਿਆਰਥੀਆਂ ਨੂੰ ਕਰਵਾਏ ਜਾਂਦੇ ਅਭਿਆਸ ਦੀ ਵੀ ਸ਼ਲਾਘਾ ਕੀਤੀ।
ਇਸ ਮੌਕੇ ਪ੍ਰਿੰਸਪਲ ਡਾ. ਮਹਿਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਾਲ ਕਾਲਜ ਦੇ 137 ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਪੱਧਰ ’ਤੇ ਮੱਲ੍ਹਾਂ ਮਾਰੀਆਂ ਹਨ। ਕਾਲਜ ਦੇ 13 ਖਿਡਾਰੀਆਂ ਨੇ ਅੰਤਰਰਾਸ਼ਟਰੀ ਪੱਧਰ ’ਤੇ 3 ਸੋਨੇ, 3 ਚਾਂਦੀ ਅਤੇ 3 ਕਾਂਸੀ ਦੇ ਤਮਗ਼ੇ ਹਾਸਲ ਕੀਤੇ। ਆਲ ਇੰਡੀਆ ਇੰਟਰ ਵਰਸਿਟੀ ਅਤੇ ਰਾਸ਼ਟਰੀ ਪੱਧਰ ’ਤੇ 61 ਸੋਨੇ ਦੇ, 62 ਚਾਂਦੀ ਦੇ ਅਤੇ 57 ਕਾਂਸੀ ਦੇ ਤਮਗ਼ੇ ਜਿੱਤੇ। ਇਸ ਤੋਂ ਇਲਾਵਾ ਕਾਲਜ ਨੇ ਸਾਲ 2016-17 ਲਈ ਸ਼ਹੀਦ ਭਗਤ ਸਿੰਘ ਚੈਂਪੀਅਨ ਟਰਾਫ਼ੀ ਲਈ 14343 ਅੰਕ ਹਾਸਲ ਕਰਕੇ ਆਪਣੇ ਵਿਰੋਧੀ ਕਾਲਜ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਨੂੰ 1715 ਅੰਕਾਂ ਦੇ ਫ਼ਰਕ ਨਾਲ ਹਰਾਇਆ।
ਉਨ੍ਹਾਂ ਕਿਹਾ ਕਿ ਬੀਤੇ ਦਿਨ ਇਹ ਟਰਾਫ਼ੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸ਼ਮੇਸ਼ ਆਡੋਟੋਰੀਅਮ ’ਚ ਕਰਵਾਏ ਗਏ ‘ਸਾਲਾਨਾ ਖੇਡ ਇਨਾਮ ਵੰਡ ਸਮਾਰੋਹ’ ’ਚ ਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਤੇ ਹੋਰ ਉੱਘੀਆਂ ਹਸਤੀਆਂ ਨੇ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਤੇ ਪ੍ਰੋ. ਦਲਜੀਤ ਸਿੰਘ ਨੂੰ ਪ੍ਰਦਾਨ ਕੀਤੀ।ਇਸ ਤੋਂ ਇਲਾਵਾ ਸਾਲ 2016-17 ਦੀ ਸ਼ਹੀਦ ਭਗਤ ਸਿੰਘ ਚੈਂਪੀਅਨ ਟਰਾਫ਼ੀ ਵੀ ਕਾਲਜ ਨੇ ਜਿੱਤ ਲਈ ਹੈ।
ਉਨ੍ਹਾਂ ਕਿਹਾ ਕਿ ’ਵਰਸਿਟੀ ਦੇ ਲੜਕਿਆਂ ਦੇ ਮੁਕਾਬਲਿਆਂ ’ਚ 36 ਟੀਮਾਂ ਨੇ ਹਿੱਸਾ ਲਿਆ ਅਤੇ ਜਿਸ ’ਚੋਂ 15 ਪਹਿਲੇ, 10 ਦੂਸਰੇ ਅਤੇ 12 ਤੀਸਰੇ ਸਥਾਨ ਪ੍ਰਾਪਤ ਕੀਤੇ। ਲੜਕੀਆਂ ਦੇ ਅੰਤਰ-ਕਾਲਜ ਮੁਕਾਬਲਿਆਂ ’ਚ 12 ਟੀਮਾਂ ਨੇ ਭਾਗ ਲਿਆਂ ਜਿਨ੍ਹਾਂ ’ਚੋਂ 5 ਟੀਮਾਂ ਪਹਿਲੇ, 4 ਟੀਮਾਂ ਦੂਸਰੇ ਅਤੇ 2 ਟੀਮਾਂ ਤੀਸਰੇ ਸਥਾਨ ’ਤੇ ਰਹੀਆਂ। ਉਪਰੋਕਤ ਸਮਾਰੋਹ ’ਚ ਇਸ ਤੋਂ ਇਲਾਵਾ ਕਾਲਜ ਦੇ 137 ਖਿਡਾਰੀਆਂ ਨੂੰ ਨਕਦ ਇਨਾਮ ਵੀ ਦਿੱਤੇ ਗਏ।
ਡਾ. ਮਹਿਲ ਸਿੰਘ ਨੇ ਕੌਂਸਲ ਦੇ ਪ੍ਰਧਾਨ ਸਤਿਆਜੀਤ ਸਿੰਘ ਮਜੀਠੀਆ ਅਤੇ ਆਨਰੇਰੀ ਸਕੱਤਰ ਸ. ਰਜਿੰਦਰ ਮੋਹਨ ਸਿੰਘ ਛੀਨਾ ਵੱਲੋਂ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਕਾਲਜ ਤੇ ਖੇਡ ਵਿਭਾਗ, ਮੁਖੀ ਅਤੇ ਸਮੁੱਚੇ ਖਿਡਾਰੀਆਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਤਹਿ ਦਿਲੋਂ ਮੁਬਾਰਕਬਾਦ ਵੀ ਦਿੱਤੀ।
ਇਸ ਮੌਕੇ ਖੇਡ ਵਿਭਾਗ ਦੇ ਮੁਖੀ ਡਾ. ਦਲਜੀਤ ਸਿੰਘ ਨੇ ਇਸ ਇਤਿਹਾਸਕ ਜਿੱਤ ਦਾ ਸਿਹਰਾ ਖਿਡਾਰੀਆਂ ਸਿਰ ਬੰਨਦਿਆਂ ਕਿਹਾ ਕਿ ਅਜਿਹੀ ਸਫਲਤਾ ਪਿੱਛੇ ਕੌਂਸਲ ਪ੍ਰਧਾਨ ਸਤਿਆਜੀਤ ਸਿੰਘ ਮਜੀਠੀਆ ਤੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਅਤੇ ਡਾ. ਮਹਿਲ ਸਿੰਘ ਦੀ ਦੂਰ-ਅੰਦੇਸ਼ੀ ਸੋਚ ਤੇ ਅਗਵਾਈ ਕਾਰਜਸ਼ੀਲ ਹੈ।
Check Also
ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ
ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …
Punjab Post Daily Online Newspaper & Print Media